ਚੰਡੀਗੜ੍ਹ, 13 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਆਮ ਆਦਮੀ ਕਲੀਨਿਕਾਂ ਦਾ ਡਿਜ਼ਾਈਨ ਬਦਲਦੇ ਹੀ ਪੰਜਾਬ ਨੂੰ ਇਕ ਵੱਡੀ ਰਾਹਤ ਮਿਲੀ ਹੈ। ਅਜਿਹਾ ਨਾ ਕਰਨ ਦੀ ਸੂਰਤ ’ਚ ਕੇਂਦਰ ਸਰਕਾਰ ਵਲੋਂ ਰੋਕੀ ਗਈ ਸਪੈਸ਼ਲ ਕੈਪੀਟਲ ਅਸਿਸਟੈਂਸ ਦੀ 1250 ਕਰੋੜ ਦੀ ਰਾਸ਼ੀ ਨੂੰ ਰਿਲੀਜ਼ ਕਰ ਦਿੱਤਾ ਹੈ। ਇਹ ਪੰਜਾਬ ਲਈ ਵੱਡੀ ਰਾਹਤ ਹੈ ਕਿਉਂਕਿ ਇਸ ਸਮੇਂ ਪੰਜਾਬ ਭਾਰੀ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ। ਪਿਛਲੇ ਸਾਲ ਇਕ ਵਿਸ਼ੇਸ਼ ਵਿੱਤੀ ਮਦਦ ਦੇ 1100 ਕਰੋੜ ’ਚੋਂ ਪੰਜਾਬ ਨੂੰ ਇਕ ਕੌਡੀ ਵੀ ਨਹੀਂ ਮਿਲੀ ਸੀ। ਨਾਲ ਹੀ ਮੁਹੱਲਾ ਕਲੀਨਿਕਾਂ ਦਾ ਡਿਜ਼ਾਈਨ ਬਦਲਣ ਦੇ ਕਾਰਨ ਨੈਸ਼ਨਲ ਹੈਲਥ ਮਿਸ਼ਨ ਦਾ 650 ਕਰੋੜ ਰੁਪਇਆ ਵੀ ਨਹੀਂ ਮਿਲਿਆ ਸੀ।
ਉੱਚ ਪੱਧਰੀ ਸੂਤਰਾਂ ਨੇ ਇਸ ਗੱਲ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਿਸ਼ੇਸ਼ ਕੈਪੀਟਲ ਅਸਿਸਟੈਂਸ ਦੇ ਰੂਪ ’ਚ ਪੰਜਾਬ ਨੂੰ 1650 ਕਰੋੜ ਰੁਪਏ ਦੇ ਇਸ ਸਾਲ ਦੇ ਬਜਟ ’ਚੋਂ 1250 ਕਰੋੜ ਰੁਪਏ ਮਿਲ ਗਏ ਹਨ ਜਦਕਿ ਚਾਰ ਸੌ ਕਰੋੜ ਅਜੇ ਬਕਾਇਆ ਹਨ, ਇਸ ਲਈ ਇਸ 1250 ਕਰੋੜ ਰੁਪਏ ਨੂੰ ਰਿਲੀਜ਼ ਕਰਵਾਉਣ ਨੂੰ ਹੀ ਸਰਕਾਰ ਇਕ ਵੱਡੀ ਉਪਲਬਧੀ ਮੰਨ ਰਹੀ ਹੈ।
ਯਾਦ ਰਹੇ ਕਿ ਆਮ ਆਦਮੀ ਕਲੀਨਿਕਾਂ ਦੇ ਫਰੰਟ ਦਾ ਡਿਜ਼ਾਈਨ ਸਰਕਾਰ ਨੇ ਬਦਲ ਦਿੱਤਾ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਪ੍ਰਮੁੱਖਤਾ ਨਾਲ ਲਗਾਉਣ ਲਈ ਪਿਛਲੇ ਸਾਲ ਹੀ ਕੇਂਦਰ ਸਰਕਾਰ ਨੇ ਖਾਸੀ ਨਾਰਾਜ਼ਗੀ ਪ੍ਰਗਟ ਕੀਤੀ ਤੇ ਇਸਨੂੰ ਬਦਲਣ ਲਈ ਕਿਹਾ। ਪੰਜਾਬ ਸਰਕਾਰ ਨੇ ਵੀ ਇਸ ਤਰ੍ਹਾਂ ਕਰਨ ਲਈ ਇਹ ਕਹਿੰਦੇ ਹੋਏ ਮਨ੍ਹਾ ਕਰ ਦਿੱਤਾ ਕਿ ਸਰਕਾਰ ਆਪਣੇ ਫੰਡ ਤੋਂ ਇਨ੍ਹਾਂ ਮੁਹੱਲਾ ਕਲੀਨਿਕਾਂ ਨੂੰ ਚਲਾ ਲਵੇਗੀ। ਕੇਂਦਰ ਸਰਕਾਰ ਨੇ ਹੋਰ ਦਬਾਅ ਬਣਾਉਂਦੇ ਹੋਏ ਜਿੱਥੇ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਉੱਥੇ 1100 ਕਰੋੜ ਰੁਪਏ ਦੇ ਵਿਸ਼ੇਸ਼ ਕੈਪੀਟਲ ਅਸਿਸਟੈਂਸ ਨੂੰ ਵੀ ਰੋਕ ਲਿਆ। ਇਹ ਰਕਮ ਵੱਖ ਵੱਖ ਵਿਭਾਗਾਂ ’ਚ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਕੇਂਦਰ ਸਰਕਾਰ ਵਿੱਤੀ ਮਦਦ ਦੇ ਰੂਪ ’ਚ ਦਿੰਦੀ ਹੈ। ਇਸ ਪੈਸੇ ਨਾਲ ਵੱਖ ਵੱਖ ਵਿਭਾਗਾਂ ’ਚ ਇਮਾਰਤਾਂ, ਮਸ਼ੀਨਰੀ, ਮੰਡੀਆਂ ’ਚ ਕੋਲਡ ਸਟੋਰ ਆਦਿ ਬਣਾਉਣ ’ਤੇ ਖਰਚ ਕਰ ਸਕਦੀ ਹੈ।
ਪੰਜਾਬ ਦੇ ਉੱਚ ਪੱਧਰੀ ਅਧਿਕਾਰੀ ਨੇ ਕਿਹਾ ਕਿ ਇਸ ਰਾਸ਼ੀ ਦੇ ਰਿਲੀਜ਼ ਹੋਣ ਨਾਲ ਵੱਖ ਵੱਖ ਵਿਭਾਗਾਂ ’ਚ ਰੁਕੇ ਪ੍ਰੋਜੈਕਟਾਂ ਨੂੰ ਚਲਾਉਣ ’ਚ ਤੇਜ਼ੀ ਆ ਸਕੇਗੀ। ਉਨ੍ਹਾਂ ਕਿਹਾ ਕਿ ਹੁਣ ਸਿਰਫ਼ ਦਿਹਾਤੀ ਵਿਕਾਸ ਫੰਡ ਨੂੰ ਛੱਡ ਕੇ ਬਾਕੀ ਵਿਭਾਗਾਂ ਦੀ ਰੁਕੀ ਹੋਈ ਰਕਮ ਪੰਜਾਬ ਨੂੰ ਮਿਲਣੀ ਸ਼ੁਰੂ ਹੋ ਗਈ ਹੈ। ਇਕ ਸਮੇਂ ਕੇਂਦਰ ਸਰਕਾਰ ਵਲੋਂ ਦਸ ਹਜ਼ਾਰ ਕਰੋੜ ਤੋਂ ਜ਼ਿਆਦਾ ਦੀ ਰਾਸ਼ੀ ਪੈਂਡਿੰਗ ਹੋ ਗਈ ਸੀ। ਪਿਛਲੇ ਮਹੀਨੇ ਹੀ ਪੰਜਾਬ ਨੂੰ ਨੈਸ਼ਨਲ ਹੈਲਥ ਮਿਸ਼ਨ ਦੇ ਤਹਿਤ 164 ਤੇ 172 ਕਰੋੜ ਰੁਪਏ ਦੀਆਂ ਦੋ ਅਲੱਗ ਅਲੱਗ ਕਿਸ਼ਤਾਂ ਮਿਲੀਆਂ ਹਨ। ਉੱਥੇ, ਉਸ ਤੋਂ ਪਹਿਲਾਂ ਸਮੁੱਚਾ ਸਿੱਖਿਆ ਅਭਿਆਨ ਦੀ ਵੀ 312 ਕਰੋੜ ਦੀਆਂ ਦੋ ਤਿਮਾਹੀ ਕਿਸ਼ਤਾਂ ਕੇਂਦਰ ਸਰਕਾਰ ਨੇ ਰਿਲੀਜ਼ ਕਰ ਦਿੱਤੀਆਂ ਸਨ। ਨਾਲ ਹੀ ਪੀਐੱਮ ਸ੍ਰੀ ਪ੍ਰੋਜੈਕਟ ਨੂੰ ਲਾਗੂ ਕਰਨ ’ਤੇ ਸਹਿਮਤੀ ਦੇਣ ਲਈ ਸੂਬਾ ਸਰਕਾਰ ਨੂੰ 274 ਕਰੋੜ ਰੁਪਏ ਮਿਲਣ ਦਾ ਰਸਤਾ ਵੀ ਸਾਫ਼ ਹੋ ਗਿਆ ਹੈ। ਪੰਜਾਬ ਨੇ ਅਜਿਹੇ 233 ਸਕੂਲਾਂ ਦੀ ਪੱਛਾਣ ਕਰ ਕੇ ਕੇਂਦਰ ਸਰਕਾਰ ਨੂੰ ਭੇਜ ਦਿੱਤੀ ਹੈ।
ਸੰਖੇਪ
ਪੰਜਾਬ ਸਰਕਾਰ ਨੂੰ ਆਮ ਆਦਮੀ ਕਲੀਨਿਕਾਂ ਦੇ ਚਿਹਰੇ ਵਿੱਚ ਸੁਧਾਰ ਕਰਨ ਤੇ 1250 ਕਰੋੜ ਦੀ ਕੈਪੀਟਲ ਅਸਿਸਟੈਂਸ ਮਿਲੀ ਹੈ, ਜੋ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰੇਗੀ।