ਚੰਡੀਗੜ੍ਹ, 4 ਦਸੰਬਰ 2024 (ਪੰਜਾਬੀ ਖਬਰਨਾਮਾ ਬਿਊਰੋ ) ਹੋਬੀ ਧਾਲੀਵਾਲ ਪੰਜਾਬੀ ਇੰਡਸਟਰੀ ਦਾ ਵੱਡਾ ਨਾਂ ਹਨ। ਉਨ੍ਹਾਂ ਨੇ ਆਪਣੀ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ ਵਿੱਚ ਇੱਕ ਵੱਖ ਪਛਾਣ ਬਣਾਈ ਹੈ। ਇਸ ਸਮੇਂ ਅਦਾਕਾਰ ਸੁਰਖੀਆਂ ਵਿੱਚ ਬਣੇ ਹੋਏ ਹਨ। ਹੋਬੀ ਗਾਇਕ ਹੋਣ ਦੇ ਨਾਲ-ਉਨ੍ਹਾਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੂੰ ਸਟੈਜ ਐਂਕਰ ਖਰੀਆਂ-ਖਰੀਆਂ ਸੁਣਾ ਰਹੀ ਹੈ।
ਸਟੇਜ ਐਂਕਰ ਨੇ ਅਦਾਕਾਰ ‘ਤੇ ਲਾਏ ਦੋਸ਼
ਦਰਅਸਲ ਹਰ ਸਾਲ ਵੱਖ-ਵੱਖ ਪਿੰਡਾਂ ਦੇ ਵਿੱਚ ਕਬੱਡੀ ਟੂਰਨਾਮੈਂਟ ਹੁੰਦੇ ਹਨ। ਇਸੀ ਵਿਚਾਲੇ ਅੰਮ੍ਰਿਤਸਰ ਦੇ ਉਮਰਾ ਨੰਗਲ ਦੇ ਵਿਚ ਕਬੱਡੀ ਟੂਰਨਾਮੈਂਟ ਹੋਇਆ ਜਿੱਥੇ ਗਾਇਕ ਹਰਜੀਤ ਹਰਮਨ ਅਤੇ ਅਦਾਕਾਰ ਹੌਬੀ ਧਾਲੀਵਾਲ ਨੂੰ ਗੈਸਟ ਵਜੋਂ ਬੁਲਾਇਆ ਗਿਆ। ਟੂਰਨਾਮੈਂਟ ਦੇ ਦੌਰਾਨ ਸਟੇਜ ਐਂਕਰ ਨੇ ਚੱਲਦੇ ਪ੍ਰੋਗਰਾਮ ‘ਤੇ ਹੌਬੀ ਧਾਲੀਵਾਲ ‘ਤੇ ਇਲਜ਼ਾਮ ਲਾਇਆ। ਐਂਕਰ ਨੇ ਕਿਹਾ ਕਿ ‘ਮੈਂ ਹਰ ਸਾਲ ਇਸ ਪ੍ਰੋਗਰਾਮ ‘ਤੇ ਆਉਂਦੀ ਹਾਂ ਅਤੇ ਸਾਰੇ ਮੈਨੂੰ ਬਹੁਤ ਮਾਣ ਅਤੇ ਇੱਜ਼ਤ ਦਿੰਦੇ ਹਨ। ਮੈਂ ਅੱਗੋਂ ਤੋਂ ਇਸ ਮੇਲੇ ਦਾ ਹਿੱਸਾ ਨਹੀਂ ਬਣਾਂਗੀ ਅਤੇ ਇਸ ਦਾ ਕਾਰਨ ਅਦਾਕਾਰ ਹੌਬੀ ਧਾਲੀਵਾਲ ਹੈ।’
ਐਂਕਰ ਨੇ ਅਦਾਕਾਰ ‘ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ‘ਉਹ ਮੇਰੇ ਕੰਮ ਦੇ ਵਿੱਚ ਨੁਕਸ ਕੱਢ ਰਹੇ ਹਨ। ਉਨ੍ਹਾਂ ਨੂੰ ਇੰਨਾ ਨਹੀਂ ਪਤਾ ਕਿ ਕੁੜੀ ਨੂੰ ਇੱਜ਼ਤ ਕਿਵੇਂ ਦੇਣੀ ਹੈ।’ ਇਸ ਦੇ ਨਾਲ ਸਟੇਜ ਐਂਕਰ ਨੇ ਕਿਹਾ ਕਿ ‘ਤੁਸੀਂ ਲੱਖ ਫ਼ਿਲਮਾਂ ਕਰ ਲਓ ਪਰ ਜੇ ਤੁਸੀਂ ਇਕ ਕੁੜੀ, ਇਕ ਧੀ, ਇਕ ਭੈਣ ਨੂੰ ਇੱਜ਼ਤ ਨਹੀਂ ਦੇ ਸਕਦੇ ਤਾਂ ਤੁਸੀਂ ਅਦਾਕਾਰ ਕਹਾਉਣ ਦੇ ਲਾਇਕ ਨਹੀਂ।’
ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਹੋਬੀ ਧਾਲੀਵਾਲ ਨੂੰ ਕਾਫੀ ਟ੍ਰੋਲ ਕੀਤਾ ਜਾ ਰਿਹਾ ਹੈ।