- ਪੁਰਾਤਨ ਵਸਤਾਂ ਦੇਖਣ ਲਈ ਲੋਕਾਂ ‘ਚ ਭਾਰੀ ਉਤਸ਼ਾਹ
- ਅਮੀਰ ਵਿਰਾਸਤ ਤੋਂ ਨੌਜਵਾਨ ਪੀੜ੍ਹੀ ਨੂੰ ਜਾਣੂ ਕਰਵਾਉਣ ਲਈ ਸਹਾਈ ਹੋ ਰਹੀ ਹੈ ਪ੍ਰਦਰਸ਼ਨੀ : ਡਿਪਟੀ ਕਮਿਸ਼ਨਰ
ਪਟਿਆਲਾ, 2 ਫਰਵਰੀ (ਪੰਜਾਬੀ ਖ਼ਬਰਨਾਮਾ)
ਖਾਲਸਾ ਕਾਲਜ ਵਿਖੇ ਚੱਲ ਰਹੇ ਪਟਿਆਲਾ ਹੈਰੀਟੇਜ ਤੇ ਮਿਲਟਰੀ ਲਿਟਰੇਚਰ ਫੈਸਟੀਵਲ ‘ਚ ਜਿਥੇ ਪਟਿਆਲਵੀਆਂ ਨੂੰ ਭਾਰਤੀ ਫੌਜ ਦੇ ਗੌਰਵਮਈ ਇਤਿਹਾਸ ਨੂੰ ਨੇੜੇ ਤੋਂ ਜਾਨਣ ਦਾ ਮੌਕਾ ਮਿਲ ਰਿਹਾ ਹੈ, ਉਥੇ ਹੀ ਲੱਗੀ ਪ੍ਰਦਰਸ਼ਨੀ ‘ਚ ਆਰਮਡ ਰੈਜੀਮੈਂਟ ਕਵਰ, ਪਰਮਵੀਰ ਚੱਕਰ, ਪਟਿਆਲਾ ਹੈਰੀਟੇਜ, ਨਾਭਾ, ਪਟਿਆਲਾ, ਕੈਥਲ, ਜੀਂਦ ਤੇ ਮਲੇਰਕੋਟਲਾ ਰਿਆਸਤਾਂ ਦੇ ਸਿੱਕੇ, ਬ੍ਰਿਟਿਸ਼ ਸਮੇਂ ਦੀਆਂ ਡਾਕ ਟਿਕਟਾਂ, ਨਾਨਕਸ਼ਾਹੀ ਸਿੱਕੇ, ਹੱਥ ਲਿਖਤ ਸ੍ਰੀ ਭਗਵਤ ਗੀਤਾ, ਰਮਾਇਣ ਅਤੇ 400 ਸਾਲ ਪੁਰਾਣੀ ਹੱਥ ਲਿਖਤ ਕੁਰਾਨ ਸਮੇਤ ਰਿਆਸਤੀ ਸਮੇਂ ਦੇ ਹਥਿਆਰਾਂ ਨੂੰ ਜਿਥੇ ਆਮ ਲੋਕਾਂ ਵੱਲੋਂ ਬੜੇ ਧਿਆਨ ਨਾਲ ਵਾਚਿਆਂ ਗਿਆ ਉਥੇ ਹੀ ਇਸ ਮੌਕੇ ਏ.ਐਸ. ਚਾਹਲ, ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਨਰਿੰਦਰਪਾਲ ਸਿੰਘ ਅਤੇ ਯੰਗ ਹਿਸਟੋਰੀਅਨ ਸਿਮਰ ਸਿੰਘ ਵੱਲੋਂ ਇਨ੍ਹਾਂ ਵਸਤਾਂ ਦੇ ਇਤਿਹਾਸ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਗਿਆ।
ਪ੍ਰਦਰਸ਼ਨੀ ਦਾ ਦੌਰਾ ਕਰਨ ਉਪਰੰਤ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੈ ਨੇ ਕਿਹਾ ਕਿ ਇਥੇ ਪਟਿਆਲਾ ਵਾਸੀਆਂ ਨੂੰ ਨਾ ਕੇਵਲ ਫੌਜ ਸਗੋਂ ਭਾਰਤ ਦੇ ਗੌਰਵਮਈ ਇਤਿਹਾਸ ਨੂੰ ਜਾਨਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੁਰਾਤਨ ਸਿੱਕੇ, ਡਾਕ ਟਿਕਟਾਂ, ਧਰਮ ਗ੍ਰੰਥ ਸਾਨੂੰ ਸਾਡੀ ਅਮੀਰ ਵਿਰਾਸਤ ਤੋਂ ਜਾਣੂ ਕਰਵਾਉਂਦੇ ਹਨ ਤੇ ਵਿਦਿਆਰਥੀਆਂ ਨੂੰ ਅਜਿਹੀਆਂ ਪ੍ਰਦਰਸ਼ਨੀਆਂ ਵਿਚੋਂ ਕਾਫ਼ੀ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ।
ਇਸ ਮੌਕੇ ਪ੍ਰਦਰਸ਼ਨੀ ਦੇਖਣ ਆਏ ਵਿਦਿਆਰਥੀਆਂ ਨੇ ਕਿਹਾ ਕਿ ਅਜਿਹੀਆਂ ਪੁਰਾਤਨ ਵਸਤਾਂ ਸਾਨੂੰ ਸਾਡੀ ਅਮੀਰ ਵਿਰਾਸਤ ਅਤੇ ਸਭਿਆਚਾਰ ਤੋਂ ਜਾਣੂ ਕਰਵਾਉਂਦੀਆਂ ਅਤੇ ਸਾਡੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਦਾ ਕੰਮ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਪ੍ਰਦਰਸ਼ਨੀ ਵਿੱਚ ਆਕੇ ਫੂਲਕੀਆਂ ਅਸਟੇਟ ਨਾਲ ਸਬੰਧਤ ਇਤਿਹਾਸ ਨੂੰ ਜਾਣਨ ਵਿਚ ਮਦਦ ਮਿਲੀ ਹੈ।
ਇਸ ਮੌਕੇ ਏ.ਐਸ. ਚਾਹਲ ਤੇ ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ 3 ਫਰਵਰੀ ਤੱਕ ਲਗਾਈ ਜਾਵੇਗੀ। ਅਕਾਲ ਸਹਾਇ ਅਜਾਇਬ ਘਰ ਦੇ ਚੇਅਰਮੈਨ ਸ. ਨਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਪ੍ਰਦਰਸ਼ਨੀ ਵਿਚ ਪੰਜਾਬ ਦੀ ਵਿਰਾਸਤ ਨਾਲ ਸਬੰਧਤ ਵਸਤੂ ਨੂੰ ਪ੍ਰਦਰਸ਼ਿਤ ਕੀਤਾ ਗਿਆ ਹੈ।
ਇਸ ਮੌਕੇ ਏ.ਡੀ.ਸੀ. ਅਨੁਪ੍ਰਿਤਾ ਜੌਹਲ, ਐਸ.ਡੀ.ਐਮ. ਸਮਾਣਾ ਚਰਨਜੀਤ ਸਿੰਘ, ਤਹਿਸੀਲਦਾਰ ਲਾਰਸਨ ਸਿੰਗਲਾ ਵੀ ਮੌਜੂਦ ਸਨ।