- ਵੱਖ-ਵੱਖ ਜ਼ਿਲਿ੍ਹਆਂ ਤੋਂ 138 ਪ੍ਰੋਜੈਕਟ ਕੀਤੇ ਗਏ ਪੇਸ਼, ਰਾਸ਼ਟਰੀ ਪੱਧਰ ’ਤੇ ਭੇਜੇ ਜਾਣਗੇ ਚੁਣੇ ਗਏ 16 ਪ੍ਰੋਜੈਕਟ : ਡਾ. ਕੇ.ਐਸ. ਬਾਠ
ਹੁਸ਼ਿਆਰਪੁਰ, 1 ਫਰਵਰੀ (ਪੰਜਾਬੀ ਖ਼ਬਰਨਾਮਾ)
31ਵੀਂ ਸੂਬਾ ਪੱਧਰੀ ਚਿਲਡਰਨ ਸਾਇੰਸ ਕਾਂਗਰਸ ਅੱਜ ਰਿਆਤ ਬਾਹਰਾ ਗਰੁੱਪ ਆਫ ਇੰਸਟੀਚਿਊਟ ਹੁਸ਼ਿਆਰਪੁਰ ਵਿਖੇ ਸ਼ੁਰੂ ਹੋ ਗਈ ਹੈ। ਇਸ ਮੌਕੇ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਸੰਯੁਕਤ ਡਾਇਰੈਕਟਰ ਡਾ. ਕੇ.ਐਸ ਬਾਠ ਨੇ ਦੱਸਿਆ ਕਿ ਸਾਇੰਸ ਐਂਡ ਟੈਕਨਾਲੋਜੀ ਵਿਭਾਗ ਵੱਲੋਂ ਚਿਲਡਰਨ ਸਾਇੰਸ ਕਾਂਗਰਸ 1993 ਤੋਂ ਹਰ ਸਾਲ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ 10 ਤੋਂ 17 ਸਾਲ ਤੱਕ ਦੀ ਉਮਰ ਦੇ ਵਿਦਿਆਰਥੀ ਛੋਟੇ ਖੋਜ ਪ੍ਰੋਜੈਕਟ ਬਣਾ ਕੇ ਜ਼ਿਲ੍ਹਾ ਅਤੇ ਸੂਬਾ ਪੱਧਰ ’ਤੇ ਪੇਸ਼ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ‘ਅੰਡਰਸਟੈਂਡਿੰਗ ਈਕੋਸਿਸਟਮ ਫਾਰ ਹੈਲਥ ਐਂਡ ਵੈਲ ਬੀਇੰਗ’ ਥੀਮ ’ਤੇ ਸੂਬੇ ਦੇ 23 ਜ਼ਿਲਿ੍ਹਆਂ ਦੇ ਭਾਗੀਦਾਰਾਂ ਵੱਲੋਂ 1200 ਤੋਂ ਵੱਧ ਪ੍ਰੋਜੈਕਟ ਤਿਆਰ ਕੀਤੇ ਗਏ ਹਨ, ਜਿਨ੍ਹਾਂ ਵਿਚੋਂ 138 ਪ੍ਰੋਜੈਕਟ ਸੂਬਾ ਪੱਧਰ ’ਤੇ ਪੇਸ਼ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ ਤੋਂ 16 ਪ੍ਰੋਜੈਕਟਾਂ ਦੀ ਚੋਣ ਕਰਕੇ ਰਾਸ਼ਟਰੀ ਪੱਧਰ ’ਤੇ ਹੋਣ ਵਾਲੇ ਈਵੈਂਟ ਵਿਚ ਭਾਗ ਲੈਣ ਲਈ ਭੇਜੇ ਜਾਣਗੇ।
ਇਸ ਮੌਕੇ ਅੱਜ ਸਵੇਰੇ ਵੱਖ-ਵੱਖ ਜ਼ਿਲਿ੍ਹਆਂ ਤੋਂ ਆਉਣ ਵਾਲੇ ਭਾਗੀਦਾਰਾਂ ਦੀ ਜੂਨੀਅਰ ਅਤੇ ਸੀਨੀਅਰਜ਼ ਵਰਗ ਵਿਚ ਰਜਿਸਟ੍ਰੇਸ਼ਨ ਕੀਤੀ ਗਈ। ਡਾ. ਬਾਠ ਨੇ ਕਿਹਾÇ ਕ ਅੱਜ ਦਾ ਵਿਦਿਆਰਥੀ ਹਰੇਕ ਚੀਜ਼ ਨੂੰ ਵਿਗਿਆਨ ਦੀ ਕਸੌਟੀ ਵਿਚ ਪਰਖਣਾ ਚਾਹੁੰਦਾ ਹੈ, ਕਿਉਂਕਿ ਵਿਗਿਆਨ ਦੇ ਯੁੱਗ ਵਿਚ ਉਹ ਕਿਸੇ ਵਹਿਮ ਵਿਚ ਨਹੀਂ ਰਹਿਣਾ ਚਾਹੁੰਦਾ। ਉਨ੍ਹਾਂ ਦੱਸਿਆ ਕਿ ਬੱਚਿਆਂ ਵਿਚ ਵਿਗਿਆਨ ਪ੍ਰਤੀ ਸੋਚ ਨੂੰ ਹੋਰ ਵਧਾਉਣ ਲਈ ਇਸ ਤਰ੍ਹਾਂ ਦੀ ਚਿਲਡਰਨ ਸਾਇੰਸ ਕਾਂਗਰਸ ਆਯੋਜਿਤ ਕੀਤੀ ਗਈ ਹੈ, ਜੋ ਕਿ ਜ਼ਿਲ੍ਹਾ ਪੱਧਰ ਤੋਂ ਲੈ ਕੇ ਰਾਸ਼ਟਰੀ ਪੱਧਰ ਤੱਕ ਆਯੋਜਿਤ ਕੀਤੀ ਜਾਂਦੀ ਹੈ, ਜਿਸ ਵਿੱਚ ਦੇਸ਼ ਦੇ ਹਜ਼ਾਰਾਂ ਵਿਦਿਆਰਥੀ ਆਪਣੇ ਹੁਨਰ ਦਾ ਮੁਜ਼ਾਹਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਨਵੀਆਂ-ਨਵੀਆਂ ਕਾਢਾਂ ਤਾਂ ਹੀ ਸੰਭਵ ਹੁੰਦੀਆਂ ਹਨ, ਕਿਉਂਕਿ ਵਿਦਿਆਰਥੀਆਂ ਨੇ ਵਿਗਿਆਨ ਦੇ ਖੇਤਰ ਵਿਚ ਅੱਗੇ ਆ ਕੇ ਕਈ ਅਸੰਭਵ ਕੰਮਾਂ ਨੂੰ ਸੰਭਵ ਕਰਕੇ ਦਿਖਾਇਆ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਸਰਕਾਰੀ ਅਤੇ ਗੈਰ-ਸਰਕਾਰੀ ਸਕੂਲਾਂ ਵਿਚ ਬੱਚਿਆਂ ਦੀ ਸਾਇੰਸ ਵਿਸ਼ੇ ਵਿਚ ਰੁਚੀ ਲਗਾਤਾਰ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਸਕੂਲਾਂ ਵਿਚ ਜਿਥੇ ਕੇਵਲ ਆਰਟਸ ਪੜ੍ਹਾਇਆ ਜਾਂਦਾ ਸੀ, ਉਥੇ ਹੁਣ ਵਿਗਿਆਨ ਵੀ ਪੜ੍ਹਾਇਆ ਜਾਣ ਲੱਗਾ ਹੈ। ਇਸ ਮੌਕੇ ਕੌਂਸਲ ਦੀ ਪ੍ਰੋਜੈਕਟ ਸਾਇੰਟਿਸਟ ਮੰਦਾਕਨੀ ਠਾਕੁਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਧੀਰਜ ਵਸ਼ਿਸ਼ਟ, ਜ਼ਿਲ੍ਹਾ ਕੁਆਰਡੀਨੇਟਰ ਅਸ਼ੋਕ ਕਾਲੀਆ, ਕੈਂਪਸ ਡਾਇਰੈਕਟਰ ਡਾ. ਚੰਦਰ ਮੋਹਨ, ਡਾ. ਜਿਯੋਤਸਨਾ, ਰਜਿੰਦਜ ਮੈਂਡੀ, ਡਾ. ਗੌਰਵ ਪਰਾਸ਼ਰ, ਲੈਕਚਰਾਰ ਸੰਦੀਪ ਸੂਦ, ਰਾਜੀਵ ਕੁਮਾਰ, ਨੀਰਜ ਕੰਵਰ ਆਦਿ ਵੀ ਹਾਜ਼ਰ ਸਨ।