ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੀ ਹੱਦ ’ਤੇ ਸਥਿਤ ਸ਼ੰਭੂ ਬਾਰਡਰ ਖੁੱਲ੍ਹਵਾਉਣ ਲਈ ਸੁਪਰੀਮ ਕੋਰਟ ਵੱਲੋਂ ਗਠਿਤ ਕਮੇਟੀ ਤੇ ਕਿਸਾਨ ਆਗੂਆਂ ਵਿਚਾਲੇ ਸੋਮਵਾਰ ਨੂੰ ਹੋਈ ਮੀਟਿੰਗ ਬੇਨਤੀਜਾਤ ਰਹੀ। ਕਿਸਾਨ ਨੇਤਾ ਦਿੱਲੀ ਕੂਚ ’ਤੇ ਡਟੇ ਰਹੇ, ਜਿਸ ਕਾਰਨ ਹਾਲੇ ਸ਼ੰਭੂ ਬਾਰਡਰ ਖੋਲ੍ਹੇ ਜਾਣ ਦੇ ਕੋਈ ਆਸਾਰ ਨਹੀਂ ਹਨ। ਦੁਪਹਿਰ ਬਾਅਦ ਚੱਲੀ ਲੰਬੀ ਮੀਟਿੰਗ ਵਿਚ ਸੁਪਰੀਮ ਕੋਰਟ ਦੀ ਕਮੇਟੀ ਦੇ ਸਾਰੇ ਮੈਂਬਰ ਸ਼ਾਮਲ ਹੋਏ ਪਰ ਕਿਸਾਨਾਂ ਦੇ ਧਰਨੇ ਦੀ ਅਗਵਾਈ ਕਰਨ ਵਾਲੇ ਕਿਸਾਨ ਨੇਤਾ ਸਰਵਣ ਸਿੰਘ ਪੰਧੇਰ ਤੇ ਜਗਜੀਤ ਸਿੰਘ ਡੱਲੇਵਾਲ ਨਹੀਂ ਆਏ। ਜਿਹੜੇ 12 ਕਿਸਾਨ ਨੇਤਾ ਮੀਟਿੰਗ ਵਿਚ ਸ਼ਾਮਲ ਹੋਏ, ਉਹ ਅੰਦੋਲਨ ਦੇ ਪ੍ਰਮੁੱਖ ਚਿਹਰੇ ਨਹੀਂ ਸਨ। ਕਿਸਾਨ ਆਗੂਆਂ ਨੇ ਕਿਹਾ ਕਿ ਸੁਪਰੀਮ ਕੋਰਟ ਦੀ ਕਮੇਟੀ ਨੇ ਉਨ੍ਹਾਂ ਦੀ ਗੱਲ ਸੁਣੀ ਹੈ ਅਤੇ ਉਮੀਦ ਹੈ ਕੋਈ ਹੱਲ ਕੱਢਿਆ ਜਾਵੇਗਾ। ਛੇਤੀ ਐੱਸਕੇਐੱਮ ਦੀ ਮੀਟਿੰਗ ਬੁਲਾ ਕੇ ਅੱਗੋਂ ਦੀ ਰਣਨੀਤੀ ਤੈਅ ਕੀਤੀ ਜਾਵੇਗੀ।
ਹਰਿਆਣਾ ਨਿਵਾਸ ਵਿਚ ਸੋਮਵਾਰ ਨੂੰ ਕਈ ਘੰਟੇ ਚੱਲੀ ਮੀਟਿੰਗ ਤੋਂ ਕੁਝ ਘੰਟੇ ਪਹਿਲਾਂ ਸੰਯੁਕਤ ਕਿਸਾਨ ਮੋਰਚਾ (ਗ਼ੈਰ ਸਿਆਸੀ) ਦੇ ਨੇਤਾ ਸਰਵਣ ਸਿੰਘ ਪੰਧੇਰ ਨੇ ਕਮੇਟੀ ਦੀ ਸੱਦਾ ਠੁਕਰਾ ਦਿੱਤਾ ਸੀ। ਉਨ੍ਹਾਂ ਦਲੀਲ ਦਿੱਤੀ ਕਿ ਰਸਤਾ ਕਿਸਾਨਾਂ ਨੇ ਨਹੀਂ ਬਲਕਿ ਹਰਿਆਣਾ ਸਰਕਾਰ ਨੇ ਰੋਕਿਆ ਹੋਇਆ ਹੈ, ਇਸ ਲਈ ਵਾਰਤਾ ਦਾ ਕੋਈ ਮਤਲਬ ਨਹੀਂ ਹੈ। ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਨੇ ਸਿਹਤ ਠੀਕ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਆਪਣੇ ਨੁਮਾਇੰਦਿਆਂ ਨੂੰ ਮੀਟਿੰਗ ਵਿਚ ਭੇਜਿਆ। ਕਿਸਾਨਾਂ ਨੇ ਆਪਣੀਆਂ 12 ਮੰਗਾਂ ਕਮੇਟੀ ਸਾਹਮਣੇ ਰੱਖੀਆਂ। ਕਿਸਾਨਾਂ ਨੇ ਸਾਫ਼ ਕਿਹਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਡੱਲੇਵਾਲ ਨੇ ਕਿਹਾ ਕਿ ਆਉਣ ਵਾਲੇ ਲੋਕ ਸਭਾ ਸੈਸ਼ਨ ਦੌਰਾਨ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਵਿਚ ਕਿਸਾਨ ਨੇਤਾ ਇਸ ਗੱਲ ’ਤੇ ਵੀ ਸਹਿਮਤ ਨਹੀਂ ਹੋਏ ਕਿ ਜੇਕਰ ਸ਼ੰਭੂ ਬਾਰਡਰ ਖੋਲ੍ਹਿਆ ਜਾਂਦਾ ਹੈ ਕਿ ਉਹ ਟਰੈਕਟਰਾਂ ਤੇ ਜੇਸੀਬੀ ਨਾਲ ਦਿੱਲੀ ਕੂਚ ਨਹੀਂ ਕਰਨਗੇ। ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐੱਮਐੱਸਪੀ) ਦੀ ਗਰੰਟੀ ਨੂੰ ਲੈ ਕੇ ਪੰਜਾਬ ਦੇ ਕਿਸਾਨ ਫਰਵਰੀ ਤੋਂ ਸ਼ੰਭੂ ਬਾਰਡਰ ’ਤੇ ਡਟੇ ਹੋਏ ਹਨ।