17 ਅਕਤੂਬਰ 2024 : ਜ਼ਿਲ੍ਹੇ ਵਿੱਚ ਤਰਨ ਤਾਰਨ ਸ਼ਹਿਰ ਦੇ ਨੇੜੇ ਦਾ ਪਿੰਡ ਜੋਧਪੁਰ ਇਕੋ ਇਕ ਪਿੰਡ ਹੈ, ਜਿੱਥੋਂ ਸਰਪੰਚ ਦੀ ਚੋਣ ਵਿੱਚ ‘ਨੋਟਾ’ ਜੇਤੂ ਰਿਹਾ ਹੈ| ਇਸ ਪਿੰਡ ਦੇ ਸਰਪੰਚ ਦੇ ਅਹੁਦੇ ਲਈ ਆਮ ਆਦਮੀ ਪਾਰਟੀ ਦੀ ਆਗੂ ਬਲਵਿੰਦਰ ਕੌਰ ਦਾ ਮੁਕਾਬਲਾ ਵਿਰੋਧੀ ਧਿਰ ਦੀ ਉਮੀਦਵਾਰ ਰਾਣੀ ਨਾਲ ਸੀ| ਵੋਟਾਂ ਦੌਰਾਨ ਬਲਵਿੰਦਰ ਕੌਰ ਨੂੰ 271 ਅਤੇ ਰਾਣੀ ਨੂੰ 247 ਵੋਟ ਮਿਲੇ, ਜਦਕਿ 368 ਵੋਟਾਂ ਲੈ ਕੇ ‘ਨੋਟਾ’ ਨੇ ਪਿੰਡ ਦੇ ਆਗੂਆਂ ਨੂੰ ਹੈਰਾਨ ਕਰ ਦਿੱਤਾ|
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਦਫ਼ਤਰ ਦੇ ਅਧਿਕਾਰੀ ਨੇ ਕਿਹਾ ਕਿ ਇਸ ਹਾਲਤ ਦਾ ਨਿਪਟਾਰਾ ਕਰਨ ਲਈ ਰਾਜ ਚੋਣ ਕਮਿਸ਼ਨ ਤੋਂ ਅਗਵਾਈ ਲਈ ਜਾ ਰਹੀ ਹੈ| ਪਿੰਡ ਦੀਆਂ ਕੁਲ 1450 ਵੋਟਾਂ ਸਨ| ਵੈਸੇ ਅਧਿਕਾਰੀ ਨੇ ਕਿਹਾ ਕਿ ਹਾਲੇ ਤੱਕ ਕਿਸੇ ਉਮੀਦਵਾਰ ਨੂੰ ਜੇਤੂ ਹੋਣ ਦਾ ਸਰਟੀਫਿਕੇਟ ਜਾਰੀ ਨਹੀਂ ਕੀਤਾ| ਪਿੰਡ ਦੀ ਪੰਚਾਇਤ ਲਈ ਨੌਂ ਮੈਂਬਰ (ਪੰਚ) ਚੁਣੇ ਗਏ ਹਨ ਜਿਨ੍ਹਾਂ ਵਿੱਚੋਂ ਤਿੰਨ ਦੀ ਚੋਣ ਬਿਨਾਂ ਮੁਕਾਬਲਾ ਹੋਈ ਸੀ, ਜਦਕਿ ਬਾਕੀ ਛੇ ਮੈਂਬਰ ਵੋਟਾਂ ਨਾਲ ਚੁਣੇ ਗਏ|
ਪਿੰਡ ਮੂਸੇ ਦੀ ਚੋਣ ਸ਼ਰਾਰਤੀਆਂ ਵੱਲੋਂ ਵਿਘਨ ਪਾਉਣ ਕਾਰਨ ਰੱਦ
ਪਿੰਡ ਮੂਸੇ ਦੀ ਚੋਣ ਸ਼ਰਾਰਤੀਆਂ ਵੱਲੋਂ ਵਿਘਨ ਪਾਉਣ ਕਾਰਨ ਰੱਦ ਕਰ ਦਿੱਤੀ ਗਈ ਹੈ| ਡੀਐੱਸਪੀ ਸਿਟੀ ਕਮਲਮੀਤ ਸਿੰਘ ਨੇ ਕਿਹਾ ਕਿ ਵੋਟਾਂ ਪੈਣ ਦੌਰਾਨ ਕੁਝ ਸ਼ਰਾਰਤੀ ਪ੍ਰੀਜ਼ਾਡਿੰਗ ਅਧਿਕਾਰੀ ਤੋਂ ਬੈਲੇਟ ਪੇਪਰ ਖੋਹ ਕੇ ਲੈ ਗਏ ਜਿਸ ਕਰਕੇ ਪੋਲ ਹੋਈਆਂ ਵੋਟਾਂ ਦਾ ਮਿਲਾਨ ਨਹੀਂ ਹੋ ਸਕਿਆ| ਉਨ੍ਹਾਂ ਕਿਹਾ ਕਿ ਇਸ ਸਬੰਧੀ ਰਿਟਰਨਿੰਗ ਅਧਿਕਾਰੀ ਦੀ ਸ਼ਿਕਾਇਤ ’ਤੇ ਝਬਾਲ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ| ਜ਼ਿਲ੍ਹੇ ਦੇ ਪਿੰਡ ਕੱਲ੍ਹਾ, ਕੰਗ, ਖਵਾਸਪੁਰ ਆਦਿ ਤੋਂ ਝਗੜੇ ਹੋਣ ਦੀਆਂ ਸੂਚਨਾਵਾਂ ਹਨ।