15 ਅਕਤੂਬਰ 2024 : ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਅੱਜ ਸਪੱਸ਼ਟ ਕੀਤਾ ਕਿ ਉਹ ਟੈਸਟ ਕ੍ਰਿਕਟ ’ਚ ਆਪਣੇ ਬੱਲੇਬਾਜ਼ਾਂ ’ਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਲਾਉਣਗੇ ਕਿਉਂਕਿ ਜਿੰਨਾ ਜ਼ਿਆਦਾ ਜੋਖਮ ਲਿਆ ਜਾਵੇਗਾ, ਓਨਾ ਹੀ ਫਾਇਦਾ ਹੋਵੇਗਾ। ਭਾਰਤ ਨੇ ਹਾਲ ਹੀ ’ਚ ਮੀਂਹ ਨਾਲ ਪ੍ਰਭਾਵਿਤ ਕਾਨਪੁਰ ਟੈਸਟ ਮੈਚ ’ਚ ਬੰਗਲਾਦੇਸ਼ ਖ਼ਿਲਾਫ਼ ਵੀ ਅਜਿਹਾ ਹੀ ਰਵੱਈਆ ਅਪਣਾਇਆ ਸੀ। ਇਸ ਮੈਚ ’ਚ ਮੀਂਹ ਕਾਰਨ ਦੋ ਦਿਨ ਇਕ ਵੀ ਗੇਂਦ ਨਹੀਂ ਸੁੱਟੀ ਜਾ ਸਕੀ ਪਰ ਭਾਰਤ ਨੇ ਆਖਰਕਾਰ ਸੱਤ ਵਿਕਟਾਂ ਨਾਲ ਜਿੱਤ ਦਰਜ ਕੀਤੀ। ਗੰਭੀਰ ਨੇ ਨਿਊਜ਼ੀਲੈਂਡ ਖਿਲਾਫ ਬੁੱਧਵਾਰ ਤੋਂ ਸ਼ੁਰੂ ਹੋ ਰਹੀ ਤਿੰਨ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਸਾਨੂੰ ਉਨ੍ਹਾਂ ’ਤੇ ਪਾਬੰਦੀਆਂ ਲਾਉਣ ਦੀ ਕੀ ਲੋੜ ਹੈ। ਜੇ ਉਹ ਇੱਕ ਦਿਨ ਵਿੱਚ 400 ਤੋਂ 500 ਦੌੜਾਂ ਬਣਾ ਸਕਦੇ ਹਨ ਤਾਂ ਇਸ ਵਿੱਚ ਗਲਤ ਕੀ ਹੈ। ਅਸੀਂ ‘ਜਿੰਨਾ ਜ਼ਿਆਦਾ ਜੋਖਮ ਓਨਾ ਫਾਇਦਾ, ਜਿੰਨਾ ਜੋਖਮ ਓਨੀ ਅਸਫਲਤਾ ਦੀ ਸੰਭਾਵਨਾ’ ਦਾ ਰਵੱਈਆ ਜਾਰੀ ਰੱਖਾਂਗੇ।’