15 ਅਕਤੂਬਰ 2024 : ਹਰਿਆਣਾ ਵਿੱਚ ਬਣਨ ਵਾਲੀ ਨਵੀਂ ਭਾਜਪਾ ਸਰਕਾਰ ਦਾ ਸਹੁੰ ਚੁੱਕ ਸਮਾਗਮ ਹੁਣ ਸੈਕਟਰ-5 ਵਿੱਚ ਸਥਿਤ ਸ਼ਾਲੀਮਾਰ ਮਾਲ ਦੇ ਦੇ ਪਿੱਛੇ ਪੈਂਦਾ ਦਸਹਿਰਾ ਗਰਾਊਂਡ ਹੋਵੇਗਾ। ਇਸ ਗਰਾਊਂਡ ਵਿੱਚ ਨਾਇਬ ਸਿੰਘ ਸੈਣੀ ਮੁੱਖ ਮੰਤਰੀ ਵਜੋਂ ਅਤੇ ਹੋਰ ਸਾਥੀ ਮੰਤਰੀ ਅਹੁਦੇ ਦੀ ਸਹੁੰ ਚੁੱਕਣਗੇ। ਪਹਿਲਾਂ ਇਹ ਸਮਾਰੋਹ ਸੈਕਟਰ-5 ਦੇ ਪਰੇਡ ਗਰਾਊਂਡ ਵਿੱਚ ਹੋਣਾ ਸੀ ਪਰ ਉੱਥੇ ਥਾਂ ਘੱਟ ਹੋਣ ਕਰ ਕੇ ਸਮਾਗਮ ਲਈ ਦਸਹਿਰਾ ਗਰਾਊਂਡ ਨੂੰ ਚੁਣਿਆ ਗਿਆ ਹੈ, ਜਿਸ ਥਾਂ ’ਤੇ ਇਹ ਸਮਾਰੋਹ ਹੋਣਾ ਹੈ, ਉੱਥੇ 2014 ਵਿੱਚ ਮਨੋਹਰ ਲਾਲ ਖੱਟਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹਾਜ਼ਰੀ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਸੀ।
ਇਸ ਦਸਹਿਰਾ ਗਰਾਊਂਡ ਵਿੱਚ 35 ਤੋਂ 40 ਹਜ਼ਾਰ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਭਾਜਪਾ ਦੇ ਸੂਬਾਈ ਜਨਰਲ ਸਕੱਤਰ ਸੰਜੈ ਭਾਟੀਆ ਨੇ ਇਸ ਥਾਂ ਦਾ ਦੌਰਾ ਕਰਦਿਆਂ ਕਿਹਾ ਕਿ ਗਰਾਊਂਡ ਵਿੱਚ ਵੱਡੀਆਂ ਐੱਲਸੀਡੀ ਸਕਰੀਨਾਂ ਲਗਾਈਆਂ ਜਾਣਗੀਆਂ, ਜਿੱਥੇ ਸਹੁੰ ਚੁੱਕ ਸਮਾਗਮ ਲਾਈਵ ਦਿਖਾਇਆ ਜਾਵੇਗਾ। ਲੋਕਾਂ ਦੇ ਬੈਠਣ ਅਤੇ ਖਾਣ-ਪੀਣ ਲਈ, ਪਾਰਕਿੰਗ ਲਈ ਸਾਰੇ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤੇ ਜਾ ਰਹੇ ਹਨ। ਲੋਕਾਂ ਨੂੰ ਇਸ ਸਮਾਰੋਹ ਵਿੱਚ ਲਿਆਉਣ ਵਾਸਤੇ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਭਾਜਪਾ ਦੀ ਸੂਬਾ ਜਨਰਲ ਸਕੱਤਰ ਅਰਚਨਾ ਗੁਪਤਾ ਅਤੇ ਸੀਨੀਅਰ ਆਗੂ ਕ੍ਰਿਸ਼ਨ ਬੇਦੀ ਨੇ ਵੀ ਸਮਾਰੋਹ ਵਾਲੀ ਥਾਂ ਦਾ ਦੌਰਾ ਕੀਤਾ। ਸਮਾਰੋਹ ਲਈ ਚੁਣੀ ਨਵੀਂ ਥਾਂ ਦਸਹਿਰਾ ਗਰਾਊਂਡ ਵਿੱਚ ਦਿਨ-ਰਾਤ ਵੱਡੀ ਪੱਧਰ ’ਤੇ ਕੰਮ ਚੱਲ ਰਿਹਾ ਹੈ। ਵੱਖ-ਵੱਖ ਵਿਭਾਗਾਂ ਦੇ ਸਰਕਾਰੀ ਅਧਿਕਾਰੀਆਂ ਅਨੁਸਾਰ ਸਹੁੰ ਚੁੱਕ ਸਮਾਗਮ ਦੇ ਸਾਰੇ ਕੰਮ 16 ਅਕਤੂਬਰ ਤੱਕ ਮੁਕੰਮਲ ਕਰ ਦਿੱਤੇ ਜਾਣਗੇ ਅਤੇ 17 ਅਕਤੂਬਰ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਵਿੱਚ ਕਿਸੇ ਕਿਸਮ ਦਾ ਅੜਿੱਕਾ ਨਹੀਂ ਆਵੇਗਾ।