11 ਅਕਤੂਬਰ 2024 : ਇੱਥੋਂ ਨੇੜਲੇ ਪਿੰਡ ਭੰਮੇ ਕਲਾਂ ਵਿੱਚ ਛੋਟੇ ਭਰਾ ਵੱਲੋਂ ਵੱਡੇ ਭਰਾ ਦੀ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ ਵਜੋਂ ਹੋਈ ਹੈ। ਪੁਲੀਸ ਵੱਲੋਂ ਹੱਤਿਆ ਕਰਨ ਦੇ ਦੋਸ਼ ਹੇਠ ਜਸਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਕੇ ਵਿਭਾਗੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਥਾਣਾ ਝੁਨੀਰ ਦੇ ਮੁਖੀ ਬਲਦੇਵ ਸਿੰਘ ਨੇ ਦੱਸਿਆ ਕਿ ਪਿੰਡ ਭੰਮੇ ਕਲਾਂ ਵਿੱਚ ਗੁਰਪ੍ਰੀਤ ਸਿੰਘ (35) ਦੀ ਉਸ ਦੇ ਛੋਟੇ ਭਰਾ ਜਸਪ੍ਰੀਤ ਸਿੰਘ ਨੇ ਤਕਰਾਰ ਤੋਂ ਬਾਅਦ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ। ਪੁਲੀਸ ਅਨੁਸਾਰ ਗੁਰਪ੍ਰੀਤ ਸਿੰਘ ਦੀ ਪਤਨੀ ਕਿਰਨਪਾਲ ਕੌਰ ਨੇ ਪੁਲੀਸ ਨੂੰ ਦਿੱਤੇ ਗਏ ਬਿਆਨਾਂ ਵਿੱਚ ਦੱਸਿਆ ਕਿ ਉਹ ਇੱਕੋ ਹੀ ਮਕਾਨ ਵਿੱਚ ਰਹਿੰਦੇ ਹਨ ਤੇ ਉਨ੍ਹਾਂ ਨੇ ਕਰਜ਼ਾ ਲੈ ਕੇ ਮਕਾਨ ਬਣਾਇਆ ਸੀ। ਗੁਰਪ੍ਰੀਤ ਸਿੰਘ ਨੇ ਆਪਣੇ ਛੋਟੇ ਭਰਾ ਨੂੰ ਕਿਹਾ ਕਿ ਪਹਿਲਾਂ ਮਕਾਨ ਦੇ ਕਰਜ਼ ਦੀਆਂ ਕਿਸ਼ਤਾਂ ਉਨ੍ਹਾਂ ਵੱਲੋਂ ਭਰੀਆਂ ਗਈਆਂ ਹਨ ਅਤੇ ਹੁਣ ਜਸਪ੍ਰੀਤ ਸਿੰਘ ਕਿਸ਼ਤਾਂ ਭਰੇ। ਇਸ ’ਤੇ ਉਨ੍ਹਾਂ ਵਿੱਚ ਤਕਰਾਰ ਹੋ ਗਈ, ਜਿਸ ਕਾਰਨ ਜਸਪ੍ਰੀਤ ਸਿੰਘ ਨੇ ਆਪਣੇ ਵੱਡੇ ਭਰਾ ਗੁਰਪ੍ਰੀਤ ਸਿੰਘ ਦੇ ਸਿਰ ਵਿੱਚ ਘੋਟਣਾ ਮਾਰ ਕੇ ਹੱਤਿਆ ਕਰ ਦਿੱਤੀ। ਥਾਣਾ ਝੁਨੀਰ ਦੇ ਮੁੱਖ ਅਫ਼ਸਰ ਬਲਦੇਵ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਹੱਤਿਆ ਦੇ ਦੋਸ਼ ਹੇਠ ਜਸਪ੍ਰੀਤ ਸਿੰਘ ਉਰਫ ਕਾਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।