11 ਅਕਤੂਬਰ 2024 : ਜੇਕਰ ਤੁਸੀਂ ਮੋਬਾਈਲ ਰਾਹੀਂ ਪੈਸੇ ਦਾ ਲੈਣ-ਦੇਣ ਕਰ ਰਹੇ ਹੋ ਜਾਂ ਪੈਸੇ ਭੇਜਣ ਜਾਂ ਭੁਗਤਾਨ ਕਰਨ ਲਈ ਯੂਪੀਆਈ (UPI) ਦੀ ਵਰਤੋਂ ਕਰਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। RBI ਨੇ ਵਿਆਜ ਦਰਾਂ ਵਿੱਚ ਕਮੀ ਨਹੀਂ ਕੀਤੀ ਹੈ ਪਰ ਇਸ ਕੁੱਝ ਮਾਮਲਿਆਂ ਵਿੱਚ ਲੋਕਾਂ ਨੂੰ ਥੋੜੀ ਰਾਹਤ ਜ਼ਰੂਰ ਦਿੱਤੀ ਹੈ। ਤੁਹਾਨੂੰ ਦਸ ਦੇਈਏ ਕਿ ਰਿਜ਼ਰਵ ਬੈਂਕ (RBI) ਨੇ UPI ਭੁਗਤਾਨ ਦੀ ਸੀਮਾ ਵਧਾ ਦਿੱਤੀ ਹੈ। ਹੁਣ UPI 123PAY ਲਈ ਪ੍ਰਤੀ ਟ੍ਰਾਂਜ਼ੈਕਸ਼ਨ ਦੀ ਸੀਮਾ ₹ 5,000 ਤੋਂ ਵਧ ਕੇ ₹ 10,000 ਹੋ ਗਈ ਹੈ।
ਇਸ ਤੋਂ ਇਲਾਵਾ, UPI Lite ਵਾਲੇਟ ਦੀ ਸੀਮਾ ₹2,000 ਤੋਂ ਵਧਾ ਕੇ ₹5,000 ਕਰ ਦਿੱਤੀ ਗਈ ਹੈ, ਅਤੇ UPI Lite ਲਈ Per-Transaction ਦੀ ਸੀਮਾ ਵੀ ₹100 ਤੋਂ ਵਧਾ ਕੇ ₹500 ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ, 8 ਅਗਸਤ, 2024 ਦੀ ਮੁਦਰਾ ਨੀਤੀ ਵਿੱਚ, RBI ਨੇ UPI ਰਾਹੀਂ ਟੈਕਸ ਭੁਗਤਾਨ ਦੀ ਸੀਮਾ ਨੂੰ 1 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਸੀ।
ਡਿਜੀਟਲ ਭੁਗਤਾਨ ਦੇ ਤੇਜ਼ੀ ਨਾਲ ਵਧ ਰਹੇ ਰੁਝਾਨ ਕਾਰਨ ਲਿਆ ਗਿਆ ਹੈ ਫੈਸਲਾ। PwC ਇੰਡੀਆ (PricewaterhouseCoopers International Limited) ਦੀ ਇੱਕ ਰਿਪੋਰਟ ਦੇ ਅਨੁਸਾਰ, UPI ‘ਤੇ ਲੈਣ-ਦੇਣ ਦੀ ਗਿਣਤੀ 2028-29 ਤੱਕ 439 ਬਿਲੀਅਨ ਤੱਕ ਵਧਣ ਦੀ ਉਮੀਦ ਹੈ, ਜੋ ਪਿਛਲੇ ਵਿੱਤੀ ਸਾਲ ਵਿੱਚ ਲਗਭਗ 131 ਬਿਲੀਅਨ ਸੀ। ਖਾਸ ਗੱਲ ਇਹ ਹੈ ਕਿ ਇਹ ਅੰਕੜਾ ਕੁੱਲ ਰਿਟੇਲ ਡਿਜੀਟਲ ਪੇਮੈਂਟ ਦਾ 91 ਫੀਸਦੀ ਹੈ।
ਦਿ ਇੰਡੀਅਨ ਪੇਮੈਂਟਸ ਹੈਂਡਬੁੱਕ – 2024-29 ਦੀ ਰਿਪੋਰਟ ਵਿੱਚ, ਪਿਛਲੇ 8 ਸਾਲਾਂ ਵਿੱਚ ਭਾਰਤ ਦੇ ਡਿਜੀਟਲ ਭੁਗਤਾਨ ਸਿਨਾਰੀਓ ਬਾਰੇ ਦਸਦੇ ਹੋਏ, ਇਸ ਦੇ 3 ਗੁਣਾ ਤੋਂ ਵੱਧ ਵਿਸਤਾਰ ਹੋਣ ਦੀ ਉਮੀਦ ਕੀਤੀ ਗਈ ਹੈ। ਅਜਿਹੀ ਸਥਿਤੀ ਵਿੱਚ, ਡਿਜੀਟਲ ਭੁਗਤਾਨਾਂ ਦੀ ਗਿਣਤੀ 2023-24 ਵਿੱਚ 159 ਅਰਬ ਤੋਂ ਵੱਧ ਕੇ 2028-29 ਤੱਕ 481 ਅਰਬ ਹੋ ਜਾਵੇਗੀ।
ਆਰਬੀਆਈ ਦੇ ਗਵਰਨਰ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਯੂਪੀਆਈ (UPI) ਨੇ ਲਗਾਤਾਰ ਨਵੀਨਤਾ ਅਤੇ ਅਨੁਕੂਲਤਾ ਦੁਆਰਾ ਡਿਜੀਟਲ ਭੁਗਤਾਨਾਂ ਨੂੰ ਪਹੁੰਚਯੋਗ ਬਣਾ ਕੇ ਭਾਰਤ ਦੇ ਵਿੱਤੀ ਦ੍ਰਿਸ਼ਟੀਕੋਣ ਨੂੰ ਬਦਲ ਦਿੱਤਾ ਹੈ,ਯੂਪੀਆਈ ਨੂੰ ਵਿਆਪਕ ਤੌਰ ‘ਤੇ ਲੋਕਾਂ ਵੱਲੋਂ ਅਪਣਾਇਆ ਜਾ ਰਿਹਾ ਹੈ ਤੇ ਇਸ ਨੂੰ ਹੋਰ ਉਤਸ਼ਾਹਿਤ ਕਰਨ ਲਈ ਸੀਮਾਵਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ।