7 ਅਕਤੂਬਰ 2024 : ਪੰਜਾਬ ਵਿੱਚ ਇੱਕ ਵੱਡੇ ਹਾਦਸੇ ਦੀ ਖਬਰ ਸਾਹਮਣੇ ਆਈ ਹੈ। ਹਰਿਆਣਾ-ਹੁਸ਼ਿਆਰਪੁਰ ਮੁੱਖ ਮਾਰਗ ‘ਤੇ ਪਿੰਡ ਬਾਗਪੁਰ ਨੇੜੇ ਗਾਇਕ ਭੁਪਿੰਦਰ ਬੱਬਲ ਦੇ ਸੰਗੀਤ ਗਰੁੱਪ ਦੀ ਟੈਂਪੂ-ਟਰੈਵਲ ਗੱਡੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।
ਉਕਤ ਦਰਦਨਾਕ ਹਾਦਸਾ ਇੱਕ ਟੈਂਪੂ-ਟਰੈਵਲ ਵਾਹਨ ਦੇ ਟਰੈਕਟਰ-ਟਰਾਲੀ ਨਾਲ ਟਕਰਾਉਣ ਕਾਰਨ ਵਾਪਰਿਆ। ਇਸ ਹਾਦਸੇ ‘ਚ ਗੱਡੀ ‘ਚ ਸਵਾਰ 12 ਲੋਕਾਂ ‘ਚੋਂ 2 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਗੰਭੀਰ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ ਹੈ। ਜਿਨ੍ਹਾਂ ਵਿੱਚੋਂ ਦੋ ਨੂੰ ਛੁੱਟੀ ਦੇ ਦਿੱਤੀ ਗਈ ਹੈ ਅਤੇ ਇੱਕ ਦੀ ਹਾਲਤ ਨਾਜ਼ੁਕ ਹੋਣ ਕਾਰਨ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਤੇਜ਼ ਰਫ਼ਤਾਰ ਟੈਂਪੂ ਟਰੈਵਲ ਗੱਡੀ ਜੋ ਕਿ ਕਲਾਕਾਰ ਭੁਪਿੰਦਰ ਬੱਬਲ ਨਾਲ ਜਗਰਾਤਾ ਕਰਕੇ ਜੰਮੂ ਤੋਂ ਚੰਡੀਗੜ੍ਹ ਪਰਤ ਰਹੀ ਸੀ। ਜਦੋਂ ਅੱਡਾ ਬਾਗਪੁਰ ਤੋਂ ਥੋੜ੍ਹਾ ਅੱਗੇ ਪਹੁੰਚੀ ਤਾਂ ਦੂਜੇ ਪਾਸੇ ਤੋਂ ਆ ਰਹੇ ਲੱਕੜਾਂ ਨਾਲ ਭਰੀ ਟਰੈਕਟਰ-ਟਰਾਲੀ ਨਾਲ ਜ਼ਬਰਦਸਤ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਟੈਂਪੂ ਟਰੈਵਲਰ ਬੁਰੀ ਤਰ੍ਹਾਂ ਪਲਟ ਗਈ ਅਤੇ ਨੁਕਸਾਨੀ ਗਈ। ਇਸ ਹਾਦਸੇ ‘ਚ 2 ਲੋਕਾਂ ਦੀ ਮੌਤ ਹੋ ਗਈ। ਹਰਿਆਣਾ ਥਾਣੇ ਦੀ ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਹੁਸ਼ਿਆਰਪੁਰ ਦੇ ਮੁਰਦਾਘਰ ‘ਚ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।