7 ਅਕਤੂਬਰ 2024 : ਹਰ ਬੱਚੀ ਦੇ ਪੈਦਾ ਹੋਣ ਤੋਂ ਪੰਜ ਮਹੀਨੇ ਪਹਿਲਾਂ ਹੀ ਇਹ ਨਿਸ਼ਚਿਤ ਹੋ ਜਾਂਦਾ ਹੈ ਕਿ ਉਸ ਦੇ ਆਪਣੇ ਬੱਚਿਆਂ ਨੂੰ ਉਨ੍ਹਾਂ ਦੇ ਨਾਨਕਿਆਂ ਵੱਲੋਂ ਕਿਸ ਤਰ੍ਹਾਂ ਦੀ ਜਿਨਸੀ (ਅਣੁਵੰਸ਼ਕ) (Genetic inheritance ) ਵਿਰਾਸਤ ਮਿਲੇਗੀ। ਇਹ ਕਿਵੇਂ ਸੰਭਵ ਹੈ? ਆਓ ਇਸ ਬੁਝਾਰਤ ਨੂੰ ਸਮਝਣ ਦੀ ਕੋਸ਼ਿਸ਼ ਕਰੀਏ।
ਬੱਚੇ ਦੇ ਜੰਮਣ ਸਾਰ ਜੋ ਸੁਆਲ ਸਭ ਤੋਂ ਪਹਿਲਾਂ ਪੁੱਛਿਆ ਜਾਂਦਾ ਹੈ – ਉਹ ਹੈ : ਮੁੰਡਾ ਹੋਇਆ ਕਿ ਕੁੜੀ? ਤੇ ਦੂਸਰਾ ਸੁਆਲ ਹੁੰਦਾ ਹੈ – ਕਿਸ ਉੱਤੇ ਗਿਆ ਹੈ? ਮਾਂ ਵਰਗਾ ਕਿ ਪਿਉ ਵਰਗਾ? ਇਹ ਸੁਆਲ ਬਹੁਤ ਸਰਲ ਤੇ ਸਿੱਧੇ ਲੱਗਦੇ ਹਨ – ਪਰ ਇਨ੍ਹਾਂ ਸੁਆਲਾਂ ਦੇ ਨਾਲ ਮਨੁੱਖੀ ਜਾਤੀ ਦਾ ਸਬੰਧ ਉਸ ਵੇਲੇ ਤੋਂ ਜੁੜਿਆ ਆ ਰਿਹਾ ਹੈ, ਜਿਸ ਵੇਲੇ ਤੋਂ ਆਦਮ ਤੇ ਹਵਾ ਨੇ ਸਵਰਗ ਨਿਕਾਲੇ ਤੋਂ ਬਾਅਦ ਇਸ ਧਰਤੀ ਨੂੰ ਅਪਣਾਇਆ ਤੇ ਬੱਚਿਆਂ ਦੀ ਉਤਪਤੀ ਸ਼ੁਰੂ ਕੀਤੀ – ਅਤੇ ਆਪਣੇ ਬੱਚਿਆਂ ਵਿਚ ਆਪਣੀ ਝਲਕ ਦੇ ਨਾਲ-ਨਾਲ ਕੁਝ ਵੱਖਰਾਪਣ ਵੀ ਵੇਖਿਆ। ਪੈਦਾ ਹੋਣ ਵਾਲਾ ਬੱਚਾ ਕਦੇ ਲੜਕਾ ਤੇ ਕਦੇ ਲੜਕੀ – ਇੰਝ ਕਿਉਂ? ਬੱਚੇ ਦਾ ਲਿੰਗ ਕਿਸੇ ਵੇਲੇ, ਕਿਸ ਤਰ੍ਹਾਂ ਤੇ ਕਦੋਂ ਮਿਥਿਆ ਜਾਂਦਾ ਹੈ? ਬੱਚੇ ਦਾ ਬਹੁਤਾ ਮੁਹਾਂਦਰਾ ਤੇ ਲੱਛਣ ਮਾਂ ਜਾਂ ਪਿਉ ਵਰਗੇ ਹੁੰਦੇ ਹਨ ਪਰ ਨਾ ਤਾਂ ਬੱਚੇ ਬਿਲਕੁਲ ਮਾਂ ਵਰਗੇ ਹੁੰਦੇ ਹਨ ਤੇ ਨਾ ਹੀ ਪੂਰੇ ਦੇ ਪੂਰੇ ਪਿਉ ਵਰਗੇ। ਕਿਸੇ ਵਿਚ ਮਾਂ ਦੀ ਝਲਕ ਜ਼ਿਆਦਾ ਨਜ਼ਰ ਆਉਂਦੀ ਹੈ ਤੇ ਕਿਸੇ ਵਿੱਚੋਂ ਪਿਉ ਦੀ। ਇੰਜ ਕਿਉਂ? ਕੁਝ ਬੱਚਿਆਂ ਵਿਚ ਕਈ ਅਜਿਹੇ ਗੁਣ-ਲੱਛਣ ਹੁੰਦੇ ਹਨ ਜੋ ਮਾਂ ਜਾਂ ਪਿਉ ਵਿਚ ਪੂਰੇ ਨਹੀਂ ਦਿਸਦੇ, ਪਰ ਨਾਨਕੇ ਜਾਂ ਦਾਦਕਿਆਂ ਵੱਲੋਂ ਆਏ ਲਗਦੇ ਹਨ। ਅੱਖਾਂ ਦਾ ਰੰਗ, ਨੱਕ ਦੀ ਸ਼ਕਲ, ਵਾਲਾਂ ਦਾ ਸੰਘਣਾਪਣ, ਕੰਨਾਂ ਦੀ ਬਣਤਰ, ਉਂਗਲਾਂ ਦੀ ਲੰਬਾਈ, ਕੱਦ, ਗੋਰਾਪਣ, ਦੰਦਾਂ ਦੀ ਚਮਕ, ਸਰੀਰਕ ਬਣਤਰ ਆਦਿ ਸਭ ਕੁਝ ਸਾਨੂੰ ਜਿਨਸੀ ਵਿਰਾਸਤ ਵਿਚ ਮਿਲਦਾ ਹੈ। ਇਨ੍ਹਾਂ ਲੱਛਣਾਂ ਦੇ ਨਾਲ-ਨਾਲ ਕਈ ਤਰ੍ਹਾਂ ਦੇ ਰੋਗ ਤੇ ਵਿਗਾੜ ਵੀ ਬੱਚਿਆਂ ਵਿਚ ਪਿਛਲੀ ਪੁਸ਼ਤ ਤੋਂ ਹੀ ਆਏ ਲਗਦੇ ਹਨ। ਇਹ ਗੁਣ-ਲੱਛਣ ਤੇ ਬਿਮਾਰੀਆਂ ਵਿਰਾਸਤ ਵਿਚ ਕਿਵੇਂ ਆ ਜਾਂਦੀਆਂ ਹਨ? ਇਸ ਤਰ੍ਹਾਂ ਦੇ ਹੋਰ ਵੀ ਕਈ ਸੁਆਲਾਂ ਦੇ ਜੁਆਬ ਸਾਨੂੰ ਸਿਰਫ਼ ਵੀਹਵੀਂ ਸਦੀ ਤੋਂ ਹੀ ਮਿਲਣੇ ਸ਼ੁਰੂ ਹੋਏ ਹਨ।
ਪੈਦਾ ਹੋਣ ਵਾਲੇ ਬੱਚੇ ਦਾ ਲਿੰਗ, ਉਸ ਦਾ ਰੰਗ-ਰੰਗ ਰੂਪ, ਕੱਦ-ਕਾਠ, ਸਿਆਣਪ, ਬਿਮਾਰ-ਪਣ ਤੇ ਸਰੀਰ ਦੇ ਹਜ਼ਾਰਾਂ ਗੁਣ-ਲੱਛਣ ਤਕਰੀਬਨ ਸਾਰੇ ਦੇ ਸਾਰੇ ਉਸੇ ਵੇਲੇ ਹੀ ਨਿਸ਼ਚਿਤ ਹੋ ਜਾਂਦੇ ਹਨ, ਜਿਸ ਵੇਲੇ ਗਰਭ ਠਹਿਰਦਾ ਹੈ। ਇਹ ਕਿਸ ਤਰ੍ਹਾਂ ਸੰਭਵ ਹੈ ਕਿ ਮਨੁੱਖੀ ਸਰੀਰ ਦੇ ਹਜ਼ਾਰਾਂ ਲੱਛਣ ਤੇ 8000 ਤੋਂ ਵੱਧ ਤਰ੍ਹਾਂ ਦੀਆਂ ਵਿਰਾਸਤ ਵਿਚ ਮਿਲਣ ਵਾਲੀਆਂ ਬਿਮਾਰੀਆਂ ਤੇ ਵਿਗਾੜ ਸਭ ਕੁਝ ਜੰਮਣ ਤੋਂ ਨੌਂ ਮਹੀਨੇ ਪਹਿਲਾਂ ਹੀ ਮਿੱਥੀਆਂ ਜਾਣ? ਅਤੇ ਫੇਰ ਇਹ ਬੱਚਾ ਜੁਆਨ ਹੋਣ ਤੋਂ ਬਾਅਦ, ਇਹੋ ਵਿਰਸੇ ਵਿਚ ਮਿਲੀਆਂ ਖੂਬੀਆਂ ਨੂੰ ਆਪਣੀ ਔਲਾਦ ਨੂੰ ਵਿਰਸੇ ਵਿਚ ਅਗਾਂਹ ਦੇਵੇ?
ਇਹ ਸਾਰੀ ਚਮਤਕਾਰੀ ਕੁਦਰਤ ਨੇ ਸਰੀਰ ਵਿਚ ਇਕ ਬਹੁਤ ਹੀ ਮਹੀਨ – ਧਾਗੇ ਵਰਗੀ ਚੀਜ਼ ਰਾਹੀਂ ਰਚੀ ਹੋਈ ਹੈ – ਜੋ ਇਸ ਸਾਰੀ ਜਾਣਕਾਰੀ ਨੂੰ ਸੰਭਾਲਦੀ ਹੈ ਅਤੇ ਇਸ ਦਾ ਨਿਯੰਤਰਨ ਕਰਦੀ ਹੈ। ਇਸ ਧਾਗੇ-ਨੁਮਾ ਚੀਜ਼ ਨੂੰ ਕ੍ਰੋਮੋਸੋਮ ਆਖਦੇ ਹਨ।
ਸੈੱਲ ਤੇ ਕ੍ਰੋਮੋਸੋਮ ਦਾ ਰਿਸ਼ਤਾ
ਕ੍ਰੋਮੋਸੋਮ, ਸੈੱਲਾਂ ਦੇ ਧੁਰੇ ਅੰਦਰ ਹੁੰਦੇ ਹਨ। ਸੈੱਲ ਇਕ ਬਹੁਤ ਛੋਟੀ ਇਕਾਈ ਹੈ, ਜਿਨ੍ਹਾਂ ਨਾਲ ਮਨੁੱਖੀ ਸਰੀਰ ਬਣਦਾ ਹੈ। ਜਿਵੇਂ ਕੋਈ ਮਕਾਨ ਇੱਟਾਂ ਨੂੰ ਜੋੜ-ਜੋੜ ਕੇ ਬਣਿਆ ਹੁੰਦਾ ਹੈ ਉਸੇ ਤਰ੍ਹਾਂ ਸਰੀਰ ਵੀ ਸੈੱਲਾਂ ਨਾਲ ਹੀ ਬਣਿਆ ਹੁੰਦਾ ਹੈ। ਕੀ ਅਸੀਂ ਇਨ੍ਹਾਂ ਸੈੱਲਾਂ ਤੇ ਇਨ੍ਹਾਂ ਦੇ ਅੰਦਰਲੇ ਕ੍ਰੋਮੋਸੋਮਾਂ ਨੂੰ ਵੇਖ ਸਕਦੇ ਹਾਂ? ਇਹ ਸਿਰਫ਼ ਖੁਰਦਬੀਨ ਹੇਠਾਂ ਹੀ ਵੇਖੇ ਜਾ ਸਕਦੇ ਹਨ। ਜੇ ਅਸੀਂ ਕ੍ਰੋਮੋਸੋਮਾਂ ਨੂੰ ਬਿਨਾਂ ਖੁਰਦਬੀਨ ਵੇਖਣਾ ਚਾਹੁੰਦੇ ਹਾਂ ਤਾਂ ਇਹ ਤਾਂ ਹੀ ਮੁਮਕਿਨ ਹੈ ਜੇ ਆਦਮੀ ਦੇ ਸੈੱਲ ਇਕ ਵੱਡੇ ਹਦਵਾਣੇ ਜਿੱਡੇ ਹੋਣ। ਜਿਸ ਦੇ ਸੈੱਲ ਤਰਬੂਜ ਜਿੱਡੇ ਹੋਣਗੇ ਉਸ ਦਾਨਵ-ਮਨੁੱਖ ਦਾ ਕੱਦ 150 ਕਿਲੋਮੀਟਰ ਉੱਚਾ-ਲੰਬਾ ਹੋਵੇਗਾ।
46 ਦੀ ਖੇਡ
ਹਰ ਮਨੁੱਖ ਦੇ ਹਰ ਸੈੱਲ ਦੇ ਧੁਰੇ ਅੰਦਰ 23 ਜੋੜੇ (ਕੁਲ 46) ਕ੍ਰੋਮੋਸੋਮ ਹੁੰਦੇ ਹਨ। ਇਨ੍ਹਾਂ 23 ਜੋੜਿਆਂ ਵਿਚਲੇ ਹਰ ਇਕ ਜੋੜੇ ਦੇ ਕ੍ਰੋਮੋਸੋਮ ਆਪਸ ਵਿਚ ਸਮਰੂਪ ਹੁੰਦੇ ਹਨ ਪਰ ਦੂਸਰੇ ਜੋੜਿਆਂ ਦੇ ਕ੍ਰੋਮੋਸੋਮਾਂ ਨਾਲੋਂ ਭਿੰਨ ਹੁੰਦੇ ਹਨ। ਇਨ੍ਹਾਂ ਵਿੱਚੋਂ 22 ਜੋੜਿਆਂ ਨੂੰ ਵੱਖ-ਵੱਖ ਨੰਬਰਾਂ ਨਾਲ ਦਰਸਾਇਆ ਜਾਂਦਾ ਹੈ – ਜਿਵੇਂ ਕਿ 1,2,3,…ਤੇ 22 ਨੰਬਰ। ਤੇਈਵੇਂ ਜੋੜੇ ਦੇ ਦੋ ਕ੍ਰੋਮੋਸੋਮ ਲਿੰਗ ਨਿਰਧਾਰਨ ਕਰਨ ਵਾਲੇ ਹੁੰਦੇ ਹਨ ਤੇ ਇਨ੍ਹਾਂ ਦੋਹਾਂ ਦੀ ਆਪਸੀ ਸ਼ਕਲ ਤੇ ਆਕਾਰ ਵੀ ਭਿੰਨ ਹੁੰਦੀ ਹੈ। ਇਨ੍ਹਾਂ ਨੂੰ ‘‘ਐਕਸ’’ (X) ਤੇ ‘‘ਵਾਈ’’ (Y) ਕ੍ਰੋਮੋਸੋਮ ਕਿਹਾ ਜਾਂਦਾ ਹੈ। ਇਨ੍ਹਾਂ ਲਿੰਗ-ਨਿਰਧਾਰਨ ਕਰਨ ਵਾਲੇ ਕ੍ਰੋਮੋਸੋਮਾਂ ਵਿੱਚੋਂ, ਔਰਤ ਦੇ ਸੈੱਲਾਂ ਵਿਚ ਦੋ ਐਕਸ (XX) ਕ੍ਰੋਮੋਸੋਮ ਹੁੰਦੇ ਹਨ ਤੇ ਮਰਦ ਦੇ ਸੈੱਲਾਂ ਵਿਚ ਇਕ ਐਕਸ ਤੇ ਇਕ ਵਾਈ (XY) ਕ੍ਰੋਮੋਸੋਮ ਹੁੰਦੇ ਹਨ। ਜਦੋਂ ਔਰਤ ਵਿਚ ਆਂਡੇ ਤੇ ਮਰਦ ਵਿਚ ਸ਼ੁਕਰਾਣੂ ਬਣਦੇ ਹਨ ਤਾਂ ਇਨ੍ਹਾਂ ਵਿਚ ਕ੍ਰੋਮੋਸੋਮਾਂ ਦਾ ਨੰਬਰ ਅੱਧਾ ਹੋ ਜਾਂਦਾ ਹੈ, ਜਿਸ ਕਾਰਨ ਆਂਡਿਆਂ ਤੇ ਸ਼ੁਕਰਾਣੂਆਂ ਅੰਦਰ 23-23 ਜੋੜੇ ਕ੍ਰੋਮੋਸੋਮਾਂ (46-46 ਕ੍ਰੋਮੋਸੋਮਾਂ) ਦੀ ਥਾਂ 23-23 ਇਕੱਲੇ-ਇਕੱਲੇ ਕ੍ਰੋਮੋਸੋਮ ਹੀ ਹੁੰਦੇ ਹਨ। ਜਦੋਂ ਆਂਡੇ ਤੇ ਸ਼ੁਕਰਾਣੂ ਦਾ ਮਿਲਾਪ ਹੁੰਦਾ ਹੈ ਤਾਂ 46 ਵਾਲਾ ਨੰਬਰ ਮੁੜ ਪੂਰਨ ਹੋ ਜਾਂਦਾ ਹੈ। ਇਸ ਤਰ੍ਹਾਂ ਗਰਭ ਸ਼ੁਰੂ ਹੋਣ ਵੇਲੇ ਬੱਚੇ ਦੀ ਸ਼ੁਰੂਆਤ 46 ਕ੍ਰੋਮੋਸੋਮਾਂ ਵਾਲੇ ਸੈੱਲ ਨਾਲ ਹੀ ਹੁੰਦੀ ਹੈ, ਜਿਨ੍ਹਾਂ ਵਿੱਚੋਂ 23 ਮਾਤਾ ਵੱਲੋਂ ਤੇ 23 ਪਿਤਾ ਵੱਲੋਂ ਮਿਲੇ ਹੁੰਦੇ ਹਨ। ਕ੍ਰੋਮੋਸੋਮਾਂ ਦਾ ਦੋਨੋਂ ਮਾਪਿਆਂ ਵੱਲੋਂ 23-23 ਦਾ ਹੀ ਆਉਣਾ ਤੇ ਬਿਨਾਂ ਕਿਸੇ ਟੁੱਟ-ਭੱਜ ਤੋਂ ਆਉਣਾ ਬੱਚੇ ਦੇ ਠੀਕ ਵਿਕਾਸ ਲਈ ਬਹੁਤ ਹੀ ਮਹੱਤਵਪੂਰਨ ਹੈ। 23-23 ਕ੍ਰੋਮੋਸੋਮਾਂ ਵਾਲੇ ਆਂਡਿਆਂ ਤੇ ਸ਼ੁਕਰਾਣੂਆਂ ਦੀ ਉਪਜ ਅਲੱਗ-ਅਲੱਗ ਵਿਯੋਂਤ ਰਾਹੀਂ ਹੁੰਦੀ ਹੈ। ਮਰਦਾਂ ਵਿਚ ਸ਼ੁਕਰਾਣੂ ਅੰਡ-ਕੋਸ਼ਾਂ ਦੇ ਸੈੱਲਾਂ ਤੋਂ ਜਵਾਨੀ ਵੇਲੇ ਬਣਨੇ ਸ਼ੁਰੂ ਹੁੰਦੇ ਹਨ ਤੇ ਸਾਰੀ ਉਮਰ ਬਣਦੇ ਹੀ ਰਹਿੰਦੇ ਹਨ। ਪਰ ਇਸ ਦੇ ਉਲਟ, ਔਰਤਾਂ ਦੇ ਆਂਡਿਆਂ ਦੀ ਉਪਜ ਬਾਰੇ ਕੁਦਰਤ ਨੇ ਵੱਖਰੇ ਹੀ ਨਿਯਮ ਤੈਅ ਕੀਤੇ ਹਨ।
ਮਾਦਾ (ਔਰਤ) ਜਿਸ ਵੇਲੇ ਆਪ ਹੀ ਆਪਣੀ ਮਾਂ ਦੇ ਪੇਟ ਅੰਦਰ ਅਜੇ 9 ਹਫ਼ਤਿਆਂ ਦੀ ਭਰੂਣ-ਅਵਸਥਾ ਵਿਚ ਹੀ ਵਿਕਸਤ ਹੋ ਰਹੀ ਹੁੰਦੀ ਹੈ ਤਾਂ ਉਸ ਦੇ ਆਪਣੇ ਵਿਕਸਿਤ ਹੋ ਰਹੇ ਅੰਡਕੋਸ਼ਾਂ ਅੰਦਰ ਉਸ ਦੇ ਆਪਣੇ ਆਂਡਿਆਂ ਦੇ ਬਣਨ ਦੀ ਪ੍ਰਕਿਰਿਆ ਵੀ ਪ੍ਰਾਰੰਭ ਹੋ ਜਾਂਦੀ ਹੈ। ਇਸ ਵਕਤ ਇਸ ਭਰੂਣ ਦਾ ਆਪਣਾ ਆਕਾਰ ਸਿਰਫ਼ 17 ਤੋਂ 22 ਮਿਲੀਮੀਟਰ ਹੀ ਹੁੰਦਾ ਹੈ। ਜਿਸ ਵੇਲੇ ਇਸ ਵਿਕਾਸ ਹੋ ਰਹੀ ਭਰੂਣ ਦੀ ਆਪਣੀ ਜੀਵਨ-ਕਾਲ ਸਿਰਫ਼ 16 ਤੋਂ 20 ਹਫ਼ਤੇ ਦੀ ਹੀ ਹੁੰਦੀ ਹੈ ਤੇ ਜਿਸ ਵੇਲੇ ਉਸ ਦਾ ਆਪਣਾ ਆਕਾਰ ਸਿਰਫ਼ 120 ਤੋਂ 140 ਮਿਲੀਮੀਟਰ ਤੇ ਭਾਰ 110 ਤੋਂ 200 ਗਰਾਮ ਹੀ ਹੁੰਦਾ ਹੈ ਤਾਂ ਉਸ ਦੇ ਅੰਡਕੋਸ਼ਾਂ ਅੰਦਰ ਆਂਡੇ ਬਣਨ ਵਾਲੇ ਸੈੱਲਾਂ ਦੀ ਗਿਣਤੀ ਸਭ ਤੋਂ ਜ਼ਿਆਦਾ, ਤਕਰੀਬਨ 70 ਲੱਖ ਹੁੰਦੀ ਹੈ। ਇਸ ਤੋਂ ਬਾਅਦ ਇਨ੍ਹਾਂ ਸੈੱਲਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਬੱਚੀ ਦੀ ਪੈਦਾਇਸ਼ ਵੇਲੇ ਇਹ ਸਿਰਫ਼ 20 ਲੱਖ ਦੇ ਕਰੀਬ ਰਹਿ ਜਾਂਦੀ ਹੈ। ਇਹ ਆਂਡੇ ਬਣਨ ਵਾਲੇ ਸੈੱਲ, ਸੈੱਲਾਂ ਦੇ ਵਿਭਾਜਨ ਦੀ ਇਕ ਖ਼ਾਸ ਸਥਿਤੀ ਜਿਸ ਨੂੰ ‘ਡਿਪਲੋਟੀਨ’ ਕਹਿੰਦੇ ਹਨ, ਉੱਪਰ ਹੀ ਰੁੱਕ ਜਾਂਦੇ ਹਨ ਤੇ ਇਨ੍ਹਾਂ ਦੇ ਅੰਦਰਲੇ ਕ੍ਰੋਮੋਸੋਮ ਇਸ ‘ਡਿਪਲੋਟੀਨ’ ਸਥਿਤੀ ਵਿਚ ਜ਼ਿੰਦਾ ਪਰ ਇਕ ਅਹਿਲ-ਅਵਸਥਾ ਵਿਚ ਹੀ ਪਏ ਰਹਿੰਦੇ ਹਨ। ਇਸ ਅਹਿਲ ਸਥਿਤੀ ਵਿਚ ਇਨ੍ਹਾਂ ਸੈੱਲਾਂ ਦੀ ਗਿਣਤੀ ਲਗਾਤਾਰ ਘਟਦੀ ਹੀ ਜਾਂਦੀ ਹੈ-ਜੋ ਜਨਮ ਤੋਂ ਬਾਅਦ ਵੀ ਲਗਾਤਾਰ ਘੱਟਦੀ ਹੀ ਰਹਿੰਦੀ ਹੈ। ਔਰਤ/ ਮਾਦਾ ਦੇ ਜਵਾਨ ਹੋਣ ਉੱਪਰ ਇਨ੍ਹਾਂ ਅਰਧ – ਸੁੱਤੇ ਸੈੱਲਾਂ ਵਿੱਚੋਂ ਹਰ ਮਹੀਨੇ ਸਿਰਫ਼ ਇਕ ਸੈੱਲ – ਆਂਡੇ ਦੀ ਸ਼ਕਲ ਵਿਚ ਪੂਰਨ ਵਿਕਸਿਤ ਹੋ ਕੇ ਆਂਡੇਦਾਨੀ ਤੋਂ ਬਾਹਰ ਨਿਕਲਦਾ ਹੈ। ਜੇ ਇਸ ਆਂਡੇ ਦਾ ਮਿਲਾਪ ਉਸ ਸਮੇਂ ਸ਼ੁਕਰਾਣੂ ਨਾਲ ਹੋ ਜਾਵੇ ਤਾਂ ਦੋਹਾਂ ਦੇ ਕ੍ਰੋਮੋਸੋਮਾਂ ਦੀ ਮਿਲਣੀ ਅਗਲੀ ਜ਼ਿੰਦਗੀ ਦੀ ਸ਼ੁਰੂਆਤ ਕਰ ਦਿੰਦੀ ਹੈ।
ਸੋ ਇਸ ਤਰ੍ਹਾਂ ਨਾਨੀ ਦੀ ਗਰਭ-ਅਵਸਥਾ ਵਿਚ ਹੀ ਇਹ ਇਕ ਨਿਸ਼ਚਿਤ ਹੋ ਜਾਂਦਾ ਹੈ ਕਿ ਦੋਹਤੀ ਜਾਂ ਦੋਹਤੇ ਦੇ ਨਿਰਮਾਣ ਲਈ ਉਨ੍ਹਾਂ ਨੂੰ ਆਪਣੇ ਨਾਨੇ-ਨਾਨੀ ਵੱਲੋਂ, ਆਪਣੀ ਮਾਂ ਰਾਹੀਂ, ਕੀ ਅਣੁਵੰਸ਼ਕ (ਜਨੈਟਿਕ) ਯੋਗਦਾਨ ਕ੍ਰੋਮੋਸੋਮਾਂ ਦੇ ਜ਼ਰੀਏ ਮਿਲਣਾ ਹੈ। ਇਸੇ ਕਰਕੇ ਨਾਨੀ ਦੀ ਗਰਭ-ਅਵਸਥਾ ਵੇਲੇ ਲਈ ਖੁਰਾਕ ਦਾ ਮਾਂ ਦੇ ਆਂਡਿਆਂ ਦੀ ਸਿਹਤ ’ਤੇ ਅਸਰ ਪੈਂਦਾ ਹੈ ਜੋ ਅਗਾਂਹ ਬੱਚਿਆਂ ਵਿਚ ਵੀ ਪਹੁੰਚ ਜਾਂਦਾ ਹੈ।
ਆਖ਼ਰ ਇਨ੍ਹਾਂ ਕ੍ਰੋਮੋਸੋਮਾਂ ਅੰਦਰ ਕੀ ਅਜਿਹੀ ਜਾਦੂਗਰੀ ਹੈ ਕਿ ਇਹ ਪੁਸ਼ਤ-ਦਰ-ਪੁਸ਼ਤ ਏਨੀ ਜਾਣਕਾਰੀ ਸੰਭਾਲ ਕੇ ਅਗਲੀਆਂ ਪੀੜ੍ਹੀਆਂ ਨੂੰ ਪਹੁੰਚਾਈ ਜਾਂਦੇ ਹਨ? ਕ੍ਰੋਮੋਸੋਮਾਂ ਅੰਦਰ ਇਹ ਸਾਰੀ ਜਨੈਟਿਕ (ਅਣੁਵੰਸ਼ਕ/ਜਿਨਸੀ) ਜਾਣਕਾਰੀ ਇਕ ਖੁਫ਼ੀਆ, ਗੁੰਝਲਦਾਰ ਕੀਮਿਆਈ ਅਖ਼ਰਾਂ ਵਿਚ, ਬਹੁਤ ਸੂਖ਼ਮ, ਨਿਸ਼ਚਿਤ, ਅਤਿ-ਸ਼ੁਧ ਤੇ ਹਿਸਾਬੀ ਤਰੀਕੇ ਨਾਲ ਜੀਨਾਂ ਦੀ ਸੂਰਤ ਵਿਚ ਇਕ ਰਸਾਇਣਿਕੀ ਪਦਾਰਥ ਅੰਦਰ ਸੰਭਾਲੀ ਹੁੰਦੀ ਹੈ। ਇਸ ਕੁਦਰਤ ਦੇ ਕਮਾਲ ਚਮਤਕਾਰੀ ਰਸਾਇਣਿਕ ਪਦਾਰਥ ਨੂੰ DNA ਆਖਦੇ ਹਨ। ਇਸ DNA ਤੇ ਕੁਝ ਤਰ੍ਹਾਂ ਦੇ ਖ਼ਾਸ ਪ੍ਰੋਟੀਨਾਂ ਦੀਆਂ ਆਪਸੀ ਮਿਲਾਪੀ-ਗਲਵਕੜੀਆਂ ਹੀ ਕ੍ਰੋਮੋਸੋਮਾਂ ਦੀ ਸ਼ਕਲ ਅਖ਼ਤਿਆਰ ਕਰ ਲੈਂਦੀਆਂ ਹਨ।
ਕ੍ਰੋਮੋਸੋਮ ਦੀ ਇਕ ਪੁਸ਼ਤ ਤੋਂ ਦੂਸਰੀ ਤਕ ਦੀ ਯਾਤਰਾ
ਇਕ ਮਨੁੱਖੀ ਸਰੀਰ ਦੇ ਬਣਨ ਲਈ ਕਈ ਲੱਖ ਕਰੋੜ ਸੈੱਲ ਚਾਹੀਦੇ ਹੁੰਦੇ ਹਨ। ਏਨੇ ਕਰੋੜਾਂ ਸੈੱਲ ਕਿੱਥੋਂ ਆ ਜਾਂਦੇ ਹਨ? ਇਨ੍ਹਾਂ ਵਿਚਲੇ ਕ੍ਰੋਮੋਸੋਮਾਂ ਵਿਚ ਕੀ ਹੁੰਦਾ ਹੈ? ਇਹ ਕ੍ਰੋਮੋਸੋਮ ਇਕ ਪੁਸ਼ਤ ਤੋਂ ਦੂਸਰੀ ਪੁਸ਼ਤ ਵਿਚ ਕਿਵੇਂ ਪਹੁੰਚ ਜਾਂਦੇ ਹਨ? ਇਹ ਗੁਣ-ਲੱਛਣ ਕਿਸ ਤਰ੍ਹਾਂ ਮੁੱਕਰਰ ਕਰਦੇ ਹਨ? ਇਸ ਤਰ੍ਹਾਂ ਦੇ ਸੈਂਕੜੇ ਸੁਆਲ ਮਨ ਵਿਚ ਆਉਂਦੇ ਹਨ। ਪਰ ਇਨ੍ਹਾਂ ਦੇ ਜੁਆਬ ਜਾਣਨ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਹਰ ਬੱਚੇ ਦੀ ਗਰਭ ਵਿਚ ਸ਼ੁਰੂਆਤ ਸਿਰਫ਼ ਇਕ ਸੈੱਲ ਤੋਂ ਹੁੰਦੀ ਹੈ। ਇਕ ਸੈੱਲ ਦੇ ਵਿਭਾਜਤ ਹੋਣ ਉੱਤੇ ਉਸ ਤੋਂ ਦੋ ਸੈੱਲ ਬਣਦੇ ਹਨ – ਦੋ ਤੋਂ ਚਾਰ, ਚਾਰ ਤੋਂ ਅੱਠ, ਅੱਠ ਤੋਂ ਸੋਲਾਂ ਤੇ ਇਸ ਤਰ੍ਹਾਂ ਜਨਮ ਵੇਲੇ ਤਾਈਂ ਇਹ ਕਈ ਕਰੋੜ ਬਣ ਜਾਂਦੇ ਹਨ। ਇਨ੍ਹਾਂ ਹਰੇਕ ਕਰੋੜਾਂ ਸੈੱਲਾਂ ਵਿਚ ਭਾਵੇਂ ਉਹ ਸੈੱਲ ਲੱਤ ਦੇ ਹੋਣ, ਭਾਵੇਂ ਅੱਖ ਦੇ ਤੇ ਭਾਵੇਂ ਦਿਮਾਗ਼ ਦੇ, ਉਨ੍ਹਾਂ ਅੰਦਰਲੇ ਕ੍ਰੋਮੋਸੋਮ ਬਿਲਕੁਲ ਉਸੇ ਤਰ੍ਹਾਂ ਦੇ ਹੀ ਹੁੰਦੇ ਹਨ ਜਿਸ ਤਰ੍ਹਾਂ ਦਿਆਂ ਨਾਲ ਉਸ ਬੱਚੇ ਦਾ ਪਹਿਲਾ ਸੈੱਲ ਬਣਿਆ ਸੀ। ਇਹ ਇੰਨਾ ਸੂਖ਼ਮ ਤੇ ਸਖ਼ਤ ਨਿਯੰਤਰਨ ਕ੍ਰੋਮੋਸੋਮਾਂ ਦੇ ਜ਼ਰੀਏ ਹੀ ਹੁੰਦਾ ਹੈ। ਕਿਉਂਕਿ ਕ੍ਰੋਮੋਸੋਮਾਂ ਦੀ ਪ੍ਰਮੁੱਖ ਜ਼ਿੰਮੇਵਾਰੀ ਹੀ ਇਹ ਹੈ ਕਿ ਇਹ ਆਪਣੇ ਅੰਦਰ ਸਮੇਟੀ ਹੋਈ ਸਾਰੀ ਅਣੁਵੰਸ਼ਕ (ਜਨੈਟਿਕ) ਜਾਣਕਾਰੀ ਨੂੰ ਹਿਫ਼ਾਜ਼ਤ ਨਾਲ ਇਕ ਸੈੱਲ ਤੋਂ ਦੂਸਰੇ ਸੈੱਲ ਨੂੰ ਤੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਣ – ਕਿਉਂਕਿ ਇਨ੍ਹਾਂ ਵਿਚ ਮੌਜੂਦ ਜਨੈਟਿਕ ਜਾਣਕਾਰੀ ਨੇ ਹੀ, ਗਰਭ ਦੇ ਸ਼ੁਰੂ ਹੋਣ ਤੋਂ ਲੈ ਕੇ ਮਨੁੱਖ ਦੇ ਮਰਨ ਤਕ, ਸੈੱਲਾਂ ਤੇ ਸਰੀਰ ਦੇ ਸਾਰੇ ਕਾਰਜਾਂ ਦਾ ਨਿਯੰਤਰਨ ਕਰਨਾ ਹੁੰਦਾ ਹੈ।