7 ਅਕਤੂਬਰ 2024 : ਪੀਬੀਐੱਸ ਅਲਾਸਕਨ ਨਾਈਟਸ ਨੇ ਆਪਣੀ ਜੇਤੂ ਮੁਹਿੰਮ ਜਾਰੀ ਰੱਖੀ ਜਦਕਿ ਗੈਂਜੇਜ਼ ਗਰੈਂਡਮਾਸਟਰਜ਼ ਨੇ ਟੈੱਕ ਮਹਿੰਦਰਾ ਗਲੋਬਲ ਚੈੱਸ ਲੀਗ (ਜੀਐਲਸੀ) ਦੇ ਤੀਜੇ ਦਿਨ ਆਪਣੀ ਪਹਿਲੀ ਜਿੱਤ ਹਾਸਲ ਕੀਤੀ। ਪੀਬੀਐੱਸ ਅਲਾਸਕਨ ਨਾਈਟਸ ਨੇ ਗਰੈਂਡਮਾਸਟਰਜ਼ ’ਤੇ 12-3 ਨਾਲ ਸ਼ਾਨਦਾਰ ਜਿੱਤ ਹਾਸਲ ਕੀਤੀ। ਉਸ ਨੇ ਲਗਾਤਾਰ ਚਾਰ ਜਿੱਤਾਂ ਦਾ ਰਿਕਾਰਡ ਕਾਇਮ ਰੱਖਦਿਆਂ 12 ਮੈਚ ਪੁਆਇੰਟ ਅਤੇ 49 ਗੇਮ ਪੁਆਇੰਟ ਹਾਸਲ ਕੀਤੇ। ਮੌਜੂਦਾ ਚੈਂਪੀਅਨ ਤ੍ਰਿਵੇਣੀ ਕਾਂਟੀਨੈਂਟਲ ਕਿੰਗਜ਼ ਨੇ ਸ਼ਨਿਚਰਵਾਰ ਨੂੰ ਦੋ ਮੈਚ ਖੇਡੇ। ਉਸ ਨੇ ਪਹਿਲੇ ਮੈਚ ਵਿੱਚ ਅਮੈਰੀਕਨ ਗੈਂਬਿਟਸ ਖ਼ਿਲਾਫ਼ 15-3 ਨਾਲ ਜਿੱਤ ਦਰਜ ਕੀਤੀ ਜਿਸ ਵਿੱਚ ਅਲੀਰੇਜ਼ਾ ਫਿਰੋਜ਼ਾ ਨੇ ਦੁਨੀਆ ਦੇ ਦੂਜੇ ਨੰਬਰ ਦੇ ਖਿਡਾਰੀ ਹਿਕਾਰੂ ਨਾਕਾਮੁਰਾ ਨੂੰ ਮਾਤ ਦਿੱਤੀ ਪਰ ਦੂਜੇ ਮੈਚ ਵਿੱਚ ਗਰੈਂਡਮਾਸਟਰਜ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਤ੍ਰਿਵੇਣੀ ਕਾਂਟੀਨੈਂਟਲ ਕਿੰਗਜ਼ ਛੇ ਮੈਚ ਪੁਆਇੰਟਾਂ ਅਤੇ 43 ਗੇਮ ਪੁਆਇੰਟਾਂ ਨਾਲ ਦੂਜੇ ਸਥਾਨ ’ਤੇ ਹੈ। ਐਲਪਾਈਨ ਐੱਸਜੀ ਪਾਈਪਰਜ਼ ਨੇ ਵੀ ਅਪਗ੍ਰੇਡ ਮੁੰਬਾ ਮਾਸਟਰਜ਼ ਨੂੰ 12-4 ਨਾਲ ਹਰਾ ਕੇ ਪ੍ਰਭਾਵਿਤ ਕੀਤਾ। ਉਹ ਹੁਣ ਛੇ ਮੈਚ ਪੁਆਇੰਟਾਂ ਨਾਲ ਤੀਜੇ ਸਥਾਨ ’ਤੇ ਹੈ।