20 ਸਤੰਬਰ 2024 : ਸਿਰਦਰਦ ਦੀ ਸਮੱਸਿਆ ਭਾਰਤ ਹੀ ਨਹੀਂ ਬਲਕਿ ਦੁਨੀਆ ਭਰ ਵਿਚ ਆਮ ਹੈ। ਇਕ ਖੋਜ ਵਿਚ ਪਾਇਆ ਗਿਆ ਹੈ ਕਿ ਨਵੀਆਂ ਤੇ ਮਹਿੰਗੀਆਂ ਦਵਾਈਆਂ ਦੀ ਤੁਲਨਾ ਵਿਚ ਟ੍ਰਿਪਟਨ ਸ਼੍ਰੇਣੀ ਦੀਆਂ ਦਵਾਈਆਂ ਮਾਈਗ੍ਰੇਨ ਦੇ ਇਲਾਜ ਵਿਚ ਵੱਧ ਅਸਰਦਾਰ ਹਨ। ਇਹ ਦਵਾਈਆਂ ਦਿਮਾਗ਼ ਵਿਚ ਖ਼ੂਨ ਦੇ ਸੰਚਾਰ ਨੂੰ ਬਦਲ ਕੇ ਕੰਮ ਕਰਦੀਆਂ ਹਨ ਤੇ ਅਤਿ-ਸਰਗਰਮ ਨਰਵਜ਼ (ਤੰਤ੍ਰਿਕਾ) ਨੂੰ ਸ਼ਾਂਤ ਕਰ ਕੇ ਦਰਦ ਤੋਂ ਨਿਜਾਤ ਮਿਲਦੀ ਹੈ। ਖੋਜੀਆਂ ਦੇ ਅਧਿਐਨ ਵਿਚ ਲਗਭਗ 90 ਹਜ਼ਾਰ ਮੁਕਾਬਲੇਬਾਜ਼ ਸ਼ਾਮਲ ਹੋਏ। ਬ੍ਰਿਟਿਸ਼ ਮੈਡੀਕਲ ਜਰਨਲ ਵਿਚ ਪ੍ਰਕਾਸ਼ਤ ਵਿਸ਼ਲੇਸ਼ਣ ਤੋਂ ਪਤਾ ਚੱਲਿਆ ਹੈ ਕਿ ਏਲੇਟ੍ਰਿਪਟਨ, ਰਿਜੇਟ੍ਰਿਪਟਨ, ਸੁਮਾਟ੍ਰਿਪਟਨ ਤੇ ਜੋਲਮੀਟ੍ਰਿਪਟਨ ਹਾਲ ਹੀ ਵਿਚ ਵਿਕਸਤ ਦਵਾਈਆਂ-ਲਾਸਿਮਡਿਟਾਨ, ਰਿਮਜੇਪੈਂਟ ਤੇ ਉਬ੍ਰੋਜੇਪੈਂਟ ਦੀ ਤੁਲਨਾ ਵਿਚ ਦਰਦ ਤੋਂ ਰਾਹਤ ਦੇਣ ਵਿਚ ਬਿਹਤਰ ਸਨ। ਇਨ੍ਹਾਂ ਸਾਰੀਆਂ ਦਵਾਈਆਂ ਦੀ ਮਾਰਕੀਟਿੰਗ ਭਾਰਤ ਵਿਚ ਕੀਤੀ ਜਾਂਦੀ ਹੈ। ਡੈਨਮਾਰਕ ਦੇ ਕੋਪੇਨਹੈਗਨ ਯੂਨੀਵਰਸਿਟੀ ਹਸਪਤਾਲ ਦੇ ਖੋਜ ਕਰਤਾਵਾਂ ਸਮੇਤ ਹੋਰਨਾਂ ਨੇ ਕਿਹਾ ਹੈ ਕਿ ਇਸ ਗੱਲ ’ਤੇ ਸਪੱਸ਼ਟ ਸਹਿਮਤੀ ਹੈ ਕਿ ਦੁਨੀਆ ਭਰ ਵਿਚ ਇਕ ਅਰਬ ਤੋਂ ਵੱਧ ਲੋਕਾਂ ਨੂੰ ਪ੍ਰਭਾਵਤ ਕਰਨ ਵਾਲੀ ਨਿਊਰੋਲਾਜੀਕਲ ਸਥਿਤੀ ਦੇ ਇਲਾਜ ਵਿਚ ਕਿਹੜੀ ਦਵਾਈ ਸਭ ਤੋਂ ਵੱਧ ਚੰਗਾ ਕੰਮ ਕਰਦੀ ਹੈ। ਮਾਈਗ੍ਰੇਨ 15 ਤੋਂ 49 ਸਾਲ ਦੀਆਂ ਕੁੜੀਆਂ ਤੇ ਔਰਤਾਂ ਦੀ ਖ਼ਰਾਬ ਸਿਹਤ ਦੀ ਮੁੱਖ ਵਜ੍ਹਾ ਹੈ। ਖੋਜ ਕਰਤਾਵਾਂ ਨੇ ਕਿਹਾ ਹੈ ਕਿ ਟ੍ਰਿਪਟਨ ਸ਼੍ਰੇਣੀ ਦੀਆਂ ਦਵਾਈਆਂ ਮਾਈਗ੍ਰੇਨ ਦੇ ਇਲਾਜ ਵਿਚ ਵੱਧ ਅਸਰਦਾਰ ਹੋ ਸਕਦੀਆਂ ਹਨ। ਅਧਿਐਨ ਲਈ ਖੋਜ ਕਰਤਾਵਾਂ ਨੇ 24 ਜੂਨ, 2023 ਤੱਕ ਪ੍ਰਕਾਸ਼ਤ ਕੁਲ 137 ਪ੍ਰੀਖਣਾਂ ਦੀ ਸ਼ਨਾਖ਼ਤ ਕੀਤੀ ਹੈ। ਲੇਖਕਾਂ ਨੇ ਲਿਖਿਆ ਹੈ ਕਿ ਜਦੋਂ ਇਨ੍ਹਾਂ ਦਵਾਈਆਂ ਦੀ ਤੁਲਨਾ ਇਕ-ਦੂਜੇ ਨਾਲ ਕੀਤੀ ਗਈ ਤਾਂ ਦੋ ਘੰਟਿਆਂ ਵਿਚ ਦਰਦ ਤੋਂ ਮੁਕਤੀ ਪਾਉਣ ਲਈ ਇਲੈਟ੍ਰਿਪਟਨ ਲਗਭਗ ਸਾਰੀਆਂ ਹੋਰਨਾਂ ਦਵਾਈਆਂ ਨਾਲੋਂ ਬਿਹਤਰ ਲੱਗੀ। ਇਸ ਤੋਂ ਬਾਅਦ ਰਿਜੇਟ੍ਰਿਪਟਨ, ਸੁਮੈਟ੍ਰਿਪਟਨ ਤੇ ਜੋਲਮੀਟ੍ਰਿਪਟਨ ਸਨ।