19 ਸਤੰਬਰ 2024 : ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਤਣਾਅ ਵਿਚਾਲੇ ਅੱਜ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਤਿਆਰੀਆਂ ਉੱਚ ਦਰਜੇ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਫੌਜ ਨੂੰ ਛੋਟੇ ਤੇ ਤੀਬਰ ਸੰਘਰਸ਼ਾਂ ਦੇ ਨਾਲ-ਨਾਲ ਲੰਬੀਆਂ ਜੰਗਾਂ ਦਾ ਟਾਕਰਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਹੈੱਡਕੁਆਰਟਰਜ਼ ਇੰਟੈਗ੍ਰੇਟਿਡ ਡਿਫੈਂਸ ਸਟਾਫ ਦੀ ਰੱਖਿਆ ਖ਼ੁਫ਼ੀਆ ਏਜੰਸੀ ਵੱਲੋਂ ਵਿਦੇਸ਼ੀ ਸੇਵਾ ਫੌਜੀ ਅਧਿਕਾਰੀਆਂ (ਐੱਫਐੱਸਏਜ਼) ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਕੌਮੀ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਜੰਗ ਦੀਆਂ ਤਿਆਰੀਆਂ, ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ, ਫੌਜੀ ਹਾਰਡਵੇਅਰ ਵਿੱਚ ਤਬਦੀਲੀ ਅਤੇ ਸਵਦੇਸ਼ੀਕਰਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ, ‘‘ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਭ ਤੋਂ ਹਿੰਸਕ ਦਹਾਕੇ ਵਿੱਚ, ਦੇਸ਼ਾਂ ਵਿੱਚ ਸੰਘਰਸ਼ਾਂ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕਰਨ ਦਾ ਰੁਝਾਨ ਵਧ ਰਿਹਾ ਹੈ।’’ ਰੱਖਿਆ ਮੰਤਰਾਲੇ ਮੁਤਾਬਕ, ‘‘ਉਨ੍ਹਾਂ ਕਿਹਾ ਕਿ ਵਧ ਰਹੀ ਅਨਿਸ਼ਚਿਤਤਾ ਅਤੇ ਅਸੁਰੱਖਿਆ ਦੀ ਭਾਵਨਾ ਦੇਸ਼ਾਂ ਨੂੰ ਆਪੋ-ਆਪਣੀਆਂ ਕੌਮੀ ਸੁਰੱਖਿਆ ਰਣਨੀਤੀਆਂ ਨੂੰ ਨਵਿਆਉਣ ਅਤੇ ਰੱਖਿਆ ’ਤੇ ਖਰਚ ਵਧਾਉਣ ਲਈ ਪ੍ਰੇਰਿਤ ਕਰ ਰਹੀ ਹੈ।’’