16 ਸਤੰਬਰ 2024 : ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਨਕੇ ਪਿੰਡ ਮੋਰਾਂਵਾਲੀ ਤਹਿਸੀਲ ਗੜ੍ਹਸ਼ੰਕਰ, ਜ਼ਿਲ੍ਹਾ ਹੁਸ਼ਿਆਰਪੁਰ ਦੀ ਰਹਿਣ ਵਾਲੀ ਪਰਬਤਰੋਹੀ ਪ੍ਰਿਅੰਕਾ ਦਾਸ ਨੇ ਤਨਜ਼ਾਨੀਆ ਵਿਚ ਸਥਿਤ ਮਾਊਂਟ ਕਿਲੀਮੰਜਾਰੋ ਨਾਮਕ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ਨੂੰ ਸਰ ਕਰਨ ਦਾ ਮਾਣ ਪ੍ਰਾਪਤ ਕੀਤਾ ਹੈ। ਦੱਸ ਦੇਈਏ ਕਿ ‘ਪਰਬਤਰੋਹੀ’ ਉਹ ਜ਼ਾਂਬਾਜ਼ ਇਨਸਾਨ ਹੁੰਦੇ ਹਨ ਜੋ ਆਪਣੀ ਜਾਨ ਜ਼ੋਖ਼ਮ ਵਿਚ ਪਾ ਕੇ ਪਹਾੜਾਂ ’ਤੇ ਚੜ੍ਹਦੇ ਹਨ। ਦ੍ਰਿੜ ਇਰਾਦੇ ਦੀ ਪ੍ਰਤੀਕ ਪਿਤਾ ਸ੍ਰੀ ਨਰਾਇਣ ਦਾਸ ਤੇ ਮਾਤਾ ਰੇਖਾ ਦਾਸ ਦੀ ਇਸ 22 ਸਾਲਾ ਹੋਣਹਾਰ ਧੀ ਨੇ ਅਨੇਕ ਔਕੜਾਂ ਨੂੰ ਪਾਰ ਕਰਦੇ ਪਰਬਤਾਰੋਹ ਵਿਚ ਪੰਜਾਬ ਦਾ ਝੰਡਾ ਬੁਲੰਦ ਕੀਤਾ ਹੈ।

ਪ੍ਰਿਅੰਕਾ ਨੇ ਗੁਰੂ ਨਾਨਕ ਕਾਲਜ ਫਾਰ ਗਰਲਜ਼ ਬੰਗਾ ਤੋਂ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਵੀ ਕੀਤੀ ਹੈ। ਮਾਊਂਟ ਕਿਲੀਮੰਜਾਰੋ ਚੋਟੀ ਦੀ ਸਮੁੰਦਰ ਤਲ ਤੋਂ ਉਚਾਈ 19,341 ਫੁੱਟ ਯਾਨੀ 5,895 ਮੀਟਰ ਹੈ। ਕਿਲੀਮੰਜਾਰੋ ਧਰਤੀ ਦੀ ਚੌਥੀ ਸਭ ਤੋਂ ਪ੍ਰਮੁੱਖ ਭੂਗੋਲਿਕ ਚੋਟੀ ਹੈ। ਇਹ ਕਿਲੀਮੰਜਾਰੋ ਨੈਸ਼ਨਲ ਪਾਰਕ ਦਾ ਹਿੱਸਾ ਹੈ। ਇਸ ਦੇ ਸੁੰਗੜਦੇ ਗਲੇਸ਼ੀਅਰਾਂ ਖੇਤਰਾਂ ਜਿੰਨਾ ਦਾ ਕਿ 2025 ਅਤੇ 2035 ਦੇ ਵਿਚਕਾਰ ਲੋਪ ਹੋਣ ਦਾ ਅਨੁਮਾਨ ਹੈ, ਇਹ ਬਹੁਤ ਸਾਰੇ ਵਿਗਿਆਨਕ ਅਧਿਐਨਾਂ ਦਾ ਵਿਸ਼ਾ ਰਿਹਾ ਹੈ।

ਪ੍ਰਿਅੰਕਾ ਦੇ ਇਸ ਕਾਰਨਾਮੇ ਨੂੰ ਸੱਚ ਕਰ ਵਿਖਾਉਣ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਫੁੱਟਬਾਲ ਕਲੱਬ ਤੇ ਐਕਸ ਸਰਵਿਸਮੈਨ ਵੈਲਫੇਅਰ ਟਰੱਸਟ ਦਾ ਵੱਡਾ ਹੱਥ ਹੈ ਜਿੰਨਾਂ ਦੇ ਸਹਿਯੋਗ ਨਾਲ ਉਹ ਮਾਊਂਟ ਕਿਲੀਮੰਜਾਰੋ ਦੀ ਪਹਾੜੀ ਟ੍ਰੈਕਿੰਗ ਮੁਹਿੰਮ ਵਿਚ ਹਿੱਸਾ ਲੈਣ ਲਈ ਅਫ਼ਰੀਕਾ ਰਵਾਨਾ ਹੋ ਸਕੀ ਸੀ। ਜਿਸ ਉਪਰੰਤ ਪ੍ਰਿਅੰਕਾ ਨੇ ਅਫ਼ਰੀਕਾ ਦੀ ਸਭ ਤੋਂ ਉੱਚੀ ਚੋਟੀ ’ਤੇ ਤਿਰੰਗਾ ਲਹਿਰਾ ਕੇ ਸਾਡਾ ਸਾਰਿਆਂ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ। ਪ੍ਰਿਅੰਕਾ ਨੇ ਮਾਊਂਟ ਕਿਲੀਮੰਜਾਰੋ ਦੀ ਟ੍ਰੈਕਿੰਗ ਵਿਚ ਚੌਥਾ ਸਥਾਨ ਪ੍ਰਾਪਤ ਕੀਤਾ ਤੇ ਜਿਸ ਦਾ ਸਿਹਰਾ ਉਹ ਉਪਰੋਕਤ ਸੰਸਥਾਵਾਂ ਨੂੰ ਦਿੰਦੀ ਹੈ। ਮਾਊਂਟ ਕਿਲੀਮੰਜਾਰੋ ਦੇ ਟੀਚੇ ਨੂੰ ਪ੍ਰਾਪਤ ਕਰਨਾ ਔਖਾ ਸੀ ਪਰੰਤੂ ਦ੍ਰਿੜ ਇੱਛਾ ਸ਼ਕਤੀ, ਲਗਨ, ਹੌਸਲੇ ਤੇ ਪਹਾੜਾਂ ਲਈ ਪਿਆਰ ਨੇ ਪ੍ਰਿਅੰਕਾ ਨੂੰ ਪ੍ਰੇਰਿਤ ਕੀਤਾ।

ਇਸ ਟੀਚੇ ਦੀ ਪ੍ਰਾਪਤੀ ਲਈ ਪ੍ਰਿਅੰਕਾ ਨੇ ਐਨ.ਸੀ.ਸੀ ਵਿਚ ਸ਼ਾਮਿਲ ਹੋਣ ਤੋਂ ਬਾਅਦ, ਉੱਤਰਾਖੰਡ, ਮਨਾਲੀ ਅਤੇ ਜੰਮੂ ਤੋਂ ਪਰਬਤਾਰੋਹ ਦੀ ਬਕਾਇਦਾ ਟ੍ਰੇਨਿੰਗ ਵੀ ਲਈ ਸੀ। ਪ੍ਰਿਅੰਕਾ ਇਕ ਬੇਹੱਦ ਹੀ ਸਾਧਾਰਨ ਪਰਿਵਾਰ ਤੋਂ ਹੈ, ਜਿਸ ਲਈ ਮਾਊਂਟ ਕਿਲੀਮੰਜਾਰੋ ਤੱਕ ਪਹੁੰਚਣਾ ਕੋਈ ਅਸਾਨ ਕੰਮ ਨਹੀਂ ਸੀ ਕਿਉਂਕਿ ਹਵਾਈ ਸਫ਼ਰ, ਗਾਈਡ, ਪਹਾੜੀਆਂ ਉੱਤੇ ਰਹਿਣ ਦਾ ਖ਼ਰਚੇ ਤੋਂ ਇਲਾਵਾ ਸੁਰੱਖਿਆ ਕਿੱਟਾਂ ਦਾ ਖ਼ਰਚੇ ਦੀ ਪੂਰਤੀ ਲਈ ਵੱਡੇ ਵਿੱਤੀ ਸਹਿਯੋਗ ਦੀ ਲੋੜ ਸੀ ਜਿਸ ਵਿਚ ਪ੍ਰਿਅੰਕਾ ਦੀ ਸਹਾਇਤਾ ਪਿੰਡ ਵਾਸੀਆਂ, ਸ਼ਹੀਦ ਭਗਤ ਸਿੰਘ ਫੁੱਟਬਾਲ ਕਲੱਬ, ਐਕਸ ਸਰਵਿਸ ਮੈਨ ਵੈਲਫੇਅਰ ਸੁਸਾਇਟੀ ਅਤੇ ਪਰਵਾਸੀ ਪੰਜਾਬੀਆਂ ਨੇ ਕੀਤੀ। ਪ੍ਰਿਅੰਕਾ ਪਿਛਲੇ ਪੰਜ ਸਾਲ ਤੋਂ ਗੜ੍ਹਸ਼ੰਕਰ ਵਿਖੇ ਹੀ ਪਰਬਤਰੋਹੀ ਦੀ ਟ੍ਰੇਨਿੰਗ ਕੋਚ ਸੂਬੇਦਾਰ ਕੇਵਲ ਸਿੰਘ ਭੱਜਲ ਤੇ ਸ. ਲਖਵਿੰਦਰ ਸਿੰਘ ਪਾਰੋਵਾਲ ਤੋਂ ਪ੍ਰਾਪਤ ਕਰ ਰਹੀ ਹੈ।

ਦੱਸਣਯੋਗ ਹੈ ਕਿ ਮਾਊਂਟ ਕਿਲੀਮੰਜਾਰੋ ਉੱਤੇ ਜਾਣ ਲਈ ਪਹਿਲਾ ਇਛੁੱਕ ਇਨਸਾਨ ਨੂੰ ਆਨਲਾਈਨ ਅਪਲਾਈ ਕਰਨਾ ਪੈਂਦਾ ਹੈ, ਇਸ ਤੋਂ ਬਾਅਦ ਉਸ ਨੂੰ ਸਰੀਰਿਕ ਫਿੱਟਨੈੱਸ ਦੇ ਵੇਰਵੇ ਵੀ ਸਬੰਧਤ ਅਧਿਕਾਰੀਆਂ ਨਾਲ ਸਾਂਝੇ ਕਰਨੇ ਪੈਂਦੇ ਹਨ। ਅਧਿਕਾਰੀ ਟ੍ਰੈਕਿੰਗ ਕਰਨ ਵਾਲੇ ਇਨਸਾਨ ਦੀ ਔਖੇ ਸਮੇਂ ਵਿਚ ਮਾਨਸਿਕ ਸਥਿਤੀ ਦਾ ਵੀ ਜਾਇਜ਼ਾ ਲੈਂਦੇ ਹਨ। ਇਹ ਸਾਰੀ ਪ੍ਰਕਿਰਿਆ ਵਿਚੋਂ ਪਾਸ ਹੋਣ ਤੋਂ ਬਾਅਦ ਹੀ ਟ੍ਰੈਕਿੰਗ ਕਰਨ ਦੀ ਆਿਗਆ ਦਿੱਤੀ ਜਾਂਦੀ ਹੈ। ਚੋਟੀ ਮਾਊਂਟ ਕਿਲੀਮੰਜਾਰੋ ਉੱਤੇ ਜਾਣ ਲਈ ਬੇਸ ਕੈਂਪ ਬਰਾਫੂ ਵਿਖੇ ਬਣਾਇਆ ਗਿਆ ਹੈ। ਬਰਾਫੂ ਤੋਂ ਅੱਗੇ ਕਰੰਗਾ ਕੈਂਪ, ਬਰਾਂਕੋ, ਸ਼ਿਰਾ ਕੇਵ, ਮਕੈਮੇ ਕੈਂਪ ਤੋਂ ਹੁੰਦੇ ਹੋਏ ਕਿਲੀਮੰਜਾਰੋ ਉੱਤੇ ਪਰਬਤਰੋਹੀ ਪਹੁੰਚਦੇ ਹਨ।

ਪ੍ਰਿਅੰਕਾ ਨੂੰ ਇਸ ਸਫ਼ਰ ਨੂੰ ਸਰ ਕਰਨ ਲਈ ਕੁਲ 15 ਦਿਨ ਲੱਗੇ ਅਤੇ ਦੇਸ਼ ਦੀ ਅਾਜ਼ਾਦੀ ਦਿਹਾੜੇ ਮੌਕੇ ਯਾਨੀ ਕਿ 15 ਅਗਸਤ ਵਾਲੇ ਇਤਿਹਾਸਕ ਦਿਨ ਉਸ ਨੇ ਤਿਰੰਗਾ ਝੰਡਾ ਮਾਊਂਟ ਕਿਲੀਮੰਜਾਰੋ ਚੋਟੀ ਉੱਤੇ ਲਹਿਰਾ ਕੇ ਆਪਣਾ ਨਾਮ ਸੁਨਹਿਰੀ ਅੱਖਰਾਂ ਵਿਚ ਦਰਜ ਕਰਵਾ ਲਿਆ। ਉਸ ਦਾ ਅਗਲਾ ਨਿਸ਼ਾਨਾ ਮਾਊਂਟ ਐਵਰੈਸਟ ਚੋਟੀ ਸਰ ਕਰਨ ਦੀ ਹੈ ਜਿਸ ਲਈ ਵੱਡੀ ਆਰਥਿਕ ਸਹਾਇਤਾ ਦੀ ਲੋੜ ਹੈ। ਸੋ ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਹੋਣਹਾਰ ਨੌਜਵਾਨਾਂ ਦੀ ਬਾਂਹ ਫੜੀ ਜਾਏ ਤਾਂ ਜੋ ਅਜਿਹੀਆਂ ਮਾਣਮੱਤੀਆ ਪ੍ਰਾਪਤੀਆਂ ਕਰ ਕੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ। ਜਿਉਂਦੀ ਰਹਿ ਧੀਏ..! •

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।