9 ਸਤੰਬਰ 2024 : ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰ ਇੰਡੀਆ ਨੇ ਪਿਛਲੇ ਵਿੱਤੀ ਸਾਲ (2023-24) ‘ਚ ਸਾਲਾਨਾ ਆਧਾਰ ਉਤੇ ਆਪਣਾ ਘਾਟਾ 60 ਫੀਸਦੀ ਘਟਾ ਕੇ 4,444.10 ਕਰੋੜ ਰੁਪਏ ਕਰ ਦਿੱਤਾ ਹੈ। ਟਾਟਾ ਸੰਨਜ਼ ਦੀ 2023-24 ਦੀ ਸਾਲਾਨਾ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2022-23 ਵਿੱਚ ਏਅਰਲਾਈਨ ਨੂੰ 11,387.96 ਕਰੋੜ ਰੁਪਏ ਦਾ ਘਾਟਾ ਹੋਇਆ ਸੀ।
ਰਿਪੋਰਟ ਮੁਤਾਬਕ ਪਿਛਲੇ ਵਿੱਤੀ ਸਾਲ ਦੌਰਾਨ ਟਰਨਓਵਰ 23.69 ਫੀਸਦੀ ਵਧ ਕੇ 38,812 ਕਰੋੜ ਰੁਪਏ ਹੋ ਗਿਆ, ਜੋ ਵਿੱਤੀ ਸਾਲ 2022-23 ‘ਚ 31,377 ਕਰੋੜ ਰੁਪਏ ਸੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਗਰੁੱਪ ਏਅਰ ਏਸ਼ੀਆ ਇੰਡੀਆ (AEX ਕਨੈਕਟ) ਦੇ ਏਅਰ ਇੰਡੀਆ ਐਕਸਪ੍ਰੈਸ ਨਾਲ ਰਲੇਵੇਂ ਅਤੇ ਵਿਸਤਾਰਾ ਦੇ ਏਅਰ ਇੰਡੀਆ ਨਾਲ ਰਲੇਵੇਂ ਨਾਲ ਆਪਣੀ ਹਵਾਬਾਜ਼ੀ ਖੇਤਰ ਵਿਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਿਹਾ ਹੈ।
ਇਸ ਵਿਚ ਕਿਹਾ ਗਿਆ ਹੈ ਕਿ ਏਅਰ ਇੰਡੀਆ ਨੇ 51,365 ਕਰੋੜ ਰੁਪਏ ਦੀ ਸਾਲਾਨਾ ਕਮਾਈ ਕੀਤੀ ਹੈ। ਇਹ ਵਿੱਤੀ ਸਾਲ 2022-23 ਦੇ ਮੁਕਾਬਲੇ 24.5 ਫੀਸਦੀ ਜ਼ਿਆਦਾ ਹੈ। ਸਾਲਾਨਾ ਰਿਪੋਰਟ ਦੇ ਅਨੁਸਾਰ, 2022-23 ਵਿੱਚ ਯਾਤਰੀਆਂ ਦੀ ਗਿਣਤੀ ਵਿੱਚ ਵੀ 82 ਪ੍ਰਤੀਸ਼ਤ ਦੇ ਮੁਕਾਬਲੇ 85 ਪ੍ਰਤੀਸ਼ਤ ਦਾ ਸੁਧਾਰ ਹੋਇਆ ਹੈ।
ਰਿਪੋਰਟ ਵਿਚ ਕਿਹਾ ਗਿਆ ਹੈ ਕਿ 2023-24 ਦੌਰਾਨ 4.04 ਕਰੋੜ ਲੋਕਾਂ ਨੇ ਕੰਪਨੀ ਦੀਆਂ 55 ਘਰੇਲੂ ਅਤੇ 44 ਅੰਤਰਰਾਸ਼ਟਰੀ ਸਥਾਨਾਂ ਦੀਆਂ ਰੋਜ਼ਾਨਾ 800 ਉਡਾਣਾਂ ਵਿੱਚ ਯਾਤਰਾ ਕੀਤੀ। ਟਾਟਾ ਗਰੁੱਪ ਤਿੰਨ ਏਅਰਲਾਈਨਾਂ – ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈਸ ਅਤੇ ਏਆਈਐਕਸ ਦਾ ਇਕਲੌਤਾ ਮਾਲਕ ਹੈ। ਇਸ ਦੇ ਨਾਲ ਹੀ, ਵਿਸਤਾਰਾ ਅਤੇ ਸਿੰਗਾਪੁਰ ਏਅਰਲਾਈਨਜ਼ ਵਿਚਕਾਰ 51:49 ਦਾ ਸਾਂਝਾ ਉੱਦਮ ਹੈ।
ਇਹ ਪਹਿਲਾਂ ਹੀ ਘੋਸ਼ਣਾ ਕੀਤੀ ਜਾ ਚੁੱਕੀ ਹੈ ਕਿ ਵਿਸਤਾਰਾ ਆਪਣੇ ਬੈਨਰ ਹੇਠ 11 ਨਵੰਬਰ ਨੂੰ ਆਪਣੀ ਆਖਰੀ ਉਡਾਣ ਚਲਾਏਗੀ ਅਤੇ ਇਸ ਦੇ ਸੰਚਾਲਨ ਨੂੰ 12 ਨਵੰਬਰ ਨੂੰ ਏਅਰ ਇੰਡੀਆ ਨਾਲ ਮਿਲਾਇਆ ਜਾਵੇਗਾ। ਇਸ ਤੋਂ ਇਲਾਵਾ ਏਅਰ ਇੰਡੀਆ ਐਕਸਪ੍ਰੈਸ ਦੇ ਮੁਖੀ ਆਲੋਕ ਸਿੰਘ ਨੇ ਸ਼ੁੱਕਰਵਾਰ ਨੂੰ ਇੱਕ ਅੰਦਰੂਨੀ ਸੰਚਾਰ ਵਿੱਚ ਕਿਹਾ ਕਿ ਏਆਈਐਕਸ ਕਨੈਕਟ ਨੂੰ 1 ਅਕਤੂਬਰ ਨੂੰ ਉਨ੍ਹਾਂ ਨਾਲ ਮਿਲਾਇਆ ਜਾਵੇਗਾ।