3 ਸਤੰਬਰ 2024 : ਭਾਰਤ ਦੀ ਸਿਖਰਲੀ ਬੈਡਮਿੰਟਨ ਖਿਡਾਰਨ ਅਤੇ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਸਾਇਨਾ ਨੇਹਵਾਲ ਨੇ ਦੱਸਿਆ ਕਿ ਉਹ ਗਠੀਏ ਨਾਲ ਜੂਝ ਰਹੀ ਹੈ ਅਤੇ ਉਹ ਇਸ ਸਾਲ ਦੇ ਅੰਤ ਤੱਕ ਸੰਨਿਆਸ ਬਾਰੇ ਫ਼ੈਸਲਾ ਕਰ ਸਕਦੀ ਹੈ। ਉਸ ਨੇ ਦੱਸਿਆ ਕਿ ਬਿਮਾਰੀ ਕਾਰਨ ਉਸ ਨੂੰ ਆਮ ਵਾਂਗ ਅਭਿਆਸ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਨਿਸ਼ਾਨੇਬਾਜ਼ ਗਗਨ ਨਾਰੰਗ ਦੇ ਪੋਡਕਾਸਟ ਵਿੱਚ ਨੇਹਵਾਲ ਨੇ ਕਿਹਾ, ‘ਮੇਰੇ ਗੋਡੇ ਠੀਕ ਨਹੀਂ ਹਨ। ਮੈਨੂੰ ਗਠੀਆ ਹੈ। ਅਜਿਹੇ ’ਚ ਅੱਠ-ਨੌਂ ਘੰਟੇ ਤੱਕ ਖੇਡਣਾ ਬਹੁਤ ਮੁਸ਼ਕਲ ਹੈ। ਅਜਿਹੇ ਹਾਲਾਤ ’ਚ ਦੁਨੀਆ ਦੀਆਂ ਸਰਬੋਤਮ ਖਿਡਾਰਨਾਂ ਨੂੰ ਤੁਸੀਂ ਚੁਣੌਤੀ ਕਿਵੇਂ ਦੇ ਸਕਦੇ ਹੋ।’
ਉਸ ਨੇ ਕਿਹਾ, ‘ਮੈਂ ਸੰਨਿਆਸ ਲੈਣ ਬਾਰੇ ਸੋਚ ਰਹੀ ਹਾਂ। ਮੈਨੂੰ ਪਤਾ ਹੈ ਕਿ ਇਸ ਬਾਰੇ ਫ਼ੈਸਲਾ ਕਰਨਾ ਬਹੁਤ ਔਖਾ ਹੋਵੇਗਾ।’ ਉਸ ਨੇ ਕਿਹਾ, ‘‘ਮੇਰਾ ਕਰੀਅਰ ਵੀ ਲੰਮਾ ਰਿਹਾ ਹੈ ਅਤੇ ਮੈਨੂੰ ਇਸ ’ਤੇ ਮਾਣ ਹੈ। ਮੈਂ ਆਪਣੀਆਂ ਪ੍ਰਾਪਤੀਆਂ ਤੋਂ ਖੁਸ਼ ਹਾਂ।’’ ਜ਼ਿਕਰਯੋਗ ਹੈ ਕਿ ਸਾਇਨਾ ਭਾਜਪਾ ਮੈਂਬਰ ਵੀ ਹੈ।