28 ਅਗਸਤ 2024 : ਭਾਰਤੀ ਟੈਨਿਸ ਖਿਡਾਰੀ ਸੁਮਿਤ ਨਾਗਲ ਇੱਥੇ ਯੂਐੱਸ ਓਪਨ ਟੈਨਿਸ ਟੂਰਨਾਮੈਂਟ ਦੇ ਪੁਰਸ਼ ਸਿੰਗਲਜ਼ ਵਰਗ ਦੇ ਸ਼ੁਰੂਆਤੀ ਗੇੜ ਵਿੱਚ ਨੈਦਰਲੈਂਡਜ਼ ਦੇ ਟੈਲਨ ਗ੍ਰੀਕਸਪੂਰ ਤੋਂ ਸਿੱਧੇ ਸੈੱਟਾਂ ਵਿੱਚ ਹਾਰ ਕੇ ਬਾਹਰ ਹੋ ਗਿਆ। ਬੀਤੀ ਰਾਤ ਖੇਡੇ ਗਏ ਮੈਚ ’ਚ ਉਸ ਨੂੰ 1-6, 3-6, 6-7 (8) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਦੋ ਘੰਟੇ 20 ਮਿੰਟ ਤੱਕ ਚੱਲੇ ਇਸ ਮੈਚ ਵਿੱਚ ਝੱਜਰ ਦੇ 27 ਸਾਲਾ ਨਾਗਲ ਨੂੰ ਲੈਅ ਵਿੱਚ ਆਉਣ ’ਚ ਕੁਝ ਸਮਾਂ ਲੱਗਾ। ਉਸ ਨੇ ਸ਼ੁਰੂ ਵਿੱਚ ਕਈ ਗ਼ਲਤੀਆਂ ਕੀਤੀਆਂ ਜਿਸ ਦਾ ਖਮਿਆਜ਼ਾ ਉਸ ਨੂੰ ਅੰਤ ਵਿਚ ਭੁਗਤਣਾ ਪਿਆ। ਦੂਜੇ ਸੈੱਟ ਵਿੱਚ ਜਦੋਂ ਨਾਗਲ 3-5 ਨਾਲ ਪਿੱਛੇ ਚੱਲ ਰਿਹਾ ਸੀ ਤਾਂ ਹਲਕੇ ਮੀਂਹ ਕਾਰਨ ਖੇਡ ਰੋਕਣੀ ਪਈ। ਇਸ ਤੋਂ ਬਾਅਦ ਚੰਗਾ ਪ੍ਰਦਰਸ਼ਨ ਕਰਨ ਦੇ ਬਾਵਜੂਦ ਉਹ ਜਿੱਤਣ ਵਿੱਚ ਕਾਮਯਾਬ ਨਹੀਂ ਹੋ ਸਕਿਆ। ਨਾਗਲ ਹੁਣ ਪੁਰਸ਼ ਡਬਲਜ਼ ਵਿੱਚ ਚੁਣੌਤੀ ਪੇਸ਼ ਕਰੇਗਾ।