26 ਅਗਸਤ 2024 ਕੇਂਦਰ ਸਰਕਾਰ ਨੇ ਸ਼ਨੀਵਾਰ ਨੂੰ ਇੱਕ ਬੀਮਾ ਕੰਪਨੀ ਨੂੰ ਮਹਾਰਾਸ਼ਟਰ ਦੇ ਪਰਭਨੀ ਜ਼ਿਲ੍ਹੇ ਵਿੱਚ ਲਗਭਗ ਦੋ ਲੱਖ ਕਿਸਾਨਾਂ ਦੇ 225 ਕਰੋੜ ਰੁਪਏ ਤੱਕ ਦੇ ਬਕਾਇਆ ਦਾਅਵਿਆਂ (Claims) ਦਾ ਇੱਕ ਹਫ਼ਤੇ ਦੇ ਅੰਦਰ ਭੁਗਤਾਨ ਕਰਨ ਦਾ ਨਿਰਦੇਸ਼ ਦਿੱਤਾ ਹੈ।
ਇਹ ਹੁਕਮ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ 21 ਅਗਸਤ ਨੂੰ ਨਾਂਦੇੜ ਵਿੱਚ ਕਿਸਾਨਾਂ ਨਾਲ ਗੱਲਬਾਤ ਤੋਂ ਬਾਅਦ ਆਇਆ ਹੈ। ਨਾਂਦੇੜ ਵਿੱਚ ਸੋਇਆਬੀਨ ਦੀ ਫ਼ਸਲ ਦੇ ਬੀਮੇ ਦੇ ਦਾਅਵਿਆਂ ਦਾ ਮੁੱਦਾ ਉਠਾਇਆ ਗਿਆ ਸੀ।
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨੇ 22 ਅਗਸਤ ਨੂੰ ਰਾਸ਼ਟਰੀ ਤਕਨੀਕੀ ਸਲਾਹਕਾਰ ਕਮੇਟੀ (ਟੀਏਸੀ) ਦੀ ਮੀਟਿੰਗ ਕੀਤੀ। ਅਧਿਕਾਰਤ ਬਿਆਨ ਵਿਚ ਕਿਹਾ ਗਿਆ ਹੈ ਕਿ ਕਮੇਟੀ ਨੇ ਫਸਲਾਂ ਦੀ ਕਟਾਈ ਨਾਲ ਸਬੰਧਤ ਪ੍ਰਯੋਗਾਂ ‘ਤੇ ਬੀਮਾ ਕੰਪਨੀ ਦੇ ਇਤਰਾਜ਼ਾਂ ਨੂੰ ਰੱਦ ਕਰ ਦਿੱਤਾ ਅਤੇ ਬਕਾਇਆ ਦਾਅਵਿਆਂ ਦਾ ਨਿਪਟਾਰਾ ਕਰਨ ਦੇ ਆਦੇਸ਼ ਦਿੱਤੇ। ਬਿਆਨ ‘ਚ ਬੀਮਾ ਕੰਪਨੀ ਦੇ ਨਾਂ ਦਾ ਜ਼ਿਕਰ ਨਹੀਂ ਕੀਤਾ ਗਿਆ ਹੈ।
ਕੇਂਦਰੀ ਟੀਏਸੀ ਨੇ ਸ਼ਨੀਵਾਰ ਨੂੰ ਬੀਮਾ ਕੰਪਨੀ ਨੂੰ ਸੱਤ ਦਿਨਾਂ ਦੇ ਅੰਦਰ ਬਕਾਇਆ ਰਕਮ ਦਾ ਭੁਗਤਾਨ ਕਰਨ ਦਾ ਆਦੇਸ਼ ਜਾਰੀ ਕੀਤਾ। ਇਸ ਫੈਸਲੇ ਨਾਲ ਪਰਭਨੀ ਜ਼ਿਲ੍ਹੇ ਦੇ ਕਰੀਬ ਦੋ ਲੱਖ ਕਿਸਾਨਾਂ ਨੂੰ ਫਾਇਦਾ ਹੋਵੇਗਾ। ਇਨ੍ਹਾਂ ਕਿਸਾਨਾਂ ਨੂੰ 200 ਤੋਂ 225 ਕਰੋੜ ਰੁਪਏ ਦਿੱਤੇ ਜਾਣਗੇ।
ਨਾਂਦੇੜ ਦੇ ਦੌਰੇ ਦੌਰਾਨ ਪਰਭਣੀ ਜ਼ਿਲ੍ਹੇ ਦੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਸਮੱਸਿਆ ਬਾਰੇ ਜਾਣੂ ਕਰਵਾਉਣ ਤੋਂ ਬਾਅਦ ਖੇਤੀਬਾੜੀ ਅਧਿਕਾਰੀਆਂ ਨੂੰ ਤੁਰੰਤ ਸਮੱਸਿਆ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ ਸਨ। ਇਸ ਕਾਰਵਾਈ ਨਾਲ ਮਰਾਠਵਾੜਾ ਖੇਤਰ ਦੇ ਪ੍ਰਭਾਵਿਤ ਕਿਸਾਨਾਂ ਨੂੰ ਵਿੱਤੀ ਰਾਹਤ ਮਿਲਣ ਦੀ ਉਮੀਦ ਹੈ। ਇਹ ਇਲਾਕਾ ਸੋਇਆਬੀਨ ਦੀ ਮਹੱਤਵਪੂਰਨ ਕਾਸ਼ਤ ਲਈ ਜਾਣਿਆ ਜਾਂਦਾ ਹੈ।