26 ਅਗਸਤ 2024 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਖਿਲਾਫ਼ ਅਪਰਾਧ ਨੂੰ ਨਾ-ਮੁਆਫ਼ੀਯੋਗ ਪਾਪ ਕਰਾਰ ਦਿੰਦਿਆਂ ਕਿਹਾ ਕਿ ਦੋਸ਼ੀਆਂ ਨੂੰ ਬਖ਼ਸ਼ਿਆ ਨਹੀਂ ਜਾਣਾ ਚਾਹੀਦਾ।

ਕੋਲਕਾਤਾ ਦੇ ਆਰ ਜੀ ਕਰ ਹਸਪਤਾਲ ਵਿੱਚ ਇਕ 31 ਸਾਲਾ ਟਰੇਨੀ ਡਾਕਟਰ ਨਾਲ ਬੇਰਹਿਮੀ ਨਾਲ ਜਬਰ-ਜਨਾਹ ਮਗਰੋਂ ਕਤਲ ਕੀਤੇ ਜਾਣ ਦੀ ਘਟਨਾ ਦੇ ਵਿਰੋਧ ਵਿੱਚ ਦੇਸ਼ ਭਰ ’ਚ ਸ਼ੁਰੂ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਮੋਦੀ ਦੀ ਇਹ ਸਖਤ ਟਿੱਪਣੀ ਸਾਹਮਣੇ ਆਈ ਹੈ।

ਉੱਤਰੀ ਮਹਾਰਾਸ਼ਟਰ ਦੇ ਜਲਗਾਓਂ ਵਿੱਚ ‘ਲਖਪਤੀ ਦੀਦੀ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਔਰਤਾਂ ਦੀ ਸੁਰੱਖਿਆ ਤਰਜੀਹ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ, ‘‘ਮਾਵਾਂ, ਭੈਣਾਂ ਤੇ ਧੀਆਂ ਦੀ ਸੁਰੱਖਿਆ ਦੇਸ਼ ਦੀ ਤਰਜੀਹ ਹੈ। ਮੈਂ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਵਾਰ-ਵਾਰ ਇਹ ਮੁੱਦਾ ਚੁੱਕਿਆ ਹੈ। ਦੇਸ਼ ਦਾ ਕੋਈ ਵੀ ਰਾਜ ਹੋਵੇ, ਮੈਂ ਆਪਣੀਆਂ ਭੈਣਾਂ ਤੇ ਧੀਆਂ ਦੀ ਪੀੜ ਤੇ ਗੁੱਸੇ ਨੂੰ ਸਮਝਦਾ ਹਾਂ।’’ ਸ੍ਰੀ ਮੋਦੀ ਨੇ ਕਿਹਾ ਕਿ ਉਹ ਹਰੇਕ ਸਿਆਸੀ ਪਾਰਟੀ ਤੇ ਸੂਬਾ ਸਰਕਾਰ ਨੂੰ ਦੱਸਣਗੇ ਕਿ ਔਰਤਾਂ ਖਿਲਾਫ਼ ਅਪਰਾਧ ਨਾ-ਮੁਆਫੀਯੋਗ ਪਾਪ ਹੈ। ਜੋ ਵੀ ਕੋਈ ਦੋਸ਼ੀ ਹੈ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ, ‘‘ਔਰਤਾਂ ਖਿਲਾਫ਼ ਅਪਰਾਧਾਂ ਦੇ ਸਾਜ਼ਿਸ਼ਘਾੜਿਆਂ ਦੀ ਮਦਦ ਕਰਨ ਵਾਲੇ ਬਖ਼ਸ਼ੇ ਨਹੀਂ ਜਾਣੇ ਚਾਹੀਦੇ। ਹਸਪਤਾਲ ਹੋਵੇ ਜਾਂ ਫਿਰ ਸਕੂਲ, ਸਰਕਾਰ ਜਾਂ ਪੁਲੀਸ ਪ੍ਰਬੰਧ, ਜਿਸ ਕਿਸੇ ਪੱਧਰ ’ਤੇ ਅਣਗਹਿਲੀ ਹੋਈ ਹੈ, ਹਰੇਕ ਦੀ ਜਵਾਬਦੇਹੀ ਨਿਰਧਾਰਿਤ ਹੋਣੀ ਚਾਹੀਦੀ ਹੈ।’’ ਉਨ੍ਹਾਂ ਕਿਹਾ, ‘‘ਇਹ ਸੁਨੇਹਾ ਉੱਪਰ ਤੋਂ ਹੇਠਾਂ ਤੱਕ ਜਾਣਾ ਚਾਹੀਦਾ ਹੈ। ਇਹ ਪਾਪ ਨਾ-ਮੁਆਫ਼ੀਯੋਗ ਹੈ। ਸਰਕਾਰਾਂ ਆਉਂਦੀਆਂ-ਜਾਂਦੀਆਂ ਰਹਿਣਗੀਆਂ ਪਰ ਔਰਤਾਂ ਦੇ ਮਾਣ ਤੇ ਜੀਵਨ ਦੀ ਰਾਖੀ… ਸਮਾਜ ਤੇ ਸਰਕਾਰ ਦੋਹਾਂ ਵਜੋਂ ਸਾਡੇ ਸਾਰਿਆਂ ’ਤੇ ਵੱਡੀ ਜ਼ਿੰਮੇਵਾਰੀ ਹੈ।’’ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਦਸ ਸਾਲਾਂ ਵਿੱਚ ਮਹਿਲਾਵਾਂ ਲਈ ਕਿਤੇ ਵੱਧ ਕੀਤਾ ਹੈ ਜੋ ਕਿ ਆਜ਼ਾਦੀ ਤੋਂ ਬਾਅਦ ਦੀਆਂ ਸਾਰੀਆਂ ਸਰਕਾਰਾਂ ਨੇ ਨਹੀਂ ਕੀਤਾ। ਸਰਕਾਰ ਦੇ ‘ਸਖੀ ਮੰਡਲ’ ਪ੍ਰੋਗਰਾਮ ਦਾ ਹਵਾਲਾ ਦਿੰਦਿਆਂ ਮੋਦੀ ਨੇ ਕਿਹਾ, ‘‘ਸਾਲ 2014 ਤੱਕ ਮਹਿਲਾ ਤੇ ਸਹਾਇਤਾ ਸਮੂਹਾਂ ਨੂੰ 25,000 ਕਰੋੜ ਰੁਪਏ ਤੋਂ ਘੱਟ ਕਰਜ਼ੇ ਦਿੱਤੇ ਗਏ ਸਨ ਪਰ ਪਿਛਲੇ 10 ਸਾਲਾਂ ਵਿੱਚ ਨੌਂ ਲੱਖ ਕਰੋੜ ਰੁਪਏ ਦੇ ਕਰਜ਼ੇ ਦਿੱਤੇ ਗਏ ਹਨ।’’ ਜਲਗਾਓਂ ਵਿੱਚ ਲਖਪਤੀ ਦੀਦੀ ਨਾਲ ਗੱਲ ਕਰਦੇ ਹੋਏ ਮੋਦੀ ਨੇ 2500 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ, ਜਿਸ ਨਾਲ 4.3 ਲੱਖ ਸਵੈ-ਸੇਵੀ ਸਮੂਹਾਂ ਦੇ 48 ਲੱਖ ਮੈਂਬਰਾਂ ਨੂੰ ਲਾਭ ਮਿਲੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਲਖਪਤੀ ਦੀਦੀ ਯੋਜਨਾ ਦਾ ਉਦੇਸ਼ ਨਾ ਸਿਰਫ ਔਰਤਾਂ ਦੀ ਆਮਦਨ ਵਧਾਉਣਾ ਹੈ ਬਲਕਿ ਭਵਿੱਖ ਦੀਆਂ ਪੀੜ੍ਹੀਆਂ ਨੂੰ ਤਾਕਤਵਰ ਬਣਾਉਣਾ ਵੀ ਹੈ। ਉਨ੍ਹਾਂ ਕਿਹਾ, ‘‘ਤੁਸੀਂ ਸੁਣਿਆ ਹੋਵੇਗਾ ਕਿ ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਅਰਥਚਾਰਾ ਬਣਨ ਜਾ ਰਿਹਾ ਹੈ। ਇਸ ਵਿੱਚ ਔਰਤਾਂ ਦੀ ਬਹੁਤ ਵੱਡੀ ਭੂਮਿਕਾ ਹੈ। ਹਾਲਾਂਕਿ, ਕੁਝ ਸਾਲ ਪਹਿਲਾਂ ਤੱਕ ਅਜਿਹਾ ਨਹੀਂ ਸੀ।’

ਸਾਰਿਆਂ ਲਈ ਪਹੁੰਚਯੋਗ ਨਿਆਂ ਦੀ ਗਾਰੰਟੀ ਸਭ ਤੋਂ ਅਹਿਮ’

ਜੈਪੁਰ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਕਿਉਂਕਿ ਦੇਸ਼ ਇਕ ਵਿਕਸਤ ਭਾਰਤ ਦੇ ਸੁਫਨੇ ਵੱਲ ਵਧ ਰਿਹਾ ਹੈ, ਇਸ ਵਾਸਤੇ ਸਾਰਿਆਂ ਲਈ ਸਾਧਾਰਨ ਤੇ ਪਹੁੰਚਯੋਗ ਨਿਆਂ ਸਭ ਤੋਂ ਅਹਿਮ ਹੈ। ਉਹ ਜੋਧਪੁਰ ਵਿੱਚ ਰਾਜਸਥਾਨ ਹਾਈ ਕੋਰਟ ਦੇ ਪਲੈਟੀਨਮ ਜੁਬਲੀ ਸਮਾਰੋਹਾਂ ਨੂੰ ਸੰਬੋਧਨ ਕਰ ਰਹੇ ਸਨ। ਮੋਦੀ ਨੇ ‘ਧਰਮ ਨਿਰਪੱਖ ਸਿਵਲ ਕੋਡ’ ਸਬੰਧੀ ਆਜ਼ਾਦੀ ਦਿਹਾੜੇ ਮੌਕੇ ਕੀਤੀ ਆਪਣੀ ਟਿੱਪਣੀ ਦਾ ਹਵਾਲਾ ਦਿੰਦਿਆਂ ਕਿਹਾ ਕਿ ਦਹਾਕਿਆਂ ਤੋਂ ਨਿਆਂ ਪ੍ਰਣਾਲੀ ਇਸ ਦੀ ਵਕਾਲਤ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ, ‘‘ਅੱਜ ਦੇ ਲੋਕਾਂ ਦੇ ਸੁਫਨੇ, ਉਨ੍ਹਾਂ ਦੀਆਂ ਇੱੱਛਾਵਾਂ ਵੱਡੀਆਂ ਹਨ, ਇਸ ਵਾਸਤੇ ਇਹ ਜ਼ਰੂਰੀ ਹੈ ਕਿ ਸਾਡੀਆਂ ਪ੍ਰਣਾਲੀਆਂ ਆਧੁਨਿਕ ਹੋਣ।’’

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।