23 ਅਗਸਤ 2024 : ਜਦੋਂ ਤੋਂ ਕੌਫ਼ੀ ਹੋਂਦ ਵਿੱਚ ਆਈ ਹੈ, ਉਸ ਸਮੇਂ ਤੋਂ ਲੈ ਕੇ ਹੁਣ ਤੱਕ ਕੌਫ਼ੀ ਦੇ ਸਕਾਰਾਤਮਕ ਅਤੇ ਨਕਾਰਾਤਮਕ ਪ੍ਰਭਾਵਾਂ ਨੂੰ ਲੈ ਕੇ ਕਈ ਖੋਜਾਂ ਕੀਤੀਆਂ ਜਾ ਚੁੱਕੀਆਂ ਹਨ ਤੇ ਕਈ ਅਜੇ ਵੀ ਜਾਰੀ ਹਨ। ਕੌਫ਼ੀ ਵਿੱਚ ਕੈਫੀਨ ਕੰਪਾਊਂਡ ਹੁੰਦਾ ਹੈ ਜੋ ਚੌਕਸਤਾ ਵਧਾਉਂਦਾ ਹੈ। ਇਸ ਲਈ ਜਦੋਂ ਤੁਸੀਂ ਕੌਫ਼ੀ ਪੀਂਦੇ ਹੋ ਤਾਂ ਤੁਸੀਂ ਤਾਜ਼ਗੀ ਮਹਿਸੂਸ ਕਰਦੇ ਹੋ। ਪਰ ਇਸ ਦੀ ਮਾਤਰਾ ਕਿੰਨੀ ਹੋਣੀ ਚਾਹੀਦੀ ਹੈ, ਇਸ ਬਾਰੇ ਕੋਈ ਖਾਸ ਖੋਜ ਨਹੀਂ ਹੋਈ ਹੈ।

ਹੁਣ ਪਹਿਲੀ ਵਾਰ ਇੱਕ ਅਧਿਐਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇਕਰ ਤੁਸੀਂ ਹਫ਼ਤੇ ਵਿੱਚ ਪੰਜ ਦਿਨ ਕੌਫ਼ੀ ਪੀਂਦੇ ਹੋ, ਤਾਂ ਇਹ ਕਾਰਡੀਓਵੈਸਕੁਲਰ ਸਿਹਤ ਨੂੰ ਵਿਗਾੜ ਸਕਦੀ ਹੈ ਅਤੇ ਇਹ ਦਿਲ ਦੇ ਦੌਰੇ ਦਾ ਖ਼ਤਰਾ ਵਧਾਉਂਦੀ ਹੈ। ਏਸੀਸੀ ਏਸ਼ੀਆ 2024 ਵਿੱਚ ਪ੍ਰਕਾਸ਼ਿਤ ਇਸ ਰਿਸਰਚ ਪੇਪਰ ਵਿੱਚ ਕਿਹਾ ਗਿਆ ਹੈ ਕਿ ਕੋਈ ਵਿਅਕਤੀ ਭਾਵੇਂ ਕਿੰਨਾ ਵੀ ਸਿਹਤਮੰਦ ਕਿਉਂ ਨਾ ਹੋਵੇ, ਜੇਕਰ ਉਹ ਹਫ਼ਤੇ ਵਿੱਚ ਪੰਜ ਦਿਨ ਬਹੁਤ ਜ਼ਿਆਦਾ ਕੌਫ਼ੀ ਪੀਂਦਾ ਹੈ ਤਾਂ ਉਸ ਨੂੰ ਦਿਲ ਦੀ ਬਿਮਾਰੀ ਦਾ ਖ਼ਤਰਾ ਰਹਿੰਦਾ ਹੈ।

ਮੈਡੀਕਲ ਨਿਊਜ਼ ਟੂਡੇ ਦੇ ਅਨੁਸਾਰ, ਇਸ ਅਧਿਐਨ ਵਿੱਚ 92 ਸਿਹਤਮੰਦ ਲੋਕਾਂ ਨੂੰ ਸ਼ਾਮਲ ਕੀਤਾ ਗਿਆ ਸੀ, ਜਿਨ੍ਹਾਂ ਦੀ ਉਮਰ 18 ਤੋਂ 45 ਸਾਲ ਦੇ ਵਿਚਕਾਰ ਸੀ। ਅਧਿਐਨ ਤੋਂ ਪਹਿਲਾਂ ਇਨ੍ਹਾਂ ਸਾਰੇ ਲੋਕਾਂ ਦਾ ਬਲੱਡ ਪ੍ਰੈਸ਼ਰ ਅਤੇ ਪਲਸ ਰੇਟ ਮਾਪਿਆ ਗਿਆ ਸੀ। ਇਸ ਤੋਂ ਬਾਅਦ ਹਰੇਕ ਵਿਅਕਤੀ ਦੇ ਖੂਨ ਵਿੱਚ ਕੈਫੀਨ ਦੀ ਮਾਤਰਾ ਨੂੰ ਵੀ ਮਾਪਿਆ ਗਿਆ। ਇਸ ਤੋਂ ਬਾਅਦ ਬਲੱਡ ਪ੍ਰੈਸ਼ਰ ਅਤੇ ਪਲਸ ਰੇਟ ਦੀ ਦੁਬਾਰਾ ਜਾਂਚ ਕੀਤੀ ਗਈ। ਇਸ ਦੇ ਨਾਲ ਖੋਜਕਰਤਾਵਾਂ ਨੇ ਇਹ ਪਤਾ ਲਗਾਇਆ ਕਿ ਇਹ ਲੋਕ ਦਿਨ ਵਿੱਚ ਕਿੰਨੀ ਵਾਰ ਕੌਫ਼ੀ ਪੀਂਦੇ ਹਨ ਅਤੇ ਹਫ਼ਤੇ ਵਿੱਚ ਕਿੰਨੇ ਦਿਨ ਕੌਫ਼ੀ ਪੀਂਦੇ ਹਨ। ਜ਼ਾਈਡਸ ਮੈਡੀਕਲ ਕਾਲਜ, ਦਾਹੋਦ (ਗੁਜਰਾਤ) ਦੇ Department of Internal Medicine ਦੀ ਖੋਜਕਰਤਾ ਨੈਨਸੀ ਕਾਗਥਾਰਾ ਨੇ ਕਿਹਾ ਕਿ ਨਿਯਮਤ ਤੌਰ ‘ਤੇ ਕੈਫੀਨ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ ਪੈਰਾਸਿਮਪੈਥੀਟਿਕ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਇਸ ਨਾਲ ਬਲੱਡ ਪ੍ਰੈਸ਼ਰ ਅਤੇ ਦਿਲ ਦੀ ਧੜਕਨ ਵਧਦੀ ਹੈ।

 4 ਕੱਪ ਤੋਂ ਜ਼ਿਆਦਾ ਕੌਫ਼ੀ ਪੀਣਾ ਖਤਰਨਾਕ:
ਖੋਜਕਰਤਾਵਾਂ ਨੇ ਕਿਹਾ ਕਿ ਇਹ ਕ੍ਰੋਨਿਕ ਕੈਫੀਨ ਦੀ ਆਦਤ ਵਾਲੇ ਲੋਕਾਂ ਵਿੱਚ ਹੁੰਦਾ ਹੈ। ਕੈਫੀਨ ਦਾ ਮਤਲਬ ਸਿਰਫ ਕੌਫ਼ੀ ਹੀ ਨਹੀਂ ਹੁੰਦਾ ਸਗੋਂ ਚਾਹ,ਕੋਲਡ ਡ੍ਰਿੰਕ ਅਤੇ ਐਨਰਜੀ ਡਰਿੰਕਸ ਵਿੱਚ ਵੀ ਕੈਫੀਨ ਹੁੰਦੀ ਹੈ। ਚਾਹ ਵਿੱਚ ਕੈਫੀਨ ਹੁੰਦੀ ਹੈ ਪਰ ਇਹ ਘੱਟ ਹੁੰਦੀ ਹੈ। ਪਰ ਜੇਕਰ ਤੁਸੀਂ ਚਾਹ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਖੂਨ ‘ਚ ਕੈਫੀਨ ਦੀ ਮਾਤਰਾ ਵਧ ਜਾਂਦੀ ਹੈ। ਇਸ ਨੂੰ ਕ੍ਰੋਨਿਕ ਕੈਫੀਨ ਐਡਿਕਸ਼ਨ ਕਿਹਾ ਜਾਵੇਗਾ। ਅਜਿਹੇ ‘ਚ ਜੇਕਰ ਤੁਸੀਂ 5 ਦਿਨਾਂ ਤੱਕ ਕੌਫ਼ੀ ਦਾ ਸੇਵਨ ਕਰਦੇ ਹੋ ਜਾਂ 5 ਦਿਨਾਂ ਤੱਕ ਜ਼ਿਆਦਾ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਦਾ ਦਿਲ ਦੀ ਸਿਹਤ ‘ਤੇ ਬੁਰਾ ਪ੍ਰਭਾਵ ਪੈਂਦਾ ਹੈ।

ਅਧਿਐਨ ਵਿੱਚ ਪਾਇਆ ਗਿਆ ਕਿ 19 ਪ੍ਰਤੀਸ਼ਤ ਲੋਕ ਲੰਬੇ ਸਮੇਂ ਤੋਂ ਕੈਫੀਨ ਦੀ ਲਤ ਦੇ ਸ਼ਿਕਾਰ ਸਨ। ਇਹ ਲੋਕ ਇੱਕ ਦਿਨ ਵਿੱਚ 400 ਮਿਲੀਗ੍ਰਾਮ ਕੈਫੀਨ ਲੈਂਦੇ ਸਨ। 400 ਮਿਲੀਗ੍ਰਾਮ ਕੈਫੀਨ ਦਾ ਮਤਲਬ ਹੈ ਕਿ ਇਹ ਲੋਕ ਹਰ ਰੋਜ਼ 4 ਕੱਪ ਕੌਫ਼ੀ ਜਾਂ ਦੋ ਐਨਰਜੀ ਡਰਿੰਕਸ ਜਾਂ 10 ਕੈਨ ਸੋਡਾ ਪੀਂਦੇ ਹਨ। ਹਾਲਾਂਕਿ 400 ਮਿਲੀਗ੍ਰਾਮ ਕੈਫੀਨ ਦਾ ਕੋਈ ਬਹੁਤ ਬੁਰਾ ਪ੍ਰਭਾਵ ਨਹੀਂ ਪੈਂਦਾ, ਪਰ ਜਦੋਂ ਇਹ ਮਾਤਰਾ ਇਸ ਤੋਂ ਵੱਧ ਜਾਂਦੀ ਹੈ ਤਾਂ ਇਹ ਦਿਲ ਦੀ ਧੜਕਣ ਅਤੇ ਬਲੱਡ ਪ੍ਰੈਸ਼ਰ ਨੂੰ ਵਧਾਉਣਾ ਸ਼ੁਰੂ ਕਰ ਦਿੰਦੀ ਹੈ। ਅਤੇ ਜੇਕਰ ਇਹ ਆਦਤ ਲੰਬੇ ਸਮੇਂ ਤੱਕ ਬਣੀ ਰਹੇ ਤਾਂ ਦਿਲ ਦੇ ਦੌਰੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।