21 ਅਗਸਤ 2024 : ਕਰੀਬ 20 ਦਿਨ ਪਹਿਲਾਂ ਪਹਿਲੀ ਅਗਸਤ ਨੂੰ ਪਏ ਮੀਂਹ ਤੋਂ ਬਾਅਦ ਮਾਲਵੇ ਵਿਚ ਨਰਮੇ ਦੀ ਫ਼ਸਲ ਦੀ ਸਥਿਤੀ ਬਦਲ ਗਈ ਹੈ। ਇਸ ਤੋਂ ਬਾਅਦ ਨਰਮੇ ਦੀ ਫਸਲ ਦੀ ਹਾਲਤ ਕਾਫੀ ਸੁਧਰੀ ਹੈ। ਜਿੱਥੇ ਚਿੱਟੀ ਮੱਖੀ ਦਾ ਹਮਲਾ ਕਾਫੀ ਘਟ ਗਿਆ ਹੈ, ਉੱਥੇ ਹੀ ਫਸਲ ਦਾ ਰੁਕਿਆ ਹੋਇਆ ਵਿਕਾਸ ਵੀ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਨਰਮਾ ਉਤਪਾਦਕ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ।

ਚਿੱਟੀ ਮੱਖੀ ਦੇ ਘਟਣ ਅਤੇ ਨਰਮੇ ਦੇ ਬੂਟਿਆਂ ਦੇ ਵਧਣ ਨਾਲ ਕਿਸਾਨਾਂ ਨੇ ਵੀ ਆਪਣੀਆਂ ਫ਼ਸਲਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦਿੱਤਾ ਹੈ। ਜਿੱਥੇ ਫ਼ਸਲਾਂ ਨੂੰ ਯੂਰੀਆ ਖਾਦ ਪਾਈ ਜਾ ਰਹੀ ਹੈ, ਉੱਥੇ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਚੰਗੀ ਫ਼ਸਲ ਹੋਣ ਦੀ ਸੰਭਾਵਨਾ ਹੈ। ਨਰਮੇ ਦੀ ਫ਼ਸਲ ਦੀ ਮੌਜੂਦਾ ਹਾਲਤ ਕਾਰਨ ਖੇਤੀਬਾੜੀ ਵਿਭਾਗ(Agriculture Department) ਦੇ ਅਧਿਕਾਰੀਆਂ ਦੀ ਚਿੰਤਾ ਵੀ ਕਾਫ਼ੀ ਘੱਟ ਗਈ ਹੈ। ਪਰ ਇਸ ਦੇ ਬਾਵਜੂਦ ਉਹ ਕਿਸਾਨਾਂ ਨੂੰ ਜਾਗਰੂਕ ਕਰਨ ਵਿਚ ਲੱਗੇ ਹੋਏ ਹਨ।

ਬਠਿੰਡਾ ਜ਼ਿਲ੍ਹੇ ਵਿੱਚ ਇਸ ਵਾਰ ਸਿਰਫ਼ ਸਾਢੇ 14 ਹਜ਼ਾਰ ਹੈਕਟੇਅਰ ਰਕਬੇ ਵਿਚ ਨਰਮੇ ਦੀ ਬਿਜਾਈ ਹੋਈ ਹੈ। ਇਹ ਬਿਜਾਈ ਵੀ ਉਨ੍ਹਾਂ ਜ਼ਮੀਨਾਂ ਵਿਚ ਹੀ ਹੋਈ ਹੈ ਜਿੱਥੇ ਪਾਣੀ ਦੀ ਕਮੀ ਕਾਰਨ ਝੋਨਾ ਨਹੀਂ ਲਾਇਆ ਜਾ ਸਕਦਾ ਸੀ। ਪਰ ਇਸ ‘ਤੇ ਵੀ ਚਿੱਟੀ ਮੱਖੀ ਨੇ ਹਮਲਾ ਕਰ ਦਿੱਤਾ, ਜਿਸ ਤੋਂ ਬਾਅਦ ਕੁਝ ਕਿਸਾਨਾਂ ਨੇ ਨਰਮੇ ਦੀ ਫਸਲ ਵਾਹੁਣੀ ਸ਼ੁਰੂ ਕਰ ਦਿੱਤੀ ਸੀ। ਇਸ ਖੇਤਰ ਵਿਚ ਨਾਂ ਮੀਂਹ ਪੈਣ ’ਤੇ ਕਈ ਕਿਸਾਨ ਆਪਣੀਆਂ ਫ਼ਸਲਾਂ ਵਾਹੁਣ ਲਈ ਤਿਆਰ ਹੀ ਸਨ।, ਪਰ ਪਹਿਲੀ ਅਗਸਤ ਨੂੰ ਜ਼ਿਲ੍ਹੇ ਅੰਦਰ 63.2 ਮਿਲੀਮੀਟਰ ਦੀ ਇਸ ਬਾਰਿਸ਼ ਨੇ ਨਰਮਾ ਵਾਹੁਣ ਬਾਰੇ ਕਿਸਾਨਾਂ ਦਾ ਮਨ ਬਦਲ ਦਿੱਤਾ। ਇਸ ਮੀਂਹ ਨੇ ਨਰਮੇ ਦੀ ਫ਼ਸਲ ਨੂੰ ਨਵਾਂ ਜੀਵਨ ਦਿੱਤਾ ਹੈ। ਇਸ ਮੀਂਹ ਤੋਂ ਬਾਅਦ ਜਿੱਥੇ ਨਰਮੇ ਦੀ ਫ਼ਸਲ ‘ਤੇ ਚਿੱਟੀ ਮੱਖੀ ਦਾ ਹਮਲਾ ਘੱਟ ਹੋਇਆ, ਉੱਥੇ ਹੀ ਫ਼ਸਲ ਦਾ ਵਿਕਾਸ ਹੋਣ ਲੱਗਾ। ਜਦਕਿ ਇਸ ਤੋਂ ਪਹਿਲਾਂ ਨਰਮੇ।ਦੇ ਬੂਟਿਆਂਦਾ ਕੱਦ ਵੀ ਨਹੀਂ ਵਧ ਰਿਾ ਸੀ। ਇਸ ਤੋਂ ਪਹਿਲਾਂ ਚਿੱਟੀ ਮੱਖੀ ਦਾ ਹਮਲਾ ਆਰਥਿਕ ਕਗਾਰ ਤੋਂ ਜਿਆਦਾ ਹੋਣ ਦੇ ਬਾਵਜੂਦ ਕਿਸਾਨਾਂ ਨੇ ਫਸਲਾਂ ‘ਤੇ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਤੋਂ ਗੁਰੇਜ਼ ਕੀਤਾ ਸੀ। ਕਿਉਂਕਿ ਕਿਸਾਨਾਂ ਦਾ ਮੰਨਣਾ ਸੀ ਕਿ ਇਹ ਦਵਾਈਆਂ ਮੱਖੀਆਂ ਨੂੰ ਨਹੀਂ ਮਾਰਨਗੀਆਂ ਸਗੋਂ ਐਵੇ ਲਾਗਤ ਖਰਚਾ ਹੀ ਵਧੇਗਾ। ਇਸ ਕੀਟਨਾਸ਼ਕ ਦਵਾਈਆਂ ‘ਤੇ ਖਰਚ ਕਰਨ ਦਾ ਕੋਈ ਫਾਇਦਾ ਨਹੀਂ ਹੈ। ਪਰ ਹੁਣ ਕਿਸਾਨਾਂ ਨੇ ਫਸਲਾਂ ਵਿਚ ਯੂਰੀਆ ਪਾਉਣਾ ਸ਼ੁਰੂ ਕਰ ਦਿੱਤਾ ਹੈ ਅਤੇ ਖੇਤੀਬਾੜੀ ਵਿਭਾਗ ਦੀ ਸਲਾਹ ਅਨੁਸਾਰ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਤੋਂ ਬਚਾਅ ਲਈ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਜਾ ਰਿਹਾ ਹੈ।

ਫ਼ਸਲ ਵਾਹੁਣ ਦਾ ਮਨ ਬਣਾ ਲਿਆ ਸੀ

ਪਿੰਡ ਬੁੱਗਰ ਦੇ ਕਿਸਾਨ ਜਗਸੀਰ ਸਿੰਘ ਨੇ ਦੱਸਿਆ ਕਿ ਉਸ ਸਮੇਤ ਕਈ ਕਿਸਾਨਾਂ ਨੇ ਨਰਮੇ ਦੀ ਫਸਲ ਵਾਹੁਣ ਦਾ ਫੈਸਲਾ ਕੀਤਾ ਸੀ। ਪਰ ਮੀਂਹ ਨੇ ਉਨ੍ਹਾਂ ਮਨ ਬਦਲ ਲਿਆ। ਹੁਣ ਨਰਮਾ ਵੀ ਤਰੱਕੀ ਕਰ ਰਿਹਾ ਹੈ ਅਤੇ ਚਿੱਟੀ ਮੱਖੀ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਗਈ ਹੈ। ਨਰਮੇ ਨੇ ਕੱਦ ਕਰਨਾ ਸ਼ੁਰੂ ਕਰ ਦਿੱਤਾ ਹੈ, ਪਰ ਮੀਂਹ ਦੀ ਅਜੇ ਬਹੁਤ ਜਰੂਰਤ ਹੈ।

ਚਿੱਟੀ ਮੱਖੀ ਪਹਿਲਾਂ ਦੇ ਮੁਕਾਬਲੇ ਘਟੀ ਹੈ : ਅਧਿਕਾਰੀ

ਖੇਤੀਬਾੜੀ ਵਿਕਾਸ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਹੁਣ ਠੀਕ ਹੈ। ਚਿੱਟੀ ਮੱਖੀ ਘੱਟ ਗਈ ਹੈ ਅਤੇ ਅਜੇ ਵੀ ਗੁਲਾਬੀ ਸੁੰਡੀ ਤੋਂ ਬਚਾਅ ਹੈ। ਜੇਕਰ ਇੱਕ ਵਾਰ ਚੰਗੀ ਬਾਰਿਸ਼ ਹੋ ਜਾਵੇ ਤਾਂ ਚਿੱਟੀ ਮੱਖੀ ਬਿਲਕੁਲ ਖਤਮ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਹਮਲਾ ਅਜੇ ਆਰਥਿਕ ਕਗਾਰ ਤੋਂ ਘਟ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।