21 ਅਗਸਤ 2024 : ਮੁੱਖ ਮੰਤਰੀ ਭਗਵੰਤ ਮਾਨ ਨੇ ਪਰਿਵਾਰ ਸਮੇਤ ਮੰਗਲਵਾਰ ਨੂੰ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਿਆ। ਬੁੱਧਵਾਰ ਨੂੰ ਮੁੱਖ ਮੰਤਰੀ ਮੁੰਬਈ ਵਿਖੇ ਵੱਡੇ ਸਨਅਤਕਾਰਾਂ, ਉਦਯੋਗਪਤੀਆ ਨਾਲ ਮੀਟਿੰਗ ਕਰਨਗੇ ਅਤੇ ਉਨ੍ਹਾਂ ਨੂੰ ਪੰਜਾਬ ਵਿਚ ਨਿਵੇਸ਼ ਕਰਨ ਲਈ ਪ੍ਰੇਰਿਤ ਕਰਨਗੇ।

ਜਾਣਕਾਰੀ ਅਨੁਸਾਰ ਸੂਬਾ ਸਰਕਾਰ ਪੰਜਾਬ ਵਿਚ ਇਕ ਸਟੀਲ ਪਲਾਂਟ ਲਗਾਉਣ ਦਾ ਯਤਨ ਕਰ ਰਹੀ ਹੈ ਜਦਕਿ ਟਾਟਾ ਨੇ ਪਹਿਲਾਂ ਹੀ ਇਕ ਸਟੀਲ ਪਲਾਂਟ ਲੁਧਿਆਣਾ ਨੇੜੇ ਲਗਾਇਆ ਹੈ ਜਦਕਿ ਜਿੰਦਲ ਗਰੁੱਪ ਨੂੰ ਰਾਜਪੁਰਾ ਨੇੜੇ ਸਟੀਲ ਪਲਾਂਟ ਲਗਾਉਣ ਲਈ ਯਤਨ ਕਰ ਰਹੀ ਹੈ। ਜੇਕਰ ਜਿੰਦਲ ਗਰੁੱਪ ਪੰਜਾਬ ਵਿਚ ਸਟੀਲ ਪਲਾਂਟ ਲਗਾਉਣ ਲਈ ਰਾਜ਼ੀ ਹੋ ਜਾਂਦਾ ਹੈ ਤਾਂ ਇਸ ਨਾਲ ਕਰੀਬ 2500 ਕਰੋੜ ਤੋ ਵੱਧ ਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ।

ਸੂਤਰ ਦੱਸਦੇ ਹਨ ਕਿ ਜਿੰਦਲ ਗਰੁੱਪ ਨੇ ਰਾਜਪੁਰਾ (ਪਟਿਆਲਾ) ਨੇੜੇ ਜਗ੍ਹਾ ਲੈ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਨਿਵੇਸ਼ ਸਬੰਧੀ ਕੰਪਨੀ ਦੇ ਨੁਮਾਇੰਦਿਆਂ ਨਾਲ ਗੱਲਬਾਤ ਕਰਨਗੇ। ਜਿੰਦਲ ਸਟੀਲ ਭਾਜਪਾ ਨੇਤਾ ਨਵੀਨ ਜਿੰਦਲ ਦੀ ਕੰਪਨੀ ਹੈ। ਜੇ ਨਵੀਨ ਜਿੰਦਲ ਪੰਜਾਬ ਵਿਚ ਨਿਵੇਸ਼ ਕਰਨ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਸਟੀਲ ਖੇਤਰ ਦਾ ਇਹ ਦੂਜਾ ਪਲਾਂਟ ਹੋਵੇਗਾ, ਜੋ ਕਿ ਪੰਜਾਬ ਵਿਚ ਸਥਾਪਤ ਹੋਵੇਗਾ।

ਇਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਮੁੱਖ ਮੰਤਰੀ ਜਿੰਦਲ ਸਟੀਲ ਤੋਂ ਇਲਾਵਾ ਉਦਯੋਗ ਜਗਤ ਦੇ ਚਾਰ ਹੋਰ ਵੱਡੇ ਉਦਯੋਗਪਤੀਆ ਸਨ ਫਾਰਮਾ, ਟਾਇਰ ਕੰਪਨੀ ਸਿਅਟ ਟਾਇਰ, ਫਿਲਮ ਇੰਡਸਟਰੀ ਨਾਲ ਜੁੜੇ ਕਾਰੋਬਾਰੀਆਂ ਨਾਲ ਵੀ ਗੱਲ ਕਰਨ ਦਾ ਪ੍ਰੋਗਰਾਮ ਹੈ। ਪਤਾ ਲੱਗਿਆ ਹੈ ਕਿ ਸਟੀਲ ਤੋਂ ਇਲਾਵਾ ਆਈਟੀ ਸੈਕਟਰ ਦੀ ਵੱਡੀ ਕੰਪਨੀ ਸਿਫੀ ਟੈਕਨਾਲੋਜੀ ਵੀ ਮੋਹਾਲੀ ਵਿਚ ਡਾਟਾ ਸੈਂਟਰ ਸਥਾਪਤ ਕਰਨਾ ਚਾਹੁੰਦੀ ਹੈ। ਜੇਕਰ ਸਿਫੀ ਟੈਕਨਾਲੋਜੀ ਨਾਲ ਐੱਮਓਯੂ ਹੋ ਜਾਂਦਾ ਹੈ ਤਾਂ ਤਿੰਨ ਹਜ਼ਾਰ ਕਰੋੜ ਰੁਪਏ ਦੇ ਕਰੀਬ ਨਿਵੇਸ਼ ਦੀ ਸੰਭਾਵਨਾ ਹੈ। ਦੱਸਿਆ ਜਾਂਦਾ ਹੈ ਕਿ ਕੰਪਨੀ ਨੂੰ ਮੋਹਾਲੀ ਜਾਂ ਆਸ-ਪਾਸ 150 ਤੋਂ 200 ਏਕੜ ਜ਼ਮੀਨ ਦੀ ਜ਼ਰੂਰਤ ਹੋਵੇਗੀ। ਐਨੀ ਜ਼ਮੀਨ ਮੋਹਾਲੀ ਵਿਖੇ ਨਹੀਂ ਹੈ।

ਇਸ ਤੋਂ ਇਲਾਵਾ ਮੁੱਖ ਮੰਤਰੀ ਸਨ ਫਾਰਮਾ ਦੇ ਨੁਮਾਇੰਦਿਆਂ ਨਾਲ ਵੀ ਮੁਲਾਕਾਤ ਕਰਨ ਜਾ ਰਹੇ ਹਨ। ਸਨ ਫਾਰਮਾ ਦਾ ਨਵਾਂਸ਼ਹਿਰ, ਪੰਜਾਬ ਵਿੱਚ ਇੱਕ ਪਲਾਂਟ ਹੈ, ਜਿਸ ਦਾ ਉਹ 300 ਕਰੋੜ ਰੁਪਏ ਦਾ ਨਿਵੇਸ਼ ਕਰਕੇ ਵਿਸਥਾਰ ਕਰਨਾ ਚਾਹੁੰਦੀ ਹੈ। ਇਸੇ ਤਰ੍ਹਾਂ ਸੀਅਟ ਟਾਇਰ ਕੰਪਨੀ ਵੀ ਉਤਰ ਭਾਰਤ ਵਿਚ ਆਪਣਾ ਪਲਾਂਟ ਸਥਾਪਤ ਕਰਨ ਦੀ ਇਛੁੱਕ ਹੈ। ਮੁੱਖ ਮੰਤਰੀ ਇਸ ਕੰਪਨੀ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਨਗੇ ਤੇ ਉਨ੍ਹਾਂ ਨੂੰ ਪੰਜਾਬ ਵਿਚ ਉਦਯੋਗ ਸਥਾਪਤ ਕਰਨ ਲਈ ਪ੍ਰੇਰਿਤ ਕਰਨਗੇ। ਟਾਇਰਾਂ ਦੇ ਕਾਰੋਬਾਰ ਦੀ ਸੂਬੇ ਵਿਚ ਵੱਡੀ ਸੰਭਾਵਨਾ ਹੈ।

ਇੱਥੇ ਦੱਸਿਆ ਜਾਂਦਾ ਹੈ ਕਿ ਸਿਆਸਤ ਵਿਚ ਆਉਣ ਤੋ ਪਹਿਲਾਂ ਮੁੱਖ ਮੰਤਰੀ ਖੁਦ ਅਦਾਕਾਰ ਤੇ ਫਿਲਮ ਖੇਤਰ ਨਾਲ ਜੁੜੇ ਰਹੇ ਹਨ ਅਤੇ ਉਹ ਫਿਲਮ ਇੰਡਸਟਰੀ ਨਾਲ ਜੁੜੀਆਂ ਵੱਡੀਆਂ ਹਸਤੀਆਂ ਨਾਲ ਚੰਗੀ ਜਾਣ-ਪਛਾਣ ਰੱਖਦੇ ਹਨ ਅਤੇ ਉਨ੍ਹਾਂ ਨੂੰ ਫਿਲਮ ਤੇ ਗਾਇਕੀ ਖੇਤਰ ਬਾਰੇ ਚੰਗਾ ਗਿਆਨ ਹੈ। ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਮੁੰਬਈ ਦੀ ਤਰਜ਼ ‘ਤੇ ਲੁਧਿਆਣਾ ਜਾਂ ਮੋਹਾਲੀ ਨੇੜੇ ਫਿਲਮ ਸਿਟੀ ਪ੍ਰਾਜੈਕਟ ਬਣਾਉਣਾ ਚਾਹੁੰਦੇ ਹਨ। ਪੰਜਾਬੀ ਫ਼ਿਲਮਾਂ ਅਤੇ ਸੰਗੀਤ ਐਲਬਮਾਂ ਦੇ ਵਪਾਰ ਲਈ ਫ਼ਿਲਮ ਸਿਟੀ ਦਾ ਅਹਿਮ ਯੋਗਦਾਨ ਹੈ। ਮੁੱਖ ਮੰਤਰੀ ਦੇ ਨਾਲ ਉਦਯੋਗ ਵਿਭਾਗ ਦੇ ਵਧੀਕ ਮੁੱਖ ਸਕੱਤਰ ਤੇਜਵੀਰ ਸਿੰਘ ਸਮੇਤ ਕੁਝ ਹੋਰ ਅਧਿਕਾਰੀ ਵੀ ਗਏ ਹਨ। ਹੁਣ ਦੇਖਣ ਵਾਲੀ ਗੱਲ ਹੋਵੇਗੀ ਕਿ ਮੁੰਬਈ ਦੌਰੇ ਦੌਰਾਨ ਮੁੱਖ ਮੰਤਰੀ ਪੰਜਾਬ ਵਿਚ ਕਿੰਨਾ ਕੁ ਨਿਵੇਸ਼ ਲਿਆਉਣ ਵਿਚ ਕਾਮਯਾਬ ਹੁੰਦੇ ਹਨ। ਸੂਤਰ ਦੱਸਦੇ ਹਨ ਕਿ ਜੇਕਰ ਇਨ੍ਹਾਂ ਉਦਯੋਗਪਤੀਆਂ ਨਾਲ ਗੱਲਬਾਤ ਸਿਰੇ ਚੜ੍ਹ ਜਾਂਦੀ ਹੈ ਤਾਂ ਸਰਕਾਰ ਨਵੰਬਰ ਜਾਂ ਦਸੰਬਰ ਵਿਚ ਬਿਜ਼ਨਸ ਇਨਵੈਸਟਮੈਟ ਦਾ ਪ੍ਰੋਗਰਾਮ ਉਲੀਕ ਸਕਦੀ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।