20 ਅਗਸਤ 2024 : ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਗੁਜਰਾਤ ਪੁਲੀਸ ਨਾਲ ਮਿਲ ਕੇ ਇੱਕ ਸੱਟੇਬਾਜ਼ੀ ਵੈੱਬਸਾਈਟ ਵੱਲੋਂ ਆਈਸੀਸੀ ਪੁਰਸ਼ ਟੀ20 ਵਿਸ਼ਵ ਕੱਪ 2024 ਦੇ ਮੈਚ ਦੀ ਕਥਿਤ ਅਣਅਧਿਕਾਰਤ ਸਟ੍ਰੀਮਿੰਗ ਨਾਲ ਸਬੰਧਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਤਹਿਤ ਅੱਜ ਕਈ ਸੂਬਿਆਂ ਵਿੱਚ ਛਾਪੇ ਮਾਰੇ। ਈਡੀ ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਮੈਜਿਕਵਿਨ’ ਵੈੱਬ ਪੋਰਟਲ ਖ਼ਿਲਾਫ਼ ਮਾਮਲੇ ’ਚ ਉਸ ਦੇ ਅਧਿਕਾਰੀਆਂ ਅਤੇ ਅਹਿਮਦਾਬਾਦ ਸਾਈਬਰ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਿੱਲੀ-ਕੌਮੀ ਰਾਜਧਾਨੀ ਖੇਤਰ, ਬੰਗਲੂਰੂ (ਕਰਨਾਟਕ), ਲਖਨਊ (ਉੱਤਰ ਪ੍ਰਦੇਸ਼) ਅਤੇ ਕੋਇੰਬਟੂਰ (ਤਾਮਿਲਨਾਡੂ) ਵਿੱਚ 20 ਥਾਵਾਂ ਦੀ ਤਲਾਸ਼ੀ ਲਈ ਗਈ। ਈਡੀ ਵੱਲੋਂ ਪੀਐੱਮਐੱਲਏ ਤਹਿਤ ਦਰਜ ਕੀਤਾ ਗਿਆ ਮਾਮਲਾ ਅਹਿਮਦਾਬਾਦ ਪੁਲੀਸ ਦੀ ਐੱਫਆਈਆਰ ’ਤੇ ਆਧਾਰਿਤ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ ਵੈੱਬਸਾਈਟ ਮੈਜਕਵਿਨ ਗੇਮਜ਼ ਨੇ ਵਿਸ਼ਵ ਕੱਪ ਦੌਰਾਨ ਮੈਚ ਦਾ ਅਣਅਧਿਕਾਰਤ ਪ੍ਰਸਾਰਣ ਕੀਤਾ ਸੀ। ਈਡੀ ਨੇ ਕਿਹਾ ਕਿ ਟੂਰਨਾਮੈਂਟ ਦੇ ਪ੍ਰਸਾਰਣ ਅਧਿਕਾਰ ਇੰਟਰਨੈਸ਼ਨਲ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਸਟਾਰ ਇੰਡੀਆ ਪ੍ਰਾਈਵੇਟ ਲਿਮਟਿਡ ਨੂੰ ਦਿੱਤੇ ਗਏ ਸੀ। ਈਡੀ ਨੇ ਦਾਅਵਾ ਕੀਤਾ ਕਿ ਪੋਰਟਲ ਨੇ ਸੱਤ ਜੂਨ ਨੂੰ ਕੈਨੇਡਾ ਅਤੇ ਆਇਰਲੈਂਡ ਵਿਚਾਲੇ ਅਤੇ ਨੌਂ ਜੂਨ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਟੀ20 ਵਿਸ਼ਵ ਕੱਪ ਮੈਚ ਦਾ ‘ਗ਼ੈਰ-ਕਾਨੂੰਨੀ’ ਪ੍ਰਸਾਰਣ ਕੀਤਾ, ਜੋ ਓਟੀਟੀ ਪਲੈਟਫਾਰਮ ਡਿਜ਼ਨੀਪਲੱਸ ਹੌਟਸਟਾਰ ਤੋਂ ਸਮੱਗਰੀ ਨੂੰ ਸਟ੍ਰੀਮ ਕਰਦਿਆਂ ਇੱਕ ਲਿੰਕ ਜ਼ਰੀਏ ਪ੍ਰਸਾਰਿਤ ਕੀਤਾ ਗਿਆ। ਇਸ ਨਾਲ ਟੂਰਨਾਮੈਂਟ ਦੇ ਪ੍ਰਸਾਰਣ ਲਈ ਅਧਿਕਾਰਤ ਕੰਪਨੀ ਨੂੰ ‘ਵੱਡਾ’ ਵਿੱਤੀ ਨੁਕਸਾਨ ਹੋਇਆ। ਈਡੀ ਨੇ ਕਿਹਾ, ‘‘ਵੈੱਬਸਾਈਟ ਕ੍ਰਿਕਟ ਮੈਚ ਅਤੇ ਹੋਰ ਖੇਡਾਂ ’ਤੇ ਸੱਟਾ ਲਗਾਉਣ ਵਰਗੀਆਂ ਗ਼ੈਰ-ਕਾਨੂੰਨੀ ਗਤੀਵਿਧੀਆਂ ’ਚ ਸ਼ਾਮਲ ਸੀ।’’ ਈਡੀ ਨੇ ਕਿਹਾ ਕਿ ਤਲਾਸ਼ੀ ਦੌਰਾਨ 30 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਕਈ ਡਿਜੀਟਲ ਉਪਕਰਨ ਜ਼ਬਤ ਕੀਤੇ ਗਏ ਹਨ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।