20 ਅਗਸਤ 2024 : ਬਟਵਾਰੇ ਦੌਰਾਨ ਮੈਂ ਦਸਵੀਂ ਪਾਸ ਕਰਕੇ ਫੌਜ ਵਿੱਚ ਸਿਗਨਲ ਕੋਰ ਵਿੱਚ ਭਰਤੀ ਵੀ ਹੋ ਚੁੱਕਾ ਸੀ ਅਤੇ ਜਬਲਪੁਰ ਸੈਂਟਰ ਵਿੱਚ ਅੰਗਰੇਜ਼ ਵੱਲੋਂ ਮੇਰਾ ਸਰੀਰ ਪਤਲਾ ਦੁਬਲਾ ਵੇਖ ਕੇ ਮੈਨੂੰ ਬੱਚਾ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ ਸੀ, ਪ੍ਰੰਤੂ ਮੈਂ ਨੌਕਰੀ ਛੱਡ ਕੇ ਪਿੰਡ ਪਰਤ ਆਇਆ ਸੀ। ਬਟਵਾਰੇ ਦੌਰਾਨ ਹਿੰਦੂ ਸਿੱਖ ਤੇ ਮੁਸਲਮਾਨਾਂ ਦਰਮਿਆਨ ਹੋਈ ਕਤਲੋਗਾਰਤ ਅਤੇ ਆਪਣੀਆਂ ਜਾਨਾਂ ਬਚਾਉਣ ਖਾਤਰ ਵੱਸਦੇ ਤੇ ਭਰੇ ਭਰਾਏ ਘਰ ਛੱਡਣੇ ਪਏ ਸਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਬਾਪੂ ਕੈਪਟਨ ਪਿਆਰਾ ਸਿੰਘ ਦੇਹਰ ਫੱਤੂਪੁਰ ਨੇ ਕੀਤਾ। ਉਹਨਾਂ ਦੱਸਿਆ ਕਿ ਮੇਰਾ ਜਨਮ ਪਿਤਾ ਬੰਤਾ ਸਿੰਘ ਮਾਤਾ ਕਰਤਾਰ ਕੌਰ ਪਿੰਡ ਮਹਾਰ ਸ਼ਰੀਫ਼ ਤਹਿਸੀਲ ਨਾਰੋਵਾਲ ਜ਼ਿਲ੍ਹਾ ਸਿਆਲਕੋਟ ਵਿੱਚ 1928 ਵਿੱਚ ਹੋਇਆ ਸੀ। ਉਹ ਚਾਰ ਭਰਾ ਅਤੇ ਦੋ ਭੈਣਾਂ ਸਨ ਜਿੰਨਾਂ ਵਿੱਚੋਂ ਚਾਰ ਭਰਾ ਅਤੇ ਇੱਕ ਭੈਣ ਦਾ ਜਨਮ ਪਾਕਿਸਤਾਨ ਵਿੱਚ ਹੀ ਹੋਇਆ ਸੀ। ਉਨ੍ਹਾਂ ਨੇ ਚੌਥੀ ਤੱਕ ਦੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਮਹਾਰ ਸ਼ਰੀਫ਼ ਤੋਂ ਕੀਤੀ ਸੀ। ਪੰਜਵੀਂ ਛੇਵੀਂ ਦੀ ਜਮਾਤ ਨਾਰੰਗਵਾਲ ਤੋਂ ਇਸਲਾਮੀ ਸਕੂਲ ਤੋਂ ਪਾਸ ਕੀਤੀ ਅਤੇ ਸੱਤਵੀਂ ਦੀ ਜਮਾਤ ਖਾਲਸਾ ਹਾਈ ਸਕੂਲ ਲਾਹੌਰ ਤੋਂ ਪ੍ਰਾਪਤ ਕੀਤੀ ਸੀ ਅਤੇ ਅੱਠਵੀਂ ਤੋਂ ਬਾਅਦ ਦਸਵੀਂ ਤੱਕ ਦੀ ਪੜ੍ਹਾਈ ਨਾਰੋਵਾਲ ਕ੍ਰਿਸ਼ਚਨ ਸਕੂਲ ਤੋਂ ਪ੍ਰਾਪਤ ਕੀਤੀ। ਫੁੱਫੜ ਤੇਜਾ ਸਿੰਘ ਅੰਗਰੇਜ਼ ਫੌਜ ਵਿੱਚ ਭਰਤੀ ਸੀ ਅਤੇ ਉਸ ਸਮੇਂ ਸੈਕੰਡ ਵਰਲਡ ਵਾਰ ਲੜ ਕੇ ਉਹ ਵਾਪਸ ਆਇਆ ਸੀ। ਫੁੱਫੜ ਉਸ ਨੂੰ ਲਾਹੌਰ ਦੀ ਛਾਉਣੀ ਵਿੱਚ ਫੌਜ ਵਿੱਚ ਭਰਤੀ ਹੋਣ ਲਈ ਲੈ ਗਿਆ ਅਤੇ 1946 ਵਿੱਚ ਫੌਜ ਦੀ ਸਿਗਨਲ ਕੋਰ ਵਿੱਚ ਭਰਤੀ ਹੋਣ ਤੇ ਜਬਲਪੁਰ ਗਿਆ ਤਾਂ ਅੰਗਰੇਜ਼ ਅਫਸਰ ਨੇ ਕੱਦ ਕਾਠ ਪਤਲਾ ਵੇਖ ਕੇ ਬੱਚਾ ਫੌਜ ਵਿੱਚ ਭਰਤੀ ਹੋਣ ਲਈ ਕਿਹਾ ਸੀ।

ਬੱਚਾ ਫੌਜ ਵਿੱਚ ਭਰਤੀ ਹੋਣ ਤੋਂ ਇਨਕਾਰ ਕਰਨ ਤੇ ਉਸ ਨੇ ਮੈਨੂੰ ਫੌਜ ਵਿੱਚੋਂ ਬਾਹਰ ਕੱਢ ਦਿੱਤਾ ਸੀ ਅਤੇ ਮੈਂ ਵਾਪਸ ਆਪਣੇ ਪਿੰਡ ਮਹਾਰ ਸ਼ਰੀਫ ਆ ਗਿਆ ਸੀ। ਬਾਪੂ ਪਿਆਰਾ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਕਰੀਬ 75 ਏਕੜ ਜਮੀਨ ਸੀ ਜਿਸ ਵਿੱਚੋਂ ਜਿਆਦਾ ਜਮੀਨ ਬਸੰਤਰ ਨਾਲੇ ਨਾਲ ਲੱਗਦੀ ਹੋਣ ਕਾਰਨ ਸਾਡੇ ਵੱਡੇ ਵਡੇਰੇ ਮਾਮਲਾ ਨਹੀਂ ਤਾਰਦੇ ਸਨ ਜਿਸ ਕਾਰਨ ਵੰਡ ਤੋਂ ਬਾਅਦ ਉਹਨਾਂ ਨੂੰ ਨਾ ਮਾਤਰ ਜਮੀਨ ਹੀ ਪ੍ਰਾਪਤ ਹੋਈ ਸੀ। ਬਟਵਾਰੇ ਤੋਂ ਪਹਿਲਾਂ ਵੋਟਾਂ ਕੇਵਲ ਕੁਝ ਖਾਸ-ਖਾਸ ਲੋਕਾਂ ਦੀਆਂ ਪੈਂਦੀਆਂ ਹੁੰਦੀਆਂ ਸਨ ਜਿੰਨਾ ਵਿੱਚ ਜੈਲਦਾਰ, ਲੰਬਰਦਾਰ, ਜਗੀਰਦਾਰ ਤੇ ਜਮੀਨਾਂ ਦੇ ਮਾਲਕ ਸਨ। ਮੇਰੇ ਪਿਤਾ ਬੰਤਾ ਸਿੰਘ ਦੀ ਵੀ ਵੋਟ ਬਣੀ ਹੋਈ ਸੀ ਅਤੇ ਇਲਾਕੇ ਦੇ ਲੋਕ ਕੋਈ ਵੀ ਗੱਲਬਾਤ ਹੋਣ ਦੇ ਮੇਰੇ ਪਿਤਾ ਨੂੰ ਸੱਦ ਕੇ ਸਲਾਹ ਮਸ਼ਵਰਾ ਕਰਦੇ ਸਨ।

ਇਸ ਦੌਰਾਨ ਹੀ ਮੇਰੇ ਪਿਤਾ ਬੰਤਾ ਸਿੰਘ ਤੋਂ ਇਲਾਵਾ ਨਾਲ ਲੱਗਦੇ ਪਿੰਡ ਲਾਲੋ ਵਾਲੀ, ਚੱਕ ਚੰਦਿਆਂ ਵਾਲੀ, ਬਾਸੀਕੇ ਨਾਰੋਵਾਲ ਆਸ ਪਾਸ ਦੇ ਪਿੰਡਾਂ ਦੇ ਅਸਰ ਰਸੂਖ ਵਾਲੇ ਲੋਕਾਂ ਨੂੰ ਕੋਟਲੀ ਬਾਜਵਾ ਵਿਖੇ ਬੁਲਾਇਆ ਅਤੇ ਕਿਹਾ ਕਿ ਭਾਰਤ ਪਾਕਿਸਤਾਨ ਦੀ ਵੰਡ ਹੋ ਚੁੱਕੀ ਹੈ ਅਤੇ ਗੁਰਦਾਸਪੁਰ ਪਾਕਿਸਤਾਨ ਵਿੱਚ ਆ ਗਿਆ ਹੈ ਜਿਸ ਲਈ ਹਿੰਦੂ ਸਿੱਖ ਆਪਣੇ ਬੱਚਿਆਂ ਅਤੇ ਔਰਤਾਂ ਦੀਆਂ ਮਹਿਫੂਜ ਰੱਖਣ ਲਈ ਰਾਤੋ ਰਾਤ ਅੰਮ੍ਰਿਤਸਰ ਜਾਣਾ ਹੈ। ਕੈਪਟਨ ਪਿਆਰਾ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਰਾਤ ਹੀ ਮੇਰੇ ਪਿਤਾ ਨੇ ਪਿੰਡ ਪਾਰ ਸ਼ਰੀਫ ਦੇ ਗੁਰਦੁਆਰਾ ਸਾਹਿਬ ਜੋ ਥੋੜੇ ਦਿਨ ਪਹਿਲਾਂ ਹੀ ਤਿਆਰ ਹੋਇਆ ਸੀ, ਵਿੱਚ ਹਿੰਦੂ ਸਿੱਖਾਂ ਨੂੰ ਬੁਲਾ ਕੇ ਕਿਹਾ ਕਿ ਅੱਜ ਅਸੀਂ ਰਾਤ ਚੱਲ ਪੈਣਾ ਹੈ ਤੁਸੀਂ ਵੀ ਸਾਰੇ ਤਿਆਰ ਹੋ ਜਾਵੋ ਤਾਂ ਇਸ ਦੌਰਾਨ ਕਈ ਹਿੰਦੂ ਸਿੱਖਾਂ ਨੇ ਕਿਹਾ ਕਿ ਅਸੀਂ ਨਹੀਂ ਜਾਣਾ ਇਥੋਂ ਤੱਕ ਕਿ ਕਈਆਂ ਨੇ ਇਹ ਕਹਿ ਦਿੱਤਾ ਸੀ ਕਿ ਤੁਸੀਂ ਡਰ ਕੇ ਭੱਜ ਰਹੇ ਹੋ ਅਸੀਂ ਨਹੀਂ ਕਿਤੇ ਜਾਣਾ। ਕੈਪਟਨ ਪਿਆਰਾ ਸਿੰਘ ਨੇ ਦੱਸਿਆ ਇਹ ਮੇਰੇ ਪਿਤਾ ਨੇ ਘਰ ਆ ਕੇ ਪਰਿਵਾਰ ਸਮੇਤ ਹੀ ਰਾਤ 12 ਵਜੇ ਹੀ ਚਾਲੇ ਪਾ ਦਿੱਤੇ ਸਨ ਇਸ ਸਮੇਂ ਪਿੰਡ ਦੇ ਹੋਰ ਵੀ ਲੋਕ ਉਨਾਂ ਨਾਲ ਤੁਰ ਪਏ ਹਨ।

ਜਦੋਂ ਉਹ ਬਸੰਤਰ ਨਾਲੇ ਤੇ ਪੁੱਜੇ ਤਾਂ ਬਸੰਤਰ ਨਾਲਾ ਪਾਣੀ ਨਾਲ ਠਾਠਾਂ ਮਾਰ ਰਿਹਾ ਸੀ ਅਤੇ ਪਾਣੀ ਵਿੱਚ ਰੁੜ ਜਾਣ ਦੇ ਡਰ ਕਾਰਨ ਉਹ ਪੈਂਦਲ ਹੀ ਨਾਲ ਲੱਗਦੇ ਪਿੰਡ ਚੱਕ ਵਿਖੇ ਚੱਲ ਗਏ। ਪਿਆਰਾ ਸਿੰਘ ਦੱਸਿਆ ਕਿ ਉਹ ਆਪਣੇ ਚਾਚੇ ਪ੍ਰਤਾਪ ਸਿੰਘ ਨਾਲ ਪਿੰਡ ਚੱਕ ਤੋਂ ਮੁੜ ਆਪਣੇ ਪਿੰਡ ਮਹਾਰ ਸ਼ਰੀਫ਼ ਵਾਪਸ ਆ ਗਏ। ਮੈਂ ਆਪਣੇ ਡੰਗਰਾਂ ਨੂੰ ਤੂੜੀ ਪਾ ਕੇ ਆਪਣੇ ਰੱਖੇ ਸੀਰੀ ਅੱਛਰ ਮਸੀਹ ਦੇ ਘਰ ਗਿਆ ਤਾਂ ਤਾਂ ਉਸ ਨੇ ਕਿਹਾ ਕਿ ਤੈਨੂੰ ਡੰਗਰਾਂ ਦੀ ਪਈ ਹੈ ਸਾਨੂੰ ਤਾਂ ਆਪਣੀਆਂ ਜਾਨਾਂ ਬਚਾਉਣ ਦੀ ਪਈ ਹੈ। ਤਾਂ ਮੈਂ ਉਸ ਨੂੰ ਬਦੋਬਦੀ ਖੇਤਾਂ ਵਿੱਚ ਚਰੀ ਵੱਢਣ ਲੈ ਗਿਆ ਤਾਂ ਜਦੋਂ ਪੱਠੇ ਚੁੱਕ ਕੇ ਆਉਣ ਲੱਗੇ ਤਾਂ ਮੁਸਲਮਾਨਾਂ ਦੇ ਹਜੂਮ ਦਾ ਰੌਲਾ ਪੈ ਗਿਆ ਉਧਰੋਂ ਮੇਰੇ ਪਿਤਾ ਵੀ ਮੈਨੂੰ ਲੱਭਦੇ ਆਏ ਤਾਂ ਉਨਾਂ ਕਿਹਾ ਕਿ ਇਥੋਂ ਭੱਜ ਅਤੇ ਮੈਂ ਹਜੂਮ ਦੇ ਅੱਗਿਓਂ ਨੰਗੀ ਪੈਰੀ ਭੱਜਿਆ ਸੀ। ਕੈਪਟਨ ਪਿਆਰਾ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਬਸੰਤਰ ਨਾਲੇ ਤੇ ਆ ਕੇ ਬਲਦਾਂ ਦੀਆਂ ਪੂਛਾਂ ਫੜ ਕੇ ਠਾਠਾ ਮਾਰਦਾ ਬਸੰਤਰ ਨਾਲਾ ਪਾਰ ਕੀਤਾ। ਇਸ ਤੋਂ ਬਾਅਦ ਸਾਰੇ ਹਿੰਦੂ ਸਿੱਖ ਕਸ਼ੋਵਾਲ ਪਹੁੰਚੇ ਅਤੇ ਜਦੋਂ ਰਾਵੀ ਦਰਿਆ ਪਾਰ ਕਰਨ ਲੱਗੇ ਤਾਂ ਦੇਖਿਆ ਕਿ ਮੁਸਲਮਾਨ ਮਲਾਹਾਂ ਨੇ ਕਿਸ਼ਤੀ ਚੋਰੀ ਕਰ ਲਈ ਸੀ।

ਕੈਪਟਨ ਪਿਆਰਾ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਇੱਕ ਨਿਹੰਗ ਸਿੰਘ ਜੋ ਘੋੜੇ ਤੇ ਸਵਾਰ ਹੋ ਕੇ ਪਾਕਿਸਤਾਨ ਵਾਲੇ ਪਾਸੇ ਤੇ ਹਿੰਦੂ ਸਿੱਖਾਂ ਦੀ ਖਬਰ ਇਧਰ ਦੱਸਦਾ ਸੀ ਵੱਲੋਂ ਜਾ ਕੇ ਫ਼ੌਜ ਨੂੰ ਦੱਸਿਆ ਕਿ ਹਿੰਦੂ ਸਿੱਖਾਂ ਦਾ ਜਥਾ ਰਾਵੀ ਦਰਿਆ ਦੇ ਪਾਰ ਖੜ੍ਹਾ ਹੈ ਤਾਂ ਅਗਲੇ ਦਿਨ ਫੌਜ ਵੱਲੋਂ ਉਨ੍ਹਾਂ ਨੂੰ ਸੁੱਖ ਸਲਾਮਤੀ ਨਾਲ ਇਧਰ ਲਿਆਂਦਾ ਜਦਕਿ ਦਾਦੀ ਤੇ ਚਾਚਾ ਬਾਅਦ ਵਿੱਚ ਡੇਰਾ ਬਾਬਾ ਨਾਨਕ ਦੇ ਪੁੱਲ ਰਾਹੀਂ ਇਧਰ ਆ ਤੇ ਆਪਣੇ ਫੁੱਫੜ ਦੇ ਪਿੰਡ ਖੇਤਰ ਕੇ ਰਹੇ। ਬਾਅਦ ਵਿੱਚ ਉਹਨਾਂ ਦੀ ਅਲਾਟਮੈਂਟ ਪਿੰਡ ਦੇਹਰ ਫੱਤੂਪੁਰ ਪੁਰ ਵਿਖੇ ਹੋਈ ਜਿੱਥੇ ਉਹਨਾਂ ਨੂੰ ਬਹੁਤ ਘੱਟ ਜਮੀਨ ਮਿਲੀ ਸੀ।। ਕੈਪਟਨ ਪਿਆਰਾ ਸਿੰਘ ਨੇ ਦੱਸਿਆ ਕਿ ਉਸ ਨੇ ਬਾਅਦ ਵਿੱਚ ਫੌਜ ਦੀ ਈਐੱਮਈ ਵਿੱਚ ਭਰਤੀ ਹੋਏ। ਉਸ ਨੇ ਦੇਸ਼ ਲਈ 1962 ਵਿੱਚ ਚਾਈਨਾ, 1965 ,1971 ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਨਾਲ ਲੜਾਈ ਲੜੀ। ਕੈਪਟਨ ਪਿਆਰਾ ਸਿੰਘ ਨੇ ਦੱਸਿਆ ਕਿ ਉਸ ਨੂੰ ਆਪਣੇ ਪੁਸ਼ਤੈਨੀ ਪਿੰਡ ਦੀ ਯਾਦ ਅਕਸਰ ਆਉਣ ਕਾਰਨ 2011 ਵਿੱਚ ਪਾਕਿਸਤਾਨ ਜਾ ਕੇ ਆਪਣੇ ਪੁਸ਼ਤੈਨੀ ਘਰ ਨੂੰ ਵੇਖ ਕੇ ਆਏ ਹਨ ਅਤੇ ਉਸਨੇ ਵੇਖਿਆ ਕਿ ਜਿਹੜਾ ਗੁਰਦੁਆਰਾ ਉਹਨ੍ਹਾਂ ਦੇ ਪਿਤਾ ਅਤੇ ਹੋਰ ਸਾਥੀਆਂ ਵੱਲੋਂ ਬਣਾਇਆ ਗਿਆ ਸੀ ਉਸ ਵਿੱਚ ਮੁਸਲਮਾਨਾਂ ਦਾ ਵਸੇਬਾ ਹੈ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।