9 ਅਗਸਤ 2024 : ਪੈਰਿਸ ਓਲੰਪਿਕ ਤੋਂ ਘਰ ਪਰਤਣ ’ਤੇ ਹੋਏ ਸ਼ਾਨਦਾਰ ਸੁਆਗਤ ਤੋਂ ਪ੍ਰਭਾਵਿਤ ਵਿਨੇਸ਼ ਫੋਗਾਟ ਨੇ ਕਿਹਾ ਕਿ ਉਸ ਲਈ ਇਹ ਮਾਣ ਵਾਲੀ ਗੱਲ ਹੋਵੇਗੀ ਜੇਕਰ ਉਹ ਆਪਣੇ ਪਿੰਡ ਬਲਾਲੀ ਦੀਆਂ ਮਹਿਲਾ ਪਹਿਲਵਾਨਾਂ ਨੂੰ ਸਿਖਲਾਈ ਦੇ ਕੇ ਉਨ੍ਹਾਂ ਨੂੰ ਆਪਣੇ ਤੋਂ ਵੱਧ ਸਫ਼ਲ ਬਣਾ ਸਕੇ। ਓਲੰਪਿਕ ਵਿੱਚ 50 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਪੁੱਜਣ ਮਗਰੋਂ ਵੱਧ ਵਜ਼ਨ ਕਾਰਨ ਅਯੋਗ ਕਰਾਰ ਐਲਾਨੀ ਗਈ ਵਿਨੇਸ਼ ਦਾ ਸ਼ਨਿੱਚਰਵਾਰ ਨੂੰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਸ਼ਾਨਦਾਰ ਸੁਆਗਤ ਕੀਤਾ ਗਿਆ। ਦਿੱਲੀ ਤੋਂ ਆਪਣੇ ਜੱਦੀ ਪਿੰਡ ਬਲਾਲੀ ਤੱਕ ਦੇ ਰਾਹ ਵਿੱਚ ਵਿਨੇਸ਼ ਨੂੰ ਸਮਰਥਕਾਂ ਤੇ ਖਾਪ ਪੰਚਾਇਤਾਂ ਨੇ ਸਨਮਾਨਿਤ ਕੀਤਾ। ਉਸ ਨੂੰ 135 ਕਿਲੋਮੀਟਰ ਦੀ ਦੂਰੀ ਤੈਅ ਕਰਨ ਲਈ ਲਗਭਗ 13 ਘੰਟੇ ਦਾ ਸਮਾਂ ਲੱਗਿਆ। ਵਿਨੇਸ਼ ਅੱਧੀ ਰਾਤ ਆਪਣੇ ਪਿੰਡ ਪੁੱਜੀ। ਪਿੰਡ ਵਾਲਿਆਂ ਨੇ ਉਸ ਦਾ ਪੂਰੇ ਉਤਸ਼ਾਹ ਨਾਲ ਸੁਆਗਤ ਕੀਤਾ। ਪੈਰਿਸ ਤੋਂ ਇੱਥੋਂ ਤੱਕ ਦੇ ਲੰਬੇ ਸਫ਼ਰ ਕਾਰਨ ਵਿਨੇਸ਼ ਕਾਫ਼ੀ ਥੱਕ ਗਈ ਸੀ ਪਰ ਇਸ ਦੇ ਬਾਵਜੂਦ ਉਸ ਨੇ ਆਪਣੇ ਪ੍ਰਸ਼ੰਸਕਾਂ ਨੂੰ ਸੰਬੋਧਨ ਕੀਤਾ। ਵਿਸ਼ਵ ਚੈਂਪੀਅਨਸ਼ਿਪ ਵਿੱਚ ਦੋ ਵਾਰ ਦੀ ਤਗ਼ਮਾ ਜੇਤੂ ਵਿਨੇਸ਼ ਫੋਗਾਟ ਨੇ ਕਿਹਾ, ‘‘ਮੈਂ ਤਹਿ ਦਿਲੋਂ ਚਾਹੁੰਦੀ ਹਾਂ ਕਿ ਕੋਈ ਵਿਅਕਤੀ ਮੇਰੀ ਵਿਰਾਸਤ ਨੂੰ ਅੱਗੇ ਲੈ ਕੇ ਜਾਵੇ ਅਤੇ ਮੇਰੇ ਰਿਕਾਰਡ ਤੋੜ ਦੇਵੇ। ਜੇਕਰ ਮੈਂ ਆਪਣੇ ਪਿੰਡ ਦੀਆਂ ਮਹਿਲਾ ਪਹਿਲਵਾਨਾਂ ਨੂੰ ਹੱਲਾਸ਼ੇਰੀ ਦੇ ਸਕਦੀ ਹਾਂ ਤਾਂ ਇਹ ਮੇਰੀ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ।’’ ਵਿਨੇਸ਼ ਨੇ ਕਿਹਾ, ‘‘ਮੈਂ ਤੁਹਾਨੂੰ ਸਭ ਨੂੰ ਅਪੀਲ ਕਰਦੀ ਹਾਂ ਕਿ ਪਿੰਡ ਦੀਆਂ ਮਹਿਲਾਵਾਂ ਦਾ ਸਮਰਥਨ ਕਰੋ। ਜੇਕਰ ਉਨ੍ਹਾਂ ਸਾਡੀ ਜਗ੍ਹਾ ਲੈਣੀ ਹੈ ਤਾਂ ਉਨ੍ਹਾਂ ਨੂੰ ਤੁਹਾਡੇ ਸਹਿਯੋਗ ਅਤੇ ਸਮਰਥਨ ਦੀ ਲੋੜ ਪਵੇਗੀ।’’ ਉਸ ਨੇ ਕਿਹਾ, ‘‘ਮੇਰੇ ਕੋਲ ਜੋ ਕੁੱਝ ਵੀ ਹੈ ਮੈਂ ਇਸ ਪਿੰਡ ਦੀਆਂ ਆਪਣੀਆਂ ਭੈਣਾਂ ਨਾਲ ਸਾਂਝਾ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਉਹ ਮੇਰੇ ਤੋਂ ਵੱਧ ਉਪਲਬਧੀਆਂ ਹਾਸਲ ਕਰਨ।’’ ਵਿਨੇਸ਼ ਨੇ ਕਿਹਾ, ‘‘ਉਦੋਂ ਮੈਂ ਮਾਣ ਨਾਲ ਕਹਿ ਸਕਦੀ ਹਾਂ ਕਿ ਉਹ ਮੇਰੇ ਪਿੰਡ ਦੀ ਰਹਿਣ ਵਾਲੀ ਹੈ ਅਤੇ ਮੈਂ ਉਸ ਨੂੰ ਸਿਖਲਾਈ ਦਿੱਤੀ ਹੈ। ਮੈਂ ਚਾਹੁੰਦੀ ਹਾਂ ਕਿ ਮੇਰੇ ਪਿੰਡ ਦਾ ਕੋਈ ਪਹਿਲਵਾਨ ਰਿਕਾਰਡ ਤੋੜੇ। ਮੇਰੇ ਲਈ ਇੰਨੀ ਰਾਤ ਤੱਕ ਜਾਗਣ ਲਈ ਸਭ ਦਾ ਧੰਨਵਾਦ।’’