9 ਅਗਸਤ 2024 : ਦੇਸ਼ ਦੇ 2 ਟੁਕੜੇ ਹੋਇਆਂ ਨੂੰ 77 ਸਾਲ ਬੀਤ ਚੁੱਕੇ ਹਨ ਇਥੋਂ ਤੱਕ ਕਿ ਮੇਰੀ ਯਾਦਦਾਸ਼ਤ ਵੀ ਕਮਜ਼ੋਰ ਹੋ ਚੁੱਕੀ, ਕਈ ਵਾਰ ਆਪਣੇ ਆਪ ਨੂੰ ਵੀ ਭੁੱਲ ਜਾਂਦਾ ਹਾਂ ਪਰੰਤੂ ਕਦੇ ਕਦੇ ਬਟਵਾਰੇ ਦੌਰਾਨ ਪਾਕਿਸਤਾਨ ਰਹਿ ਗਿਆ ਆਪਣੀ ਜਨਮ ਭੌਂ ਵਾਲਾ ਪਿੰਡ ਤੇ ਪੁਰਾਣੇ ਯਾਰਾਂ ਬੇਲੀਆਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਹਨ ਕਿਉਂਕਿ ਉਨ੍ਹਾਂ ਹਾਲਾਤ ‘ਚ ਉਸ ਸਮੇਂ ਮੁਸਲਮਾਨ ਯਾਰ ਬਸ਼ੀਰ ਅਤੇ ਹੋਰ ਮੇਰੇ ਸਾਥੀ ਸਾਨੂੰ ਤੋਰਨ ਸਮੇਂ ਰੋ-ਰੋ ਕੇ ਵਿਛੱੜੇ ਸਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵਕ ਜਗਦੀਪ ਸਿੰਘ ਗੱਬਰ ਦੇ ਦਾਦਾ ਸੇਵਾਮੁਕਤ ਸੂਬੇਦਾਰ ਸੁਰਜੀਤ ਸਿੰਘ ਕਾਹਲੋਂ ਕਲਾਨੌਰ ਨੇ ਕੀਤਾ।
ਉਨ੍ਹਾਂ ਕਿਹਾ ਕਿ ਹੁਣ ਮੇਰੀ ਯਾਦਦਾਸ਼ਤ ਬਹੁਤ ਕਮਜ਼ੋਰ ਹੁੰਦੀ ਜਾ ਰਹੀ ਹੈ ਪਰ ਵੰਡ ਵੇਲੇ ਦੀਆਂ ਗੱਲਾਂ ਅਜੇ ਵੀ ਦਿਲੋਂ-ਦਿਮਾਗ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਸਰਦੂਲ ਸਿੰਘ ਨੇ ਦੱਸਿਆ ਕਿ ਉਸ ਦਾ ਜਨਮ 5 ਮਈ 1932 ਨੂੰ ਪਿਤਾ ਬਲਵੰਤ ਸਿੰਘ ਅਤੇ ਮਾਤਾ ਬਸੰਤ ਕੌਰ ਦੀ ਕੁੱਖੋਂ ਪਿੰਡ ਵਜ਼ੀਰਪੁਰ ਤਹਿਸੀਲ ਨਾਰੋਵਾਲ ਜ਼ਿਲ੍ਹਾ ਸਿਆਲਕੋਟ (ਪਾਕਿਸਤਾਨ) ਵਿਚ ਹੋਇਆ ਸੀ ਅਤੇ ਭਾਰਤ-ਪਾਕਿਸਤਾਨ ਦੇ ਬਟਵਾਰੇ ਦੌਰਾਨ ਉਹ ਅੱਠਵੀ ਜਮਾਤ ਵਿਚ ਪੜਦੇ ਸੀ। ਵੰਡ ਹੁੰਦਿਆਂ ਹੀ ਹਿੰਦੂਆਂ ਲਈ ਹਿੰਦੁਸਤਾਨ ਅਤੇ ਮੁਸਲਮਾਨਾਂ ਲਈ ਪਾਕਿਸਤਾਨ ਦੋ ਦੇਸ਼ ਬਣਨ ਕਾਰਨ ਹਿੰਦੂ, ਸਿੱਖ ਅਤੇ ਮੁਸਲਮਾਨਾਂ ਦਰਮਿਆਨ ਨਫ਼ਰਤ ਦੀ ਅੱਗ ਫੈਲੀ ਹੋਈ ਸੀ ਅਤੇ ਕਈ ਲੋਕ ਇੱਕ-ਦੂਸਰੇ ਦੇ ਖੂਨ ਦੇ ਪਿਆਸੇ ਬਣੇ ਹੋਏ ਸਨ। ਪਰ ਉਨ੍ਹਾਂ ਦੇ ਪਿੰਡ ਦੇ ਮੁਸਲਮਾਨ ਭਾਈਚਾਰੇ ਵੱਲੋਂ ਉਨ੍ਹਾਂ ਦੇ ਪਰਿਵਾਰ ਨੂੰ ਬੜੇ ਪਿਆਰ ਤੇ ਅਦਬ ਨਾਲ ਪਿੰਡ ਤੋਰਿਆ ਸੀ। ਬਾਪੂ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਉਸ ਦੇ ਬਚਪਨ ਦੇ ਮੁਸਲਮਾਨ ਭਾਈਚਾਰੇ ਨਾਲ ਸਬੰਧਤ ਦੋਸਤ ਬਸ਼ੀਰ ਹੋਰ ਯਾਰਾ ਬੇਲੀ ਰੋ-ਰੋ ਕੇ ਇਕ ਦੂਸਰੇ ਤੋਂ ਵਿਛੜੇ ਸਨ। ਬਾਪੂ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਪੈਦਲ ਤੁਰ ਕੇ ਖ਼ਾਲਸਾ ਕਾਲਜ ਅੰਮ੍ਰਿਤਸਰ ਵਿਚ ਪਰਿਵਾਰ ਸਮੇਤ ਪੁੱਜੇ ਸਨ ਅਤੇ ਕਰੀਬ 10 ਦਿਨ ਰਹੇ। ਇਸ ਦੌਰਾਨ ਜਦੋਂ ਉਹ ਪੈਦਲ ਤੁਰਦੇ ਪਿੰਡ ਮੂਧਲ ਪੁੱਜੇ ਤਾਂ ਭੁੱਖੇ ਢਿੱਡ ਭਰਨ ਲਈ ਪਿੰਡ ਵਾਸੀਆਂ ਵੱਲੋਂ ਲਾਇਆ ਲੰਗਰ ਛਕਣ ਲੱਗੇ। ਉਨ੍ਹਾਂ ਦੇ ਚਾਚਾ ਇੰਦਰਜੀਤ ਸਿੰਘ ਦਾ ਦੋਸਤ ਜੋ ਅੰਗਰੇਜ਼ ਪੁਲਿਸ ਵਿਚ ਨੌਕਰੀ ਕਰਦਾ ਸੀ, ਮੂਧਲ ਪਿੰਡ ਮਿਲਿਆ ਤੇ ਉਸ ਨੇ ਪਛਾਣ ਤੋਂ ਬਾਅਦ ਸਾਰੇ ਪਰਿਵਾਰ ਨੂੰ ਆਪਣੇ ਘਰ ਲੈ ਗਿਆ ਸੀ ਅਤੇ ਉਸ ਦੇ ਗੁਆਂਢ ਵਿਚ ਮੁਸਲਮਾਨਾਂ ਦੇ ਖਾਲੀ ਪਏ ਘਰ ਵਿਚ ਅਗਸਤ ਤੇ ਸਤੰਬਰ ਮਹੀਨੇ ਤੱਕ ਰੈਣ ਬਸੇਰਾ ਕੀਤਾ। ਇਸ ਤੋਂ ਬਾਅਦ ਚਾਚੇ ਇੰਦਰਜੀਤ ਸਿੰਘ ਦੇ ਦੋਸਤ ਨੇ ਆਪਣੇ ਰਿਸ਼ਤੇਦਾਰ ਜੋ ਪਿੰਡ ਬਹਿਲੂਵਾਲ ਗਏ ਜਿਥੇ ਉਨ੍ਹਾਂ ਨੂੰ ਕੱਚੀ ਅਲਾਟਮੈਂਟ ਹੋਈ। ਇਸ ਤੋਂ ਬਾਅਦ ਉਹ ਕਲਾਨੌਰ ਪੱਕੇ ਬੈਠੇ।
ਉਨ੍ਹਾਂ ਦੱਸਿਆ ਕਿ ਉਹ ਵੰਡ ਤੋਂ ਬਾਅਦ ਫੌਜ ਵਿਚ ਨਾਇਬ ਸੂਬੇਦਾਰ ਸੇਵਾ ਮੁਕਤ ਹੋਣ ਤੋਂ ਬਾਅਦ ਸੀਆਈਐੱਸਐੱਫ ਵਿੱਚੋਂ ਸੇਵਾਮੁਕਤ ਹੋਏ। ਪਾਕਿਸਤਾਨ ਵਿਚ ਰਹਿੰਦੇ ਯਾਰ ਬਸ਼ੀਰ ਤੇ ਹੋਰ ਦੋਸਤਾਂ ਦੇ ਮੋਹ ਦੀ ਖਿੱਚ ਕਾਰਨ ਉਹ ਪਿਛਲੇ ਸਮੇਂ ਦੌਰਾਨ ਵੀਜ਼ਾ ਲਵਾ ਕੇ ਉਧਰ ਗਏ। ਉਥੇ ਪੁਸ਼ਤੈਨੀ ਘਰ ਵੇਖਿਆ, ਯਾਰਾਂ ਦੋਸਤਾਂ ਨੂੰ ਮਿਲ ਕੇ ਆਇਆ ਹਾਂ। ਉਹ ਯਾਦਾਂ ਅੱਜ ਵੀ ਚੇਤੇ ਆਉਂਦੀਆਂ ਰਹਿੰਦੀਆਂ ਹਨ। ਇਸ ਮੌਕੇ ਤੇ ਜਗਦੀਪ ਸਿੰਘ ਨੇ ਕਿਹਾ ਕਿ ਉਸ ਦਾ ਦਾਦਾ ਬੁਢਾਪੇ ਵਿੱਚ ਭਾਵੇਂ ਕਈ ਗੱਲਾਂ ਭੁੱਲ ਚੁੱਕਾ ਹੈ ਗੱਲਾਂ ਅੱਜ ਵੀ ਯਾਦ ਕਰਦਾ ਰਹਿੰਦਾ ਹੈ ਅਤੇ ਆਪਣੀ ਜਨਮ ਭੂਮੀ ਨਾਲ ਮੋਹ ਹੋਣ ਕਾਰਨ ਪਾਕਿਸਤਾਨ ਵਿੱਚ ਜਾ ਕੇ ਆਪਣਾ ਘਰ ਵੇਖ ਚੁੱਕਾ ਹੈ।