15 ਅਗਸਤ 2024 : ਦੇਸ਼ ਦੇ ਮਹਾਨ ਸਪੂਤਾਂ ਵੱਲੋਂ ਖੂਨ ਦਾ ਕਤਰਾ-ਕਤਰਾ ਵਹਾ ਕੇ ਅੰਗਰੇਜ਼ਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਉਪਰੰਤ ਭਾਰਤ-ਪਾਕਿਸਤਾਨ ਦੇ ਹੋਏ ਦੋ ਟੁਕੜਿਆਂ ਦੌਰਾਨ ਖਿੱਚੀ ਗਈ ਬਟਵਾਰੇ ਦੀ ਲੀਕ ਕਾਰਨ ਘੁੱਗ ਵੱਸਦੇ ਉੱਜੜ ਕੇ ਬੇਚਿਰਾਗ ਹੋਏ ਪਿੰਡ ਦੇਸ਼ ਦੀ ਆਜ਼ਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਮੁੜ ਵਸ ਨਹੀਂ ਸਕੇ।
ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਦੇ ਕਰੀਬ 135 ਕਿਲੋਮੀਟਰ ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬਟਵਾਰੇ ਦੌਰਾਨ ਖਿੱਚੀ ਗਈ ਲੀਕ ਨਾਲ ਅਨੇਕਾਂ ਪਿੰਡ ਬੇਚਿਰਾਗ ਹੋ ਚੁੱਕੇ ਹਨ। ਇਥੋਂ ਤੱਕ ਕਿ ਬਟਵਾਰੇ ਦੀ ਵੰਡ ਦੌਰਾਨ ਅਲੋਪ ਹੋ ਚੁੱਕੇ ਪਿੰਡਾਂ ਦੇ ਨਾਵਾਂ ’ਤੇ BSF ਦੀਆਂ ਪੋਸਟਾਂ ਨੰਗਲੀ, ਕੱਸੋਵਾਲ, ਸਹਾਰਨ ਆਦਿ ਤੋਂ ਇਲਾਵਾ ਬੇਚਿਰਾਗ ਪਿੰਡ ਵਜ਼ੀਰਪੁਰ ਜਿੱਥੇ 1857 ਵਿੱਚ ਅੰਗਰੇਜ਼ਾਂ ਨਾਲ ਲੜਾਈ ਹੋਈ ਸਮੇਤ ਅਨੇਕਾਂ ਪਿੰਡ ਬਟਵਾਰੇ ਦੀ ਵੰਡ ਦੌਰਾਨ ਉਜੜਨ ਦੀ ਗਵਾਹੀ ਭਰਦੇ ਹਨ। ਜ਼ਿਲ੍ਹਾ ਗੁਰਦਾਸਪੁਰ ਦੀ ਭਾਰਤ-ਪਾਕਿ ਦੀ ਸਰਹੱਦ ਨਾਲ ਲੱਗਦੀ ਤਹਿਸੀਲ ਕਲਾਨੌਰ, ਡੇਰਾ ਬਾਬਾ ਨਾਨਕ, ਦੋਰਾਂਗਲਾ ਗੁਰਦਾਸਪੁਰ ਅਤੇ ਅੰਮ੍ਰਿਤਸਰ(Amritsar) ਨਾਲ ਸਬੰਧਤ ਅਜਨਾਲਾ ਤਹਿਸੀਲ ਨਾਲ ਸਬੰਧਤ ਪਿੰਡ ਵੰਡ ਦੌਰਾਨ ਬੇਚਿਰਾਗ ਹੋ ਗਏ ਸਨ ਜਿਨ੍ਹਾਂ ਦਾ ਰਿਕਾਰਡ ਮਾਲ ਵਿਭਾਗ ਕੋਲ ਮੌਜੂਦ ਹੈ।
ਭਾਰਤ ਪਾਕਿਸਤਾਨ(India- Pak) ਵੰਡ ਦੌਰਾਨ ਬੇਚਿਰਾਗ ਹੋਏ ਪਿੰਡਾਂ ਸਬੰਧੀ ਮਨਜੀਤ ਸਿੰਘ ਰੰਧਾਵਾ, ਰਣਜੀਤ ਸਿੰਘ, ਸੁਖਦੇਵ ਸਿੰਘ, ਦੇਵਾ ਸਿੰਘ, ਗੁਰਜੀਤ ਸਿੰਘ, ਅਮਰੀਕ ਸਿੰਘ, ਸੁਖਦੇਵ ਸਿੰਘ, ਰਣਧੀਰ ਸਿੰਘ ਨੇ ਦੱਸਿਆ ਕਿ ਵੰਡ ਤੋਂ ਬਾਅਦ ਬੀਐੱਸਐੱਫ ਦੇ ਸੈਕਟਰ ਗੁਰਦਾਸਪੁਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਬਲਾਕ ਡੇਰਾ ਬਾਬਾ ਨਾਨਕ, ਕਲਾਨੌਰ, ਦੋਰਾਗਲਾਂ ਬਲਾਕਾਂ ਨਾਲ ਸਬੰਧਤ ਬੇਚਿਰਾਗ ਪਿੰਡ ਭਸੀਨ, ਕੋਟਲਾ, ਚੱਕ ਤਖ਼ਤੂਪੁਰ, ਫ਼ਹਿਤਪੁਰ, ਭਾਵਨਾ, ਸਾਰੰਗਵਾਲ, ਚੱਕ ਨੂਰੋਵਾਲੀ, ਖੌਗੇਵਾਲ, ਬਹਿਲਪੁਰ, ਗੱਡੀਖੁਰਦ, ਡੇਰਾ ਬਾਬਾ ਨਾਨਕ ਨਾਲ ਸਬੰਧਤ ਪਿੰਡ ਪੁਰਾਣਾ ਵਾਹਲਾ, ਸਹਾਰਨ, ਲਾਲੂਵਾਲ, ਰਸੂਲਪੁਰ, ਕੋਟਲੀ ਦਿਆ ਰਾਮ, ਗੁਣੀਆਂ, ਚੱਕਤਰਤਾ, ਗੋਦੜ,ਚੱਕ ਅਬਦੁਲਵਾੜੀ, ਗਾਹਲੜੀਆਂ, ਮੋਠ ਸਰਾਏ, ਮੁਗਲ, ਨੁਕਤੀਪੁਰ ਆਦਿ ਵੱਸਦੇ ਸਨ। ਇਨ੍ਹਾਂ ‘ਚ ਮੁਸਲਮਾਨਾਂ, ਸਿੱਖਾਂ ਤੇ ਹਿੰਦੂਆਂ ਨਾਲ ਸਬੰਧਤ ਘੁੱਗ ਵੱਸਦੇ ਪਿੰਡ ਸਨ ਅਤੇ ਇਨ੍ਹਾਂ ਪਿੰਡਾਂ ਵਿੱਚ ਮੁਸਲਮਾਨ ਭਾਈਚਾਰੇ ਦੀ ਗਿਣਤੀ ਵਧੇਰੇ ਸੀ ਜੋ ਵੰਡ ਦੌਰਾਨ ਪਾਕਿਸਤਾਨ ਚਲੇ ਗਏ ਅਤੇ ਇਸ ਉਪਰੰਤ ਖਿੱਚੀ ਗਈ ਸਰਹੱਦ ਦੀ ਲੀਕ ਕਾਰਨ ਹਿੰਦੂ,ਸਿੱਖ ਭਾਈਚਾਰੇ ਦੇ ਲੋਕ ਵੀ ਇੱਥੋਂ ਉੱਠ ਜਾਣ ਕਾਰਨ ਇਹ ਪਿੰਡ ਬੇਚਿਰਾਗ ਹੋ ਗਏ ਅਤੇ ਦੇਸ਼ ਦੀ ਆਜ਼ਾਦੀ ਦੇ 77 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਨ੍ਹਾਂ ਪਿੰਡਾਂ ਦੇ ਨਾਂ ਅੱਜ ਵੀ ਕਾਗਜ਼ਾਂ ਵਿੱਚ ਬੋਲ ਰਹੇ ਹਨ।
ਇਤਿਹਾਸਕਾਰ ਤੇ ਸਕੱਤਰ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਗੁਰਦਾਸਪੁਰ ਪ੍ਰੋ. ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਵੰਡ ਤੋਂ ਪਹਿਲਾਂ ਜ਼ਿਲ੍ਹਾ ਗੁਰਦਾਸਪੁਰ ਵਿਚ ਤਹਿਸੀਲ ਬਟਾਲਾ, ਡੇਰਾ ਬਾਬਾ ਨਾਨਕ, ਪਠਾਨਕੋਟ ਤੇ ਸ਼ੱਕਰਗੜ੍ਹ ਪੈਂਦੀ ਸੀ। ਵੰਡ ਦੌਰਾਨ ਸ਼ੱਕਰਗੜ੍ਹ ਤਹਿਸੀਲ ਨਾਲ ਸਬੰਧਤ ਪਿੰਡ ਪਾਕਿਸਤਾਨ ਨਾਲ ਜੁੜ ਗਏ। ਬਟਵਾਰੇ ਦੀ ਲੀਕ ਤੇ ਰਾਵੀ ਦਰਿਆ ਦੀ ਮਾਰ, 1948, 1965 ਅਤੇ 1971 ਦੀਆਂ ਲੜਾਈਆਂ ਤੋਂ ਇਲਾਵਾ ਆਜ਼ਾਦੀ ਤੋਂ ਬਾਅਦ ਦੋਵਾਂ ਦੇਸ਼ਾਂ ਵਿਚ ਵਧੇ ਤਣਾਅ ਕਾਰਨ ਕਈ ਪਿੰਡ ਦੁਬਾਰਾ ਵਸ ਨਹੀਂ ਸਕੇ। ਜ਼ਿਲ੍ਹੇ ਵਿਚ ਕਰੀਬ 50 ਦੇ ਕਰੀਬ ਭਾਰਤ-ਪਾਕਿਸਤਾਨ ਦੀ ਜ਼ੀਰੋ ਲਾਈਨ ਨਾਲ ਲੱਗਦੇ ਸਨ, ਹੁਣ ਬੇਚਿਰਾਗ਼ ਹੋ ਚੁੱਕੇ ਹਨ। ਇਨ੍ਹਾਂ ਦਾ ਰਿਕਾਰਡ ਮਾਲ ਵਿਭਾਗ ਵਿਭਾਗ ਵਿਚ ਮੌਜੂਦ ਹੈ। ਇਨ੍ਹਾਂ ਬੇਚਿਰਾਗ਼ ਪਿੰਡਾਂ ਆਜ਼ਾਦੀ ਪਹਿਲਾਂ ਨਾਮਵਾਰ ਪਿੰਡਾਂ ਵਜੋਂ ਜਾਣੇ ਜਾਂਦੇ ਰਹੇ ਹਨ।