13 ਅਗਸਤ 2024 : ਓਲੰਪਿਕ ਸੋਨ ਤਗ਼ਮਾ ਜੇਤੂ ਅਭਿਨਵ ਬਿੰਦਰਾ ਦਾ ਮੰਨਣਾ ਹੈ ਕਿ ਪੈਰਿਸ ਓਲੰਪਿਕ ਖੇਡਾਂ ’ਚ ਭਾਰਤ ਦੇ ਹੋਰ ਨਿਸ਼ਾਨੇਬਾਜ਼ਾਂ ਕੋਲ ਆਪਣੇ ‘ਪ੍ਰਦਰਸ਼ਨ ਨੂੰ ਤਗ਼ਮੇ’ ਵਿੱਚ ਬਦਲਣ ਦਾ ਮੌਕਾ ਸੀ ਪਰ ਕੁੱਲ ਮਿਲਾ ਕੇ ਇਹ ਅਜਿਹਾ ਪ੍ਰਦਰਸ਼ਨ ਸੀ ਜਿਸ ’ਤੇ ਉਨ੍ਹਾਂ ਨੂੰ ਮਾਣ ਹੋਣਾ ਚਾਹੀਦਾ ਹੈ। ਭਾਰਤ ਨੇ ਨਿਸ਼ਾਨੇਬਾਜ਼ੀ ’ਚ ਤਿੰਨ ਤਗ਼ਮਿਆਂ ਸਣੇ ਇਨ੍ਹਾਂ ਖੇਡਾਂ ’ਚ ਕੁੱਲ ਛੇ ਤਗ਼ਮੇ ਜਿੱਤੇ ਹਨ। ਨਿਸ਼ਾਨੇਬਾਜ਼ ਮਨੂ ਭਾਕਰ ਨੇ ਕਾਂਸੇ ਦੇ ਦੋ ਤਗ਼ਮੇ ਜਿੱਤੇ ਅਤੇ ਉਹ ਇੱਕ ਹੀ ਓਲੰਪਿਕ ’ਚ ਦੋ ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਬਣੀ। ਮਨੂ ਨੇ ਔਰਤਾਂ ਦੇ 10 ਮੀਟਰ ਏਅਰ ਪਿਸਟਲ ’ਚ ਕਾਂਸੇ ਦਾ ਤਗ਼ਮਾ ਜਿੱਤਣ ਮਗਰੋਂ ਸਰਬਜੋਤ ਸਿੰਘ ਨਾਲ 10 ਮੀਟਰ ਏਅਰ ਪਿਸਟਲ ਮਿਕਸਡ ਸ਼ੂਟਿੰਗ ’ਚ ਕਾਂਸੇ ਦਾ ਤਗ਼ਮਾ ਜਿੱਤਿਆ। ਦੇਸ਼ ਲਈ ਤੀਜਾ ਤਗ਼ਮਾ ਸਵਪਨਿਲ ਕੁਸਾਲੇ ਨੇ 50 ਮੀਟਰ 3-ਪੁਜ਼ੀਸ਼ਨਜ਼ ਮੁਕਾਬਲੇ ’ਚ ਹਾਸਲ ਕੀਤਾ। ਬਿੰਦਰਾ ਨੇ ਇੱਕ ਇੰਟਰਵਊ ’ਚ ਕਿਹਾ, ‘‘ਕੁਝ ਨਿਸ਼ਾਨੇਬਾਜ਼ ਖੁੰਝ ਗਏ ਪਰ ਹਰ ਕਿਸੇ ਨੇ ਵਧੀਆ ਚੁੁਣੌਤੀ ਦਿੱਤੀ।’’ ਉਨ੍ਹਾਂ ਆਖਿਆ, ‘‘ਚੰਗਾ ਨਤੀਜਾ ਜ਼ਰੂਰੀ ਹੈ ਪਰ ਉਸ ਤੋਂ ਵੀ ਵੱਧ ਅਹਿਮ ਇਹ ਦੇਖਣਾ ਹੈ ਕਿ ਤੁਸੀਂ ਇੱਕ ਮੁਲਕ ਵਜੋਂ ਪ੍ਰਦਰਸ਼ਨ ਦੇ ਮਾਮਲੇ ’ਚ ਕਿੰਨਾ ਸੁਧਾਰ ਕੀਤਾ ਹੈ। ਤੁਸੀਂ ਇਸ ਤਰ੍ਹਾਂ ਦੇਖੋ ਤਾਂ ਅਸੀਂ ਪਹਿਲਾਂ ਨਾਲੋਂ ਵਧੀਆ ਪ੍ਰਦਰਸ਼ਨ ਕੀਤਾ ਹੈ। ਅਸੀਂ ਕੁਝ ਹੋਰ ਪ੍ਰਦਰਸ਼ਨਾਂ ਨੂੰ ਤਗ਼ਮੇ ’ਚ ਬਦਲਦਾ ਦੇਖਣਾ ਚਾਹੁੰਦੇ ਹਾਂ ਪਰ ਸਾਡੇ ਕੋਲ ਮਾਣ ਕਰਨ ਵਾਸਤੇ ਬਹੁਤ ਕੁਝ ਹੈ।’’ ਅਭਿਨਵ ਬਿੰਦਰਾ ਨੇ ਕੋਚ ਜਸਪਾਲ ਰਾਣਾ ਨਾਲ ਤਲਖ਼ੀ ਦੂਰ ਕਰਨ ਅਤੇ ਸਫਲਤਾ ਲਈ ਮਿਲ ਕੇ ਕੰਮ ਵਾਸਤੇ ਮਨੂ ਭਾਕਰ ਦੀ ਸ਼ਲਾਘਾ ਕੀਤੀ। 

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।