12 ਅਗਸਤ 2024 : 16 ਦਸੰਬਰ 1971…ਬੰਗਲਾਦੇਸ਼ ਦਾ ਸਭ ਤੋਂ ਇਤਿਹਾਸਕ ਦਿਨ। ਇਸ ਦਿਨ ਪੂਰਬੀ ਪਾਕਿਸਤਾਨ ਪੱਛਮੀ ਪਾਕਿਸਤਾਨ ਦੇ ਜ਼ੁਲਮਾਂ ਤੋਂ ਆਜ਼ਾਦ ਹੋ ਕੇ ਬੰਗਲਾਦੇਸ਼ ਬਣਿਆ। ਅਗਲੇ ਪੰਜ ਦਹਾਕਿਆਂ ‘ਚ ਬੰਗਲਾਦੇਸ਼ ਨੇ ਤਰੱਕੀ ਦਾ ਨਵਾਂ ਅਧਿਆਏ ਲਿਖਿਆ। ਇਸ ਨੇ ਨਾ ਸਿਰਫ ਪਾਕਿਸਤਾਨ ਨੂੰ ਜੀਡੀਪੀ ਗ੍ਰੋਥ ਅਤੇ ਪ੍ਰਤੀ ਵਿਅਕਤੀ ਆਮਦਨ ਵਰਗੇ ਆਰਥਿਕ ਮੋਰਚਿਆਂ ‘ਤੇ ਪਛਾੜਿਆ, ਸਗੋਂ ਭਾਰਤ ਦੇ ਕਾਫੀ ਹੱਦ ਤਕ ਨੇੜੇ ਵੀ ਆ ਗਿਆ।

ਪਰ, ਹੁਣ ਬੰਗਲਾਦੇਸ਼ ਵਾਪਸ 50 ਦਹਾਕੇ ਪਿੱਛੇ ਜਾਣ ਦੇ ਰਾਹ ‘ਤੇ ਹੈ। ਪੂਰਾ ਦੇਸ਼ ਹਿੰਸਾ ਦੀ ਅੱਗ ‘ਚ ਝੁਲਸ ਰਿਹਾ ਹੈ। ਸ਼ੇਖ ਹਸੀਨਾ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਕੇ ਦੇਸ਼ ਛੱਡਣਾ ਪਿਆ। ਹਿੰਦੂ ਘੱਟ ਗਿਣਤੀਆਂ ਵਿਰੁੱਧ ਹਿੰਸਾ ਦੀਆਂ ਲਗਾਤਾਰ ਖਬਰਾਂ ਵੀ ਆ ਰਹੀਆਂ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਬੰਗਲਾਦੇਸ਼ ਵੀ ਤਰੱਕੀ ਦਾ ਰਾਹ ਛੱਡ ਕੇ ਪਾਕਿਸਤਾਨ ਦੇ ਕੱਟੜਪੰਥ ਦੇ ਰਾਹ ‘ਤੇ ਅੱਗੇ ਵਧ ਰਿਹਾ।

ਕਿਵੇਂ ਸੀ ਹਿੰਸਾ ਤੋਂ ਪਹਿਲਾ ਦਾ ਬੰਗਲਾਦੇਸ਼ ?

ਅੰਤਰਰਾਸ਼ਟਰੀ ਮੁਦਰਾ ਫੰਡ (IMF) ਦੇ ਅੰਕੜੇ ਦਰਸਾਉਂਦੇ ਹਨ ਕਿ 2019 ‘ਚ ਬੰਗਲਾਦੇਸ਼ ਦੀ ਜੀਡੀਪੀ ਵਾਧਾ ਦਰ 7.9 ਪ੍ਰਤੀਸ਼ਤ ਸੀ। ਇਹ ਦੇਸ਼ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵਧ ਰਹੀ ਅਰਥਵਿਵਸਥਾਵਾਂ ‘ਚੋਂ ਇਕ ਸੀ। ਸਾਲ 2020 ‘ਚ ਕੋਰੋਨਾ ਆਪਣੇ ਸਿਖਰ ‘ਤੇ ਸੀ, ਫਿਰ ਵੀ ਬੰਗਲਾਦੇਸ਼ ਨੇ 3.4 ਪ੍ਰਤੀਸ਼ਤ ਦੀ ਜੀਡੀਪੀ ਗ੍ਰੋਥ ਦਰਜ ਕੀਤੀ। ਬੰਗਲਾਦੇਸ਼ ਸਰਕਾਰ ਨੇ ਹਾਲੀਆ ਬਜਟ ‘ਚ ਜੀਡੀਪੀ ਗ੍ਰੋਥ ਨੂੰ 6.75 ਫੀਸਦੀ ਤਕ ਪਹੁੰਚਾਉਣ ਦਾ ਟੀਚਾ ਰੱਖਿਆ ਸੀ।

ਬੰਗਲਾਦੇਸ਼ ਦੀ ਤਰੱਕੀ ਦਾ ਫਾਇਦਾ ਉੱਥੋਂ ਦੀ ਆਵਾਮ ਨੂੰ ਹੋਇਆ। 2015 ‘ਚ ਇਸ ਨੇ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ‘ਚ ਪਾਕਿਸਤਾਨ ਨੂੰ ਪਛਾੜ ਦਿੱਤਾ, ਜਿਸ ਤੋਂ ਇਹ ਵੱਖ ਹੋ ਕੇ ਬਣਿਆ ਸੀ। ਸਾਲ 2020 ਤਕ ਤਾਂ ਬੰਗਲਾਦੇਸ਼ ਪ੍ਰਤੀ ਵਿਅਕਤੀ ਆਮਦਨ ਦੇ ਮਾਮਲੇ ‘ਚ ਭਾਰਤ ਨੇੜੇ ਪਹੁੰਚ ਗਿਆ, ਜਦਕਿ ਭਾਰਤੀ ਅਰਥਚਾਰੇ ਦਾ ਅਕਾਰ ਬੰਗਲਾਦੇਸ਼ ਦੇ ਮੁਕਾਬਲੇ ਕਾਫੀ ਵੱਡਾ ਹੈ।

ਬੰਗਲਾਦੇਸ਼ ਦੀ 2024 ‘ਚ ਵੀ ਪ੍ਰਤੀ ਵਿਅਕਤੀ ਆਮਦਨ ਕਰੀਬ 2650 ਡਾਲਰ ਦੇ ਆਸਪਾਸ ਹੀ ਰਹਿਣ ਦਾ ਅਨੁਮਾਨ ਹੈ। ਉੱਥੇ ਹੀ ਭਾਰਤ ‘ਚ ਇਹ 2730 ਡਾਲਰ ਦੀ ਹੈ। ਬੰਗਲਾਦੇਸ਼ ਨੂੰ ਗ਼ਰੀਬੀ ਖਿਲਾਫ਼ ਜੰਗ ਵਿਚ ਵੀ ਜ਼ਿਕਰਯੋਗ ਸਫਲਤਾ ਮਿਲੀ ਹੈ। ਸਾਲ 2000 ‘ਚ ਬੰਗਲਾਦੇਸ਼ ‘ਚ ਗਰੀਬੀ ਦਾ ਪੱਧਰ 48.9 ਫ਼ੀਸਦ ਸੀ, ਪਰ ਸ਼ੇਖ ਹਸੀਨਾ ਸਰਕਾਰ ਦੀਆਂ ਨੀਤੀਆਂ ਨਾਲ ਇਹ 2016 ਤਕ ਘੱਟ ਕੇ 24.3 ਫ਼ੀਸਦ ‘ਤੇ ਆ ਗਿਆ।

ਦਮ ਤੋੜ ਦੇਵੇਗੀ ਬੰਗਲਾਦੇਸ਼ ਦੀ ਅਰਥਵਿਵਸਥਾ ?

ਬੰਗਲਾਦੇਸ਼ ਦੀ ਕਮਾਈ ਦਾ ਸਭ ਤੋਂ ਵੱਡਾ ਜ਼ਰੀਆ ਹੈ ਗਾਰਮੈਂਟ ਐਕਸਪੋਰਟ। ਦੇਸ਼ ਦੀ ਕੁੱਲ ਬਰਾਮਦ ‘ਚ ਇਸ ਦੀ ਹਿੱਸੇਦਾਰੀ 83 ਫ਼ੀਸਦ ਹੈ। Zara, H&M ਅਤੇ Levi’s ਵਰਗੇ ਕਈ ਮਸ਼ਹੂਰ ਅਪੈਰਲ ਬ੍ਰਾਂਡ ਦੀ ਮੈਨੂਫੈਕਚਰਿੰਗ ਬੰਗਲਾਦੇਸ਼ ਵਿਚ ਹੁੰਦੀ ਹੈ। ਇਹ ਦੁਨੀਆ ਦਾ ਤੀਸਰਾ ਸਭ ਤੋਂ ਕਲੋਦਿੰਗ ਐਕਸਪੋਰਟਰ ਹੈ। ਇੱਥੋਂ ਸਾਲਾਨਾ ਤਕਰੀਬਨ 5 ਅਰਬ ਡਾਲਰ ਦੀ ਮਰਚੈਂਡਾਈਜ਼ ਐਕਸਪੋਰਟ ਹੁੰਦੀ ਹੈ ਪਰ ਹਾਲੀਆ ਹਿੰਸਾ ਤੇ ਸਿਆਸੀ ਉਲਟ-ਪੁਲਟ ਨਾਲ ਬੰਗਲਾਦੇਸ਼ ਐਕਸਪੋਰਟ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਇਆ ਹੈ।

ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਦਾ ਮੁਖੀ ਮੁਹੰਮਦ ਯੂਨਸ ਹੈ। 84 ਸਾਲਾ ਯੂਨੁਸ ਨੂੰ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਮਾਈਕ੍ਰੋਫਾਈਨੈਂਸ ਰਾਹੀਂ ਹਜ਼ਾਰਾਂ ਬੰਗਲਾਦੇਸ਼ੀਆਂ ਨੂੰ ਪੇਂਡੂ ਖੇਤਰਾਂ ‘ਚ ਗਰੀਬੀ ਦੇ ਚੱਕਰ ‘ਚੋਂ ਬਾਹਰ ਕੱਢਿਆ। ਉਨ੍ਹਾਂ ਦੇ ਮਾਡਲ ਨੂੰ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੇ ਫਾਲੋ ਕੀਤਾ। ਪਰ, ਯੂਨੁਸ ਸਾਹਮਣੇ ਹੁਣ ਪੂਰੇ ਦੇਸ਼ ਨੂੰ ਇਕੱਠੇ ਲੈ ਕੇ ਚੱਲਣ ਦੀ ਚੁਣੌਤੀ ਰਹੇਗੀ, ਜੋ ਉਨ੍ਹਾਂ ਲਈ ਬਿਲਕੁਲ ਆਸਾਨ ਨਹੀਂ ਹੋਣ ਵਾਲਾ।

ਦੂਸਰਾ ਪਾਕਿਸਤਾਨ ਬਣ ਜਾਵੇਗਾ ਬੰਗਲਾਦੇਸ਼ ?

ਬੰਗਲਾਦੇਸ਼ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ‘ਚ ਫੌਜ ਤੇ ਕੱਟੜਪੰਥੀਆਂ ਦਾ ਪੂਰਾ ਪ੍ਰਭਾਵ ਹੈ। ਸੱਤਾ ਦਾ ਇਹੀ ਸਮੀਕਰਨ ਪਾਕਿਸਤਾਨ ‘ਚ ਵੀ ਮੌਜੂਦ ਹੈ, ਜੋ ਹੁਣ ਆਰਥਿਕ ਤੌਰ ‘ਤੇ ਪੂਰੀ ਤਰ੍ਹਾਂ ਬਦਹਾਲ ਹੈ। ਮੁਹੰਮਦ ਯੂਨੁਸ ਅਰਥਵਿਵਸਥਾ ਬਾਰੇ ਭਾਵੇਂ ਕਿੰਨਾ ਵੀ ਜਾਣਕਾਰ ਕਿਉਂ ਨਾ ਹੋਵੇ, ਪਰ ਅੰਤਰਿਮ ਸਰਕਾਰ ਦੇ ਮੁਖੀ ਵਜੋਂ ਸੁਤੰਤਰ ਤੌਰ ‘ਤੇ ਕੰਮ ਕਰਨਾ ਉਨ੍ਹਾਂ ਲਈ ਲਗਪਗ ਅਸੰਭਵ ਹੈ। ਉਹ ਅਜੇ ਵੀ ਅੰਤਰਿਮ ਸਰਕਾਰ ਦੇ ਮੁਖੀ ਵਾਂਗ ਘੱਟ ਅਤੇ ਕੱਟੜਪੰਥੀਆਂ ਅਤੇ ਫੌਜ ਦੇ ਮਖੌਟੇ ਵਰਗਾ ਦਿਖਾਈ ਦਿੰਦਾ ਹੈ।

ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਯੂਨੁਸ ਦੇ ਸੱਤਾ ਸੰਭਾਲਣ ਤੋਂ ਬਾਅਦ ਵੀ ਬੰਗਲਾਦੇਸ਼ ‘ਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਹਿੰਸਾ ‘ਚ ਕੋਈ ਕਮੀ ਨਹੀਂ ਆਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਯੂਨੁਸ ਨੂੰ ਆਪਣੇ ਵਧਾਈ ਸੰਦੇਸ਼ ਵਿੱਚ ਹਿੰਦੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਕੀਤੀ ਸੀ। ਇਸ ਦਾ ਸਪਸ਼ਟ ਮਤਲਬ ਇਹ ਹੈ ਕਿ ਪਿਛਲੇ ਪੰਜ ਦਹਾਕਿਆਂ ਤੋਂ ਭਾਰਤ ਦੇ ਕਰੀਬੀ ਸਹਿਯੋਗੀ ਰਹੇ ਬੰਗਲਾਦੇਸ਼ ਨਾਲ ਸਾਡੇ ਸਬੰਧ ਹੁਣ ਪਾਕਿਸਤਾਨ ਵਾਂਗ ਹੀ ਖੱਟੇ ਹੋ ਸਕਦੇ ਹਨ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।