6 ਅਗਸਤ 2024 : ਕਿਫਾਇਤੀ ਹਵਾਈ ਸੇਵਾਵਾਂ ਦੇਣ ਵਾਲੀ ਹਵਾਬਾਜ਼ੀ ਕੰਪਨੀ ਇੰਡੀਗੋ 14 ਨਵੰਬਰ ਤੋਂ 12 ਘਰੇਲੂ ਮਾਰਗਾਂ ’ਤੇ ਖਾਸ ਉਡਾਣਾਂ ’ਚ ਬਿਜ਼ਨੈੱਸ ਕਲਾਸ ਸੇਵਾ ਦੀ ਸ਼ੁਰੂਆਤ ਕਰੇਗੀ। ਇਸ ਤੋਂ ਇਲਾਵਾ ਕੰਪਨੀ ਕਾਰੋਬਾਰੀ ਵਿਸਥਾਰ ਲਈ ਗਾਹਕ ਲਾਇਲਟੀ ਪ੍ਰੋਗਰਾਮ ਵੀ ਸ਼ੁਰੂ ਕਰੇਗੀ। ਕੰਪਨੀ ਦੇ 18 ਸਾਲ ਪੂਰੇ ਹੋਣ ’ਤੇ ਹੋਏ ਪ੍ਰੋਗਰਾਮ ’ਚ ਇੰਡੀਗੋ ਦੇ ਸੀਈਓ ਪੀਟਰ ਐਲਬਰਸ ਨੇ ਸੋਮਵਾਰ ਨੂੰ ਕਿਹਾ ਕਿ ਬਿਜ਼ਨੈੱਸ ਕਲਾਸ ਦੀਆਂ ਸੀਟਾਂ ਲਈ ਛੇ ਅਗਸਤ ਤੋਂ ਬੁਕਿੰਗ ਸ਼ੁਰੂ ਹੋ ਜਾਵੇਗੀ। ਬਿਜ਼ਨੈੱਸ ਕਲਾਸ ਦੇ ਯਾਤਰੀਆਂ ਨੂੰ ਖਾਸ ਖਾਣੇ ਦੀ ਪੇਸ਼ਕਸ਼ ਕੀਤੀ ਜਾਏਗੀ।
ਏ321 ਨਿਊ ਜਹਾਜ਼ਾਂ ’ਚ ਬਿਜ਼ਨੈੱਸ ਕਲਾਸ ਦੀਆਂ 12 ਸੀਟਾਂ ਹੋਣਗੀਆਂ। ਐਲਬਰਸ ਨੇ ਕਿਹਾ ਕਿ ਬਿਜ਼ਨੈੱਸ ਕਲਾਸ ਸੀਟ ਲਈ ਇਕ ਪਾਸੇ ਦਾ ਕਿਰਾਇਆ 18,018 ਰੁਪਏ ਤੋਂ ਸ਼ੁਰੂ ਹੋਵੇਗਾ। ਇਹ ਸੀਟਾਂ ਸਭ ਤੋਂ ਭੀੜ ਵਾਲੇ ਤੇ ਬਿਜ਼ਨੈੱਸ ਰੂਟ ’ਤੇ ਉਪਲਬਧ ਹੋਣਗੀਆਂ ਤੇ ਇਸਦੀ ਸ਼ੁਰੂਆਤ ਦਿੱਲੀ-ਮੁੰਬਈ ਉਡਾਣਾਂ ਤੋਂ ਹੋਵੇਗੀ। ਕੰਪਨੀ ਨੇ ਇਸੇ ਸਾਲ 23 ਮਈ ਨੂੰ ਖਾਸ ਮਾਰਗਾਂ ’ਤੇ ਬਿਜ਼ਨੈੱਸ ਕਲਾਸ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ। ਹਾਲੇ ਟਾਟਾ ਗਰੁੱਪ ਦੀ ਮਲਕੀਅਤ ਵਾਲੇ ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ ਤੇ ਵਿਸਤਾਰਾ ਬਿਜ਼ਨੈੱਸ ਕਲਾਸ ਸੀਟਾਂ ਦਿੰਦੀਆਂ ਹਨ।
ਇੰਡੀਗੋ ਚਾਲੂ ਵਿੱਤੀ ਸਾਲ ’ਚ ਸੱਤ ਤੇ ਅੰਤਰਰਾਸ਼ਟਰੀ ਥਾਵਾਂ ਲਈ ਉਡਾਣਾਂ ਸ਼ੁਰੂ ਕਰੇਗੀ। ਹਾਲੇ ਕੰਪਨੀ 120 ਥਾਵਾਂ ਲਈ ਰੋਜ਼ਾਨਾ ਦੋ ਹਜ਼ਾਰ ਤੋਂ ਜ਼ਿਆਦਾ ਉਡਾਣਾਂ ਚਲਾਉਂਦੀ ਹੈ। ਇਸ ਵਿਚ 33 ਵਿਦੇਸ਼ੀ ਸ਼ਹਿਰ ਵੀ ਸ਼ਾਮਲ ਹਨ। ਘਰੇਲੂ ਬਾਜ਼ਾਰ ’ਚ ਇੰਡੀਗੋ ਦੀ ਕਰੀਬ 61 ਫ਼ੀਸਦੀ ਹਿੱਸੇਦਾਰੀ ਹੈ। ਕੰਪਨੀ ਨੇ 975 ਜਹਾਜ਼ਾਂ ਦਾ ਆਰਡਰ ਦਿੱਤਾ ਹੋਇਆ ਹੈ।
ਪ੍ਰੋਗਰਾਮ ’ਚ ਇੰਡੀਗੋ ਦੇ ਸਹਿ ਸੰਸਥਾਪਕ ਤੇ ਮੈਨੇਜਿੰਗ ਡਾਇਰੈਕਟਰ ਰਾਹੁਲ ਭਾਟੀਆ ਨੇ ਕਿਹਾ ਕਿ ਉਹ ਤੇ ਇੰਟਰਗਲੋਬ ਇੰਟਰਪ੍ਰਾਈਸਿਜ਼ ਇੱਥੇ ਬਣੇ ਰਹਿਣਗੇ। ਉਨ੍ਹਾਂ ਕਿਹਾ ਕਿ ਹਾਲੀਆ ਹਿੱਸੇਦਾਰੀ ਵਿਕਰੀ ਦਾ ਮਕਸਦ ਕਾਰੋਬਾਰੀ ਤੇ ਸਾਧਾਰਨ ਕਾਰਪੋਰੇਟ ਮਕਸਦਾਂ ਲਈ ਪੈਸਾ ਇਕੱਠਾ ਕਰਨਾ ਸੀ।