6 ਅਗਸਤ 2024 : ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਹੁਣ ਅੰਤਰਿਮ ਸਰਕਾਰ ਚਾਰਜ ਸੰਭਾਲੇਗੀ। ਬੰਗਲਾਦੇਸ਼ ਦੇ ਫੌਜ ਮੁਖੀ ਜਨਰਲ ਵਕਾਰ-ਉਜ਼-ਜ਼ਮਾਨ ਨੇ ਸੋਮਵਾਰ ਨੂੰ ਇੱਥੇ ਇਹ ਐਲਾਨ ਕੀਤਾ। ਇਹ ਐਲਾਨ ਅਜਿਹੇ ਸਮੇਂ ‘ਚ ਹੋਇਆ ਹੈ ਜਦੋਂ ਪਿਛਲੇ ਦੋ ਦਿਨਾਂ ਤੋਂ ਹਸੀਨਾ ਸਰਕਾਰ ਦੇ ਖਿਲਾਫ ਵੱਡੇ ਪੱਧਰ ‘ਤੇ ਪ੍ਰਦਰਸ਼ਨ ਹੋ ਰਹੇ ਹਨ, ਜਿਸ ‘ਚ 100 ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ।
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਦੇਸ਼ ਛੱਡਣ ਦੀ ਖ਼ਬਰ ਦੇ ਵਿਚਕਾਰ, ਥਲ ਸੈਨਾ ਮੁਖੀ ਵਕਾਰ-ਉਜ਼-ਜ਼ਮਾਨ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਵਿੱਚ ਕਿਹਾ ਕਿ ਮੈਂ ਦੇਸ਼ ਦੀ ਸਾਰੀ ਜ਼ਿੰਮੇਵਾਰੀ ਲੈ ਰਿਹਾ ਹਾਂ। ਅਰਾਜਕਤਾ ਅਤੇ ਹਿੰਸਾ ਤੋਂ ਦੂਰ ਰਹੋ। ਅਸੀਂ ਜਲਦੀ ਹੀ ਬੰਗਲਾਦੇਸ਼ ਵਿੱਚ ਅੰਤਰਿਮ ਸਰਕਾਰ ਬਣਾਵਾਂਗੇ। ਕਿਰਪਾ ਕਰਕੇ ਸਹਿਯੋਗ ਕਰੋ।
ਜੇਕਰ ਬੰਗਲਾਦੇਸ਼ ‘ਚ ਤਖਤਾਪਲਟ ਤੋਂ ਬਾਅਦ ਫੌਜੀ ਸ਼ਾਸਨ ਲਗਾਇਆ ਜਾਂਦਾ ਹੈ ਤਾਂ ਪੂਰੇ ਦੇਸ਼ ਦੀ ਕਮਾਂਡ ਆਰਮੀ ਚੀਫ ਕੋਲ ਹੋਵੇਗੀ। ਵਰਤਮਾਨ ਵਿੱਚ ਕਰ ਉਜ਼ ਜ਼ਮਾਨ ਬੰਗਲਾਦੇਸ਼ ਦੇ ਸੈਨਾ ਮੁਖੀ ਹਨ। ਆਓ ਜਾਣਦੇ ਹਾਂ ਉਨ੍ਹਾਂ ਦੀਆਂ ਕੁਝ ਖਾਸ ਗੱਲਾਂ…
ਫ਼ੌਜ ਮੁਖੀ ਦਾ ਅਹੁਦਾ
ਲੈਫਟੀਨੈਂਟ ਜਨਰਲ ਵਕਾਰ ਉਜ਼ ਜ਼ਮਾਨ ਨੂੰ ਹਾਲ ਹੀ ਵਿੱਚ ਤਰੱਕੀ ਦੇ ਕੇ ਆਰਮੀ ਜਨਰਲ ਨਿਯੁਕਤ ਕੀਤਾ ਗਿਆ ਸੀ। ਲੈਫਟੀਨੈਂਟ ਜਨਰਲ ਵਕਾਰ, 58, ਨੂੰ 11 ਜੂਨ, 2024 ਨੂੰ ਥਲ ਸੈਨਾ ਦੇ ਮੁਖੀ ਵਜੋਂ ਚੁਣਿਆ ਗਿਆ ਸੀ ਅਤੇ ਤਿੰਨ ਸਾਲਾਂ ਦੀ ਮਿਆਦ ਲਈ 23 ਜੂਨ, 2024 ਨੂੰ ਸੈਨਾ ਮੁਖੀ ਵਜੋਂ ਅਹੁਦਾ ਸੰਭਾਲਿਆ ਸੀ।
ਸਾਬਕਾ ਫ਼ੌਜ ਮੁਖੀ ਦੀ ਬੇਟੀ ਨਾਲ ਵਿਆਹ
1966 ਵਿੱਚ ਢਾਕਾ ਵਿੱਚ ਪੈਦਾ ਹੋਏ, ਲੈਫਟੀਨੈਂਟ ਜਨਰਲ ਵਕਾਰ ਉਜ਼ ਜ਼ਮਾਨ ਦਾ ਵਿਆਹ ਜਨਰਲ ਮੁਹੰਮਦ ਮੁਸਤਫ਼ਿਜ਼ੁਰ ਰਹਿਮਾਨ ਦੀ ਧੀ ਸਰਹਾਨਾਜ਼ ਕਮਾਲਿਕਾ ਜ਼ਮਾਨ ਨਾਲ ਹੋਇਆ, ਜੋ 1997 ਤੋਂ 2000 ਤੱਕ ਆਰਮੀ ਚੀਫ਼ ਰਹੇ।
ਲੰਡਨ ਵਿੱਚ ਪੜ੍ਹਾਈ
ਬੰਗਲਾਦੇਸ਼ ਫੌਜ ਦੀ ਵੈੱਬਸਾਈਟ ਦੇ ਅਨੁਸਾਰ, ਜ਼ਮਾਨ ਨੇ ਬੰਗਲਾਦੇਸ਼ ਦੀ ਨੈਸ਼ਨਲ ਯੂਨੀਵਰਸਿਟੀ ਤੋਂ ਮਾਸਟਰ ਆਫ਼ ਡਿਫੈਂਸ ਸਟੱਡੀਜ਼ ਦੀ ਡਿਗਰੀ ਅਤੇ ਕਿੰਗਜ਼ ਕਾਲਜ ਲੰਡਨ ਤੋਂ ਡਿਫੈਂਸ ਸਟੱਡੀਜ਼ ਵਿੱਚ ਮਾਸਟਰ ਆਫ਼ ਆਰਟਸ ਦੀ ਡਿਗਰੀ ਹਾਸਲ ਕੀਤੀ ਹੈ।
ਕਈ ਮੁਹਿੰਮਾਂ ਵਿੱਚ ਭੂਮਿਕਾ
ਥਲ ਸੈਨਾ ਮੁਖੀ ਬਣਨ ਤੋਂ ਪਹਿਲਾਂ, ਉਸਨੇ ਛੇ ਮਹੀਨਿਆਂ ਤੋਂ ਥੋੜ੍ਹਾ ਵੱਧ ਸਮਾਂ ਚੀਫ਼ ਆਫ਼ ਜਨਰਲ ਸਟਾਫ਼ ਵਜੋਂ ਸੇਵਾ ਨਿਭਾਈ। ਉਸਨੇ ਫੌਜੀ ਕਾਰਵਾਈਆਂ ਅਤੇ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕ ਕਾਰਜਾਂ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਜ਼ਮਾਨ ਨੇ ਚਾਰਜ ਸੰਭਾਲਿਆ
ਸਾਢੇ ਤਿੰਨ ਦਹਾਕਿਆਂ ਦੇ ਕਰੀਅਰ ਵਿੱਚ, ਉਸਨੇ ਸਾਬਕਾ ਪ੍ਰਧਾਨ ਮੰਤਰੀ ਹਸੀਨਾ ਦੇ ਨਾਲ ਨੇੜਿਓਂ ਕੰਮ ਕੀਤਾ ਹੈ। ਪਰ ਇਸ ਮਹੀਨੇ ਇੱਕ ਵਾਰ ਫਿਰ ਦੇਸ਼ ਵਿੱਚ ਵਿਰੋਧ ਪ੍ਰਦਰਸ਼ਨਾਂ ਕਾਰਨ ਜ਼ਮਾਨ ਨੇ ਅਹੁਦਾ ਸੰਭਾਲ ਲਿਆ ਅਤੇ ਲੋਕਾਂ ਦੀ ਜਾਨ-ਮਾਲ ਅਤੇ ਸਰਕਾਰੀ ਜਾਇਦਾਦ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਲਈ।
ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਹਾਈ ਅਲਰਟ
ਐਤਵਾਰ ਨੂੰ ਪੁਲਿਸ ਅਤੇ ਵਿਦਿਆਰਥੀ ਪ੍ਰਦਰਸ਼ਨਕਾਰੀਆਂ ਵਿਚਕਾਰ ਹਿੰਸਕ ਝੜਪਾਂ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਸਨ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਨੇ ਸੋਮਵਾਰ ਨੂੰ ਬੰਗਲਾਦੇਸ਼ ‘ਚ ਹੋ ਰਹੀਆਂ ਘਟਨਾਵਾਂ ਦੇ ਮੱਦੇਨਜ਼ਰ 4096 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਸਰਹੱਦ ‘ਤੇ ਆਪਣੀਆਂ ਸਾਰੀਆਂ ਇਕਾਈਆਂ ਨੂੰ ਹਾਈ ਅਲਰਟ ਜਾਰੀ ਕੀਤਾ ਹੈ।
ਸੁਰੱਖਿਆ ਤਿਆਰੀਆਂ ਦੀ ਸਮੀਖਿਆ
ਅਧਿਕਾਰੀਆਂ ਨੇ ਦੱਸਿਆ ਕਿ ਬੀਐਸਐਫ ਦੇ ਕਾਰਜਕਾਰੀ ਡਾਇਰੈਕਟਰ ਜਨਰਲ (ਡੀਜੀ) ਦਲਜੀਤ ਸਿੰਘ ਚੌਧਰੀ ਅਤੇ ਹੋਰ ਸੀਨੀਅਰ ਕਮਾਂਡਰ ਸੁਰੱਖਿਆ ਸਥਿਤੀ ਦਾ ਜਾਇਜ਼ਾ ਲੈਣ ਲਈ ਕੋਲਕਾਤਾ ਪਹੁੰਚ ਗਏ ਹਨ। ਡਾਇਰੈਕਟਰ ਜਨਰਲ ਨੇ ਉੱਤਰੀ 24 ਪਰਗਨਾ ਜ਼ਿਲ੍ਹੇ ਅਤੇ ਸੁੰਦਰਬਨ ਖੇਤਰ ਵਿੱਚ ਤਿਆਰੀਆਂ ਦੀ ਸਮੀਖਿਆ ਕੀਤੀ।
ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਰਿਹਾਈ
ਬੰਗਲਾਦੇਸ਼ ਦੇ ਰਾਸ਼ਟਰਪਤੀ ਮੁਹੰਮਦ ਸ਼ਹਾਬੂਦੀਨ ਨੇ ਸੋਮਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਅਹੁਦੇ ਤੋਂ ਸ਼ੇਖ ਹਸੀਨਾ ਦਾ ਅਸਤੀਫਾ ਸਵੀਕਾਰ ਕਰ ਲਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਖਾਲਿਦਾ ਜ਼ਿਆ ਦੀ ਰਿਹਾਈ ਦਾ ਹੁਕਮ ਵੀ ਦਿੱਤਾ, ਜੋ ਕਈ ਮਾਮਲਿਆਂ ‘ਚ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਨਜ਼ਰਬੰਦ ਹਨ। ਸ਼ਹਾਬੂਦੀਨ ਨੇ ਸੰਸਦ ਭੰਗ ਕਰ ਕੇ ਅੰਤਰਿਮ ਸਰਕਾਰ ਬਣਾਉਣ ਦਾ ਐਲਾਨ ਵੀ ਕੀਤਾ।
ਅੰਤਰਿਮ ਸਰਕਾਰ ਜਲਦੀ ਤੋਂ ਜਲਦੀ ਕਰਵਾਏਗੀ ਆਮ ਚੋਣਾਂ
ਰਾਸ਼ਟਰ ਨੂੰ ਇੱਕ ਟੈਲੀਵਿਜ਼ਨ ਸੰਬੋਧਨ ਵਿੱਚ, ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਅੱਜ ਉਨ੍ਹਾਂ ਨੂੰ ਆਪਣਾ ਅਸਤੀਫਾ ਸੌਂਪਿਆ ਹੈ ਅਤੇ ਉਨ੍ਹਾਂ ਨੇ ਇਸ ਨੂੰ ਸਵੀਕਾਰ ਕਰ ਲਿਆ ਹੈ। ਰਾਸ਼ਟਰਪਤੀ ਨੇ ਕਿਹਾ ਕਿ ਜਲਦੀ ਤੋਂ ਜਲਦੀ ਸੰਸਦ ਨੂੰ ਭੰਗ ਕਰਕੇ ਅੰਤਰਿਮ ਸਰਕਾਰ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਫੌਜ ਮੌਜੂਦਾ ਹਫੜਾ-ਦਫੜੀ ਵਾਲੀ ਸਥਿਤੀ ਨੂੰ ਆਮ ਬਣਾਉਣ ਲਈ ਵੀ ਕਦਮ ਚੁੱਕੇਗੀ। ਉਨ੍ਹਾਂ ਕਿਹਾ ਕਿ ਅੰਤਰਿਮ ਸਰਕਾਰ ਜਲਦੀ ਤੋਂ ਜਲਦੀ ਆਮ ਚੋਣਾਂ ਕਰਵਾਏਗੀ।