6 ਅਗਸਤ 2024 :  ਸਰਕਾਰ ਦੇ ਕੰਮਕਾਜ ’ਚ ਪਾਰਦਰਸ਼ਤਾ ਲਿਆਉਣ ਲਈ ਲਿਆਂਦੇ ਗਏ ਆਰਟੀਆਈ ਕਾਨੂੰਨ ਨੂੰ ਸਰਕਾਰੀ ਮੁਲਾਜ਼ਮ ਕਿਵੇਂ ਟਿੱਚ ਜਾਣ ਕੇ ਇਸ ਦੀਆਂ ਧੱਜੀਆਂ ਉਡਾਉਂਦੇ ਹਨ ਇਸ ਦੀ ਮਿਸਾਲ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਉੱਪ ਮੁੱਖ ਕਾਰਜਕਾਰੀ ਅਫ਼ਸਰ ਵੱਲੋਂ ਭੇਜੀ ਗਈ ਜਾਣਕਾਰੀ ਤੋਂ ਮਿਲਦੀ ਹੈ। ਆਰਟੀਆਈ ਤਹਿਤ ਮੰਗੀ ਗਈ ਜਾਣਕਾਰੀ ਦੇ ਜਵਾਬ ’ਚ ਸਬੰਧਤ ਵਿਭਾਗ ਨੇ ਕਿਸੇ ਸਕੂਲੀ ਵਿਦਿਆਰਥੀ ਦੀ ਹੋਮਵਰਕ ਦੀ ਕਾਪੀ ਦੇ ਸਫ਼ੇ ਹੀ ਫੋਟੋ ਸਟੇਟ ਕਰਵਾ ਕੇ ਭੇਜ ਦਿੱਤੇ ਹਨ। ਹੁਣ ਆਰਟੀਆਈ ਮੰਗਣ ਵਾਲੀ ਹਰਦੀਪ ਕੌਰ ਨੇ ਇਸ ਮਾਮਲੇ ’ਚ ਕਾਨੂੰਨੀ ਕਦਮ ਚੁੱਕਣ ਦੀ ਗੱਲ ਕਹੀ ਹੈ।

ਨਾਭਾ ਦੇ ਪਿੰਡ ਪਾਲੀਆ ਖੁਰਦ ਦੀ ਵਸਨੀਕ ਹਰਦੀਪ ਕੌਰ ਨੇ ਦੱਸਿਆ ਕਿ ਬੀਟੈੱਕ ਕਰਨ ਮਗਰੋਂ ਉਹ ਮਨਰੇਗਾ ਅਧੀਨ 322 ਰੁਪਏ ਦਿਹਾੜੀ ’ਤੇ ਮੇਟ ਵੱਜੋਂ ਸੇਵਾਵਾਂ ਦੇ ਰਹੀ ਸੀ। ਬੀਤੀ 17 ਜਨਵਰੀ ਨੂੰ ਮਨਰੇਗਾ ਦਾ ਸੋਸ਼ਲ ਆਡਿਟ ਕਰਨ ਪਿੰਡ ਪੁੱਜੀ ਟੀਮ ਅੱਗੇ ਉਸਨੇ ਮਨਰੇਗਾ ਯੋਜਨਾ ’ਚ ਹੋ ਰਹੀਆਂ ਕਥਿਤ ਉਲੰਘਣਾਵਾਂ ਬਾਬਤ ਸਵਾਲ ਉਠਾਏ। ਉਸ ਦਾ ਕਹਿਣਾ ਹੈ ਕਿ ਨਾ ਤਾਂ ਗ੍ਰਾਮ ਸਭਾ ਦਾ ਇਜਲਾਸ ਬੁਲਾਇਆ ਗਿਆ ਤੇ ਨਾ ਹੀ ਆਡਿਟ ਸਮੇਂ ਬੀਡੀਪੀਓ ਦਫ਼ਤਰ ਦੇ ਅਧਿਕਾਰੀ ਹਾਜ਼ਰ ਰਹੇ, ਜੋ ਕਿ ਕਾਨੂੰਨ ਅਨੁਸਾਰ ਲਾਜ਼ਮੀ ਸੀ। ਜਿਨ੍ਹਾਂ ਦਾ ਆਡਿਟ ਕੀਤਾ ਜਾਣਾ ਸੀ, ਉਹ ਆਪ ਹੀ ਆਪਣਾ ਆਡਿਟ ਕਰ ਰਹੇ ਸਨ। ਉਸ ਨੇ ਉੱਚ ਅਧਿਕਾਰੀਆਂ ਦੇ ਹੁਕਮ ਦੇ ਬਾਵਜੂਦ ਮੇਟ ਲਈ ਅਰਧ ਕੁਸ਼ਲ ਕਾਮੇ ਦਾ ਦਿਹਾੜੀ ਰੇਟ ਲਾਗੂ ਨਾ ਕਰਨ ਬਾਰੇ ਵੀ ਇਤਰਾਜ਼ ਉਠਾਇਆ।

ਹਰਦੀਪ ਦਾ ਕਹਿਣਾ ਹੈ ਕਿ ਉਸ ਦੇ ਚੁੱਕੇ ਇਤਰਾਜ਼ਾਂ ’ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਉਸ ’ਤੇ ਆਡਿਟ ਟੀਮ ਨਾਲ ਬਦਸਲੂਕੀ ਕਰਨ ਤੇ ਮਨਰੇਗਾ ਮਜ਼ਦੂਰਾਂ ਤੋਂ ਪੈਸੇ ਲੈਣ ਦੇ ਦੋਸ਼ ਲਗਾ ਕੇ ਉਸ ਨੂੰ ਮੇਟ ਦੀ ਡਿਊਟੀ ਤੋਂ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਆਪਣਾ ਇਤਰਾਜ਼ ਏਡੀਸੀ ਕੋਲ ਪ੍ਰਗਟਾਇਆ ਤਾਂ ਏਡੀਸੀ ਨੇ ਵੀ ਮਾਮਲੇ ਦੀ ਪੜਤਾਲ ਕਰ ਕੇ ਉਸ ਨੂੰ (ਹਰਦੀਪ ਕੌਰ) ਨੂੰ ਦੋਸ਼ੀ ਕਰਾਰ ਦੇ ਦਿੱਤਾ।

ਹਰਦੀਪ ਕੌਰ ਨੇ ਉਸ ਨੇ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਦੇ ਉਪ ਮੁੱਖ ਕਾਰਜਕਾਰੀ ਅਫ਼ਸਰ ਤੋਂ ਆਰਟੀਆਈ ਐਕਟ ਅਧੀਨ ਪੜਤਾਲੀਆ ਰਿਪੋਰਟ ਦੀ ਕਾਪੀ ਮੰਗੀ। ਇਸ ’ਤੇ ਉਸ ਨੂੰ 65 ਪੰਨਿਆਂ ਦੀ ਜਾਣਕਾਰੀ ਦੇਣ ਲਈ 130 ਰੁਪਏ ਫੀਸ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ। ਉਸ ਨੇ ਇਹ ਫੀਸ ਜਮ੍ਹਾਂ ਕਰਵਾ ਦਿੱਤੀ। ਪਰ ਜਦੋਂ ਜਵਾਬ ਆਇਆ ਤਾਂ ਉਪ ਮੁੱਖ ਕਾਰਜਕਾਰੀ ਅਫ਼ਸਰ ਨੇ ਸਕੂਲੀ ਵਿਦਿਆਰਥੀ ਦੇ ਹੋਮ ਵਰਕ ਦੀ ਕਾਪੀ ਦੇ ਵਰਕੇ ਤਸਦੀਕ ਕਰ ਕੇ ਭੇਜ ਦਿੱਤੇ। ਪਹਿਲੇ 28 ਪੰਨਿਆਂ ਤੋਂ ਬਾਅਦ ਕੋਈ ਵੀ ਪੰਨਾ ਪੜਤਾਲ ਨਾਲ ਸੰਬੰਧਤ ਨਹੀਂ। ਅਗਲੇ ਸਾਰੇ ਪੰਨੇ ਕਿਸੇ ਸਕੂਲੀ ਵਿਦਿਆਰਥੀ ਦੀ ਹੋਮ ਵਰਕ ਕਾਪੀ ਦੀ ਫੋਟੋਸਟੇਟ ਹਨ। ਉਸ ’ਚ ਵੀ ਕੁਝ ਪੰਨੇ ਦੁਬਾਰਾ ਲਗਾ ਕੇ ਗਿਣਤੀ ਪੂਰੀ ਕਰ ਦਿੱਤੀ ਗਈ ਹੈ।

ਹਰਦੀਪ ਦਾ ਕਹਿਣਾ ਹੈ ਕਿ ਆਰਟੀਆਈ ਤਹਿਤ ਮਿਲੀ ਪੜਤਾਲੀਆ ਰਿਪੋਰਟ ’ਚ ਪੜਤਾਲ ਦੌਰਾਨ ਕੁਝ ਪਿੰਡ ਵਾਸੀਆਂ ਵੱਲੋਂ ਜਮ੍ਹਾਂ ਕਰਵਾਏ ਹਲਫ਼ੀਆ ਬਿਆਨ ਗਾਇਬ ਹਨ। ਉਹ ਹੁਣ ਇਸ ਪੜਤਾਲੀਆ ਰਿਪੋਰਟ ਬਾਰੇ ਕਾਨੂੰਨੀ ਸਲਾਹ ਲੈ ਕੇ ਅਗਲਾ ਕਦਮ ਚੁੱਕੇਗੀ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।