05 ਅਗਸਤ 2024 : Indian Hockey Team: ਪੈਰਿਸ ਓਲੰਪਿਕ 2024 ਵਿੱਚ ਭਾਰਤੀ ਹਾਕੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਭਾਰਤੀ ਪੁਰਸ਼ ਹਾਕੀ ਟੀਮ ਸੈਮੀਫਾਈਨਲ ਮੈਚ ਵਿੱਚ ਜਰਮਨੀ ਨਾਲ ਭਿੜੇਗੀ। ਇਸ ਮੈਚ ਤੋਂ ਪਹਿਲਾਂ ਭਾਰਤੀ ਪੁਰਸ਼ ਟੀਮ ਨੂੰ ਵੱਡਾ ਝਟਕਾ ਲੱਗਾ ਹੈ।
ਸਟਾਰ ਪਲੇਅਰ ਅਮਿਤ ਰੋਹੀਦਾਸ ‘ਤੇ ਇਕ ਮੈਚ ਦੀ ਪਾਬੰਦੀ ਲਗਾਈ ਗਈ ਹੈ, ਜਿਸ ਕਾਰਨ ਉਹ ਹੁਣ ਸੈਮੀਫਾਈਨਲ ਮੈਚ ਖੇਡਦੇ ਨਜ਼ਰ ਨਹੀਂ ਆਉਣਗੇ। ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਨੇ ਉਸ ਨੂੰ ਇੱਕ ਮੈਚ ਲਈ ਮੁਅੱਤਲ ਕਰ ਦਿੱਤਾ ਹੈ। ਹੁਣ ਜਰਮਨੀ ਖਿਲਾਫ ਸੈਮੀਫਾਈਨਲ ਮੈਚ ‘ਚ ਉਸ ਦੇ ਟੀਮ ‘ਚ ਨਾ ਹੋਣ ਕਾਰਨ ਟੀਮ ਦਾ ਡਿਫੈਂਸ ਕਮਜ਼ੋਰ ਹੋ ਸਕਦਾ ਹੈ।
ਹਾਕੀ ਓਲੰਪਿਕ 2024: ਅਮਿਤ ਰੋਹੀਦਾਸ ਨੂੰ ਇੱਕ ਮੈਚ ਲਈ ਮੁਅੱਤਲ ਕੀਤਾ ਗਿਆ
ਦਰਅਸਲ ਭਾਰਤ ਦੇ ਅਹਿਮ ਖਿਡਾਰੀ ਅਮਿਤ ਰੋਹੀਦਾਸ ਨੂੰ ਬ੍ਰਿਟੇਨ ਦੇ ਖਿਲਾਫ ਮੈਚ ‘ਚ ਲਾਲ ਕਾਰਡ ਦਿਖਾਇਆ ਗਿਆ ਸੀ। ਇਸ ਲਾਲ ਕਾਰਡ ਕਾਰਨ ਅਮਿਤ ‘ਤੇ ਇਕ ਮੈਚ ਲਈ ਪਾਬੰਦੀ ਲਗਾ ਦਿੱਤੀ ਗਈ ਸੀ ਅਤੇ ਹੁਣ ਉਹ ਜਰਮਨੀ ਖਿਲਾਫ ਸੈਮੀਫਾਈਨਲ ਮੈਚ ਲਈ ਭਾਰਤੀ ਪੁਰਸ਼ ਟੀਮ ਲਈ ਨਹੀਂ ਖੇਡ ਸਕਣਗੇ। ਅਮਿਤ ਤਜਰਬੇਕਾਰ ਡਿਫੈਂਡਰ ਹੈ ਅਤੇ ਉਸ ਦੀ ਗੈਰ-ਮੌਜੂਦਗੀ ‘ਚ ਟੀਮ ਦਾ ਡਿਫੈਂਸ ਕਮਜ਼ੋਰ ਹੋ ਸਕਦਾ ਹੈ।
ਇੰਟਰਨੈਸ਼ਨਲ ਹਾਕੀ ਫੈਡਰੇਸ਼ਨ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ ਕਿ ਅਮਿਤ ਰੋਹੀਦਾਸ ਨੂੰ 4 ਅਗਸਤ ਨੂੰ ਭਾਰਤ ਬਨਾਮ ਗ੍ਰੇਟ ਬ੍ਰਿਟੇਨ ਮੈਚ ਦੌਰਾਨ ਐਫਆਈਐਚ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਇੱਕ ਮੈਚ ਲਈ ਮੁਅੱਤਲ ਕਰ ਦਿੱਤਾ ਗਿਆ ਹੈ।