05 ਅਗਸਤ 2024 : ਕਰੀਬ ਡੇਢ ਸਾਲ ਪਹਿਲਾਂ 12 ਅਪ੍ਰੈਲ, 2023 ਨੂੰ ਉੱਚ ਸੁਰੱਖਿਆ ਵਾਲੀ ਬਠਿੰਡਾ ਫ਼ੌਜੀ ਛਾਉਣੀ ’ਚ ਆਪਣੇ ਚਾਰ ਸਾਥੀਆਂ ਦੀ ਗੋਲ਼ੀ ਮਾਰ ਕੇ ਹੱਤਿਆ ਕਰਨ ਵਾਲੇ ਇਕ ਫ਼ੌਜੀ ਨੂੰ ਜਨਰਲ ਕੋਰਟ ਮਾਰਸ਼ਲ (ਜੀਸੀਐੱਮ) ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਤੇ ਨੌਕਰੀ ਤੋਂ ਵੀ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਮਾਮਲੇ ’ਚ ਦੋਸ਼ੀ ਕਰਾਰ ਦਿੱਤੇ ਗਏ ਗਨਰ ਦੇਸਾਈ ਮੋਹਨ ਤੇ ਮ੍ਰਿਤਕ ਸਿਪਾਹੀ ਸਾਗਰ ਬੰਨੇ, ਕਮਲੇਸ਼ ਆਰ, ਸੰਤੋਸ਼ ਨਾਗਰਾਲ ਤੇ ਯੋਗੇਸ਼ ਕੁਮਾਰ ਜੇ ਫ਼ੌਜ ਦੇ ਤੋਪਖਾਨੇ ਦੀ 80 ਮੀਡੀਅਮ ਰੈਜੀਮੈਂਟ ਦੇ ਮੈੱਸ ਵਿਚ ਇਕੱਠੇ ਕੰਮ ਕਰਦੇ ਸਨ। ਚਾਰੇ ਸਿਪਾਹੀਆਂ ਨੂੰ ਦੋਸ਼ੀ ਦੇਸਾਈ ਮੋਹਨ ਨੇ ਗੋਲੀ ਮਾਰ ਦਿੱਤੀ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਉਹ ਭਾਰੀ ਸੁਰੱਖਿਆ ਵਾਲੇ ਫ਼ੌਜੀ ਅੱਡੇ ਦੇ ਅਫ਼ਸਰਾਂ ਦੀ ਮੈੱਸ ਨੇੜੇ ਆਪਣੇ ਕਮਰੇ ਵਿਚ ਸੌਂ ਰਹੇ ਸੀ। ਇਸ ਹਾਦਸੇ ਦੀ ਜਾਂਚ ਦੌਰਾਨ ਬਠਿੰਡਾ ਪੁਲਿਸ ਨੂੰ ਮੌਕੇ ਤੋਂ ਕਾਰਤੁਸਾਂ ਦੇ 19 ਖ਼ਾਲੀ ਖੋਲ ਮਿਲੇ ਸਨ, ਜਿਸ ਤੋਂ ਸਾਬਤ ਹੁੰਦਾ ਹੈ ਕਿ ਦੋਸ਼ੀ ਵਿਅਕਤੀ ਨੇ ਆਪਣੇ ਸਾਥੀਆਂ ’ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਸਨ।

ਪੁਲਿਸ ਜਾਂਚ ਦੌਰਾਨ ਆਂਧਰਾ ਪ੍ਰਦੇਸ਼ ਦੇ ਰਹਿਣ ਵਾਲੇ ਮੋਹਨ ਨੇ ਪਹਿਲਾਂ ਮ੍ਰਿਤਕ ਸੈਨਿਕਾਂ ’ਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਸੀ। ਮੋਹਨ ਨੇ ਇਹ ਵੀ ਦਾਅਵਾ ਕੀਤਾ ਕਿ ਚਾਰ ਕਰਮਚਾਰੀਆਂ ਨੇ ਉਸ ਦੇ ਮੋਬਾਈਲ ਦੀ ਵਰਤੋਂ ਉਸ ਦੀ ਮੰਗੇਤਰ ਨਾਲ ਗੱਲ ਕਰਨ, ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਖਿੱਚਣ ਅਤੇ ਉਸ ਦਾ ਮਜ਼ਾਕ ਉਡਾਉਣ ਲਈ ਕੀਤੀ। ਇੰਨਾ ਹੀ ਨਹੀਂ, ਜਾਂਚ ਦੌਰਾਨ ਮੋਹਨ ਨੇ ਪੱਖਪਾਤ ਦਾ ਦੋਸ਼ ਲਗਾਇਆ ਤੇ ਪੁਲਿਸ ਜਾਂ ਫ਼ੌਜ ਦੇ ਸਾਹਮਣੇ ਕੋਈ ਵੀ ਇਕਬਾਲੀਆ ਬਿਆਨ ਦੇਣ ਤੋਂ ਇਨਕਾਰ ਕਰ ਦਿੱਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।