02 ਅਗਸਤ 2024 ਪੰਜਾਬੀ ਖਬਰਨਾਮਾ : “ਅਸੀਂ ਆਪਣੇ ਹਲਕੇ ਦੀ ਬੇਹਤਰੀ ਲਈ ਪਿਛਲੇ ਅਰਸੇ ਦੌਰਾਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਖਡੂਰ ਸਾਹਿਬ ਤੋਂ ਚੁਣ ਕੇ ਲੋਕ ਸਭਾ ਵਿੱਚ ਭੇਜਿਆ ਸੀ। ਪਰ ਸਾਡੇ ਮਸਲੇ ਲੋਕ ਸਭਾ ਵਿੱਚ ਨਹੀਂ ਚੁੱਕੇ ਗਏ।”
“ਇਸ ਵਾਰ ਅਸੀਂ ਵੱਡੇ ਉਤਸ਼ਾਹ ਨਾਲ ਵੋਟਾਂ ਪਾ ਕੇ ਅਮ੍ਰਿਤਪਾਲ ਸਿੰਘ ਨੂੰ ਜਤਾਇਆ ਸੀ। ਸਾਨੂੰ ਆਸ ਸੀ ਕਿ ਇਹ ਨੌਜਵਾਨ ਆਗੂ ਲੋਕ ਸਭਾ ਵਿੱਚ ਸਾਡੀ ਆਵਾਜ਼ ਬਣ ਕੇ ਉਭਰੇਗਾ। ਬਦਕਿਸਮਤੀ ਨਾਲ ਮਾਨਸੂਨ ਦੇ ਸੈਸ਼ਨ ਵਿੱਚ ਅਜਿਹਾ ਨਹੀਂ ਹੋ ਸਕਿਆ।”
ਇਹ ਸ਼ਬਦ ਹਲਕਾ ਖਡੂਰ ਸਾਹਿਬ ਅਧੀਨ ਪੈਂਦੇ ਪਿੰਡ ਲਹੁਕਾ ਖੁਰਦ ਦੇ ਵਸਨੀਕ ਸੁਖਦੇਵ ਸਿੰਘ ਦੇ ਹਨ।
ਸੁਖਦੇਵ ਸਿੰਘ ਉਨ੍ਹਾਂ ਮੋਢੀ ਵਿਅਕਤੀਆਂ ਵਿੱਚੋਂ ਹਨ, ਜਿਨਾਂ ਨੇ ਅਮ੍ਰਿਤਪਾਲ ਸਿੰਘ ਦੀ ਗ਼ੈਰ-ਮੌਜੂਦਗੀ ਵਿੱਚ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹਲਕੇ ਵਿੱਚ ਚਲਾਇਆ ਸੀ।
ਕੇਂਦਰ ਸਰਕਾਰ ਦੇ ਮਾਨਸੂਨ ਸੈਸ਼ਨ ਵਿੱਚ ਹਲਕਾ ਖਡੂਰ ਸਾਹਿਬ ਤੋਂ ਚੁਣੇ ਗਏ ਮੈਂਬਰ ਪਾਰਲੀਮੈਂਟ ਅਮ੍ਰਿਤਪਾਲ ਸਿੰਘ ਦੀ ‘ਗ਼ੈਰ-ਹਾਜ਼ਰੀ ਨੂੰ ਲੈ ਕੇ ਸਿਆਸੀ ਗਲਿਆਰਿਆਂ ਵਿੱਚ ਕਈ ਤਰ੍ਹਾਂ ਦੀ ਚਰਚਾ ਛਿੜੀ ਹੋਈ ਹੈ।
ਅਸਲ ਵਿੱਚ ਇਹ ਮੁੱਦਾ ਉਸ ਵੇਲੇ ਚਰਚਾ ਵਿੱਚ ਆਇਆ, ਜਦੋਂ ਜਲੰਧਰ ਤੋਂ ਲੋਕ ਸਭਾ ਮੈਂਬਰ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਲੋਕ ਸਭਾ ਵਿੱਚ ਅਮ੍ਰਿਤਪਾਲ ਸਿੰਘ ਉੱਪਰ ਐੱਨਐੱਸਏ ਲਗਾਉਣ ਦਾ ਮਾਮਲਾ ਚੁੱਕਿਆ ਸੀ।
ਇਸ ਸਮੇਂ ਭਾਰਤੀ ਜਨਤਾ ਪਾਰਟੀ ਦੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਚਰਨਜੀਤ ਸਿੰਘ ਚੰਨੀ ਦਰਮਿਆਨ ਸ਼ਬਦੀ ‘ਜੰਗ’ ਵੀ ਲੋਕ ਸਭਾ ਵਿੱਚ ਵੇਖਣ ਨੂੰ ਮਿਲੀ ਸੀ।
ਅਮ੍ਰਿਤਪਾਲ ਸਿੰਘ ਉੱਪਰ ਐੱਨਐੱਸਏ ਲਗਾਉਣ ਦਾ ਮਾਮਲਾ, ਠੀਕ ਇਸੇ ਸਮੇਂ ਫਰੀਦਕੋਟ ਲੋਕ ਸਭਾ ਹਲਕੇ ਤੋਂ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਨੇ ਵੀ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕੋਲ ਚੁੱਕਣ ਦੀ ਕੋਸ਼ਿਸ਼ ਕੀਤੀ ਸੀ।
ਇਸ ਤੋਂ ਬਾਅਦ ਇਹ ਸਵਾਲ ਖੜ੍ਹਾ ਹੋ ਗਿਆ ਕਿ ਖਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੱਖਾਂ ਵੋਟਰਾਂ ਦੀ ਆਵਾਜ਼ ਉਹਨਾਂ ਦਾ ਨੁਮਾਇੰਦਾ ਕਿਵੇਂ ਚੁੱਕੇਗਾ?
‘ਵਾਰਸ ਪੰਜਾਬ ਦੇ’ ਜਥੇਬੰਦੀ ਦੇ ਆਗੂ ਅਮ੍ਰਿਤਪਾਲ ਸਿੰਘ ਨੇ ਖਡੂਰ ਸਭਾ ਲੋਕ ਸਭਾ ਹਲਕੇ ਤੋਂ ਆਪਣੇ ਮੁੱਖ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਬੀਰ ਸਿੰਘ ਜੀਰਾ ਨੂੰ 1 ਲੱਖ 97,120 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਉੱਪਰ ਜਿੱਤ ਦਾ ਇਹ ਸਭ ਤੋਂ ਵੱਡਾ ਫ਼ਰਕ ਸੀ।
ਜ਼ਿਕਰਯੋਗ ਹੈ ਕੇ ਅਮ੍ਰਿਤਪਾਲ ਸਿੰਘ ਨੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਰਹਿੰਦਿਆਂ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜੀ ਸੀ।
ਅਮ੍ਰਿਤਪਾਲ ਸਿੰਘ ਨੂੰ 24 ਅਪ੍ਰੈਲ 2023 ਵਾਲੇ ਦਿਨ ਜ਼ਿਲ੍ਹਾ ਮੋਗਾ ਅਧੀਨ ਪੈਂਦੇ ਪਿੰਡ ਰੋਡੇ ਵਿਖੇ ਦਮਦਮੀ ਟਕਸਾਲ ਦੇ ਚੌਦਵੇਂ ਮੁਖੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਚਰਨਜੀਤ ਸਿੰਘ ਚੰਨੀ ਨੇ ਚੁੱਕਿਆ ਸੀ ਸਵਾਲ
ਫਿਲਹਾਲ ਅਮ੍ਰਿਤਪਾਲ ਸਿੰਘ ਆਪਣੇ ਸਾਥੀਆਂ ਸਮੇਤ ਅੱਜ ਤੱਕ ਐੱਨਐੱਸਏ ਅਧੀਨ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ।
ਕਾਂਗਰਸ ਦੇ ਲੋਕ ਸਭਾ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਸੰਸਦ ਵਿੱਚ ਸਵਾਲ ਚੁੱਕਿਆ ਸੀ ਕਿ ਅਮ੍ਰਿਤਪਾਲ ਸਿੰਘ ਦੀ ਲੋਕ ਸਭਾ ਵਿੱਚ ਗ਼ੈਰ-ਮੌਜੂਦਗੀ ਕਾਰਨ ਹਲਕਾ ਖਡੂਰ ਸਾਹਿਬ ਦੇ ਲੋਕਾਂ ਦੀ ਆਵਾਜ਼ ਸੰਸਦ ਵਿੱਚ ਕੌਣ ਚੁੱਕੇਗਾ?
ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਸਭਾ ਵਿੱਚ ਕਹੀ ਗਈ ਇਸ ਗੱਲ ਤੋਂ ਬਾਅਦ ਕਾਂਗਰਸ ਪਾਰਟੀ ਨੇ ਪੱਲਾ ਝਾੜਦਿਆਂ ਕਿਹਾ ਸੀ ਕਿ “ਇਹ ਉਨ੍ਹਾਂ ਦਾ ਨਿੱਜੀ ਵਿਚਾਰ ਹੋ ਸਕਦਾ ਹੈ, ਕਾਂਗਰਸ ਪਾਰਟੀ ਦਾ ਨਹੀਂ।”
ਇਸ ਮਗਰੋਂ ਵੀ ਚਰਨਜੀਤ ਸਿੰਘ ਚੰਨੀ ਆਪਣੀ ਗੱਲ ਉੱਪਰ ਕਾਇਮ ਰਹੇ ਅਤੇ ਉਨ੍ਹਾਂ ਨੇ ਜਲੰਧਰ ਵਿੱਚ ਮੁੜ ਇਹ ਗੱਲ ਦੋਹਰਾ ਦਿੱਤੀ।
ਅਮ੍ਰਿਤਪਾਲ ਸਿੰਘ ਦੀ ਸਾਂਸਦ ਵਜੋਂ ਸਹੁੰ ਦਾ ਮੁੱਦਾ ਬਠਿੰਡਾ ਤੋਂ ਸੰਸਦ ਮੈਂਬਰ ਅਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਚੁੱਕਿਆ ਗਿਆ ਸੀ।
3 ਜੁਲਾਈ ਨੂੰ ਉਹਨਾਂ ਨੇ ਆਖਿਆ ਸੀ, “ਪੰਜਾਬ ਵਿੱਚੋਂ ਖਡੂਰ ਸਾਹਿਬ ਤੋਂ ਚੁਣੇ ਹੋਏ ਸੰਸਦ ਮੈਂਬਰ ਨੂੰ ਸਹੁੰ ਨਹੀ ਚੁੱਕਣ ਦਿੱਤੀ ਜਾ ਰਹੀ। ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਤੇ ਹੋਰ ਕੀ ਹੈ, ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਅਤੇ ਫ਼ੈਸਲੇ ਨੂੰ ਸਰਕਾਰ ਨੂੰ ਮੰਨਣਾ ਚਾਹੀਦਾ ਹੈ।”
ਜ਼ਿਕਰਯੋਗ ਹੈ ਕਿ 5 ਜੁਲਾਈ ਨੂੰ ਅਮ੍ਰਿਤਪਾਲ ਸਿੰਘ ਨੇ ਸੰਸਦ ਮੈਂਬਰ ਵਜੋਂ ਸਹੁੰ ਚੁੱਕੀ ਸੀ। ਸਖ਼ਤ ਸੁਰੱਖਿਆ ਹੇਠ ਉਨ੍ਹਾਂ ਨੂੰ ਡਿੱਬਰੂਗੜ੍ਹ ਜੇਲ ਤੋਂ ਦਿੱਲੀ ਲਿਆਂਦਾ ਗਿਆ ਸੀ ਅਤੇ ਸਹੁੰ ਤੋਂ ਬਾਅਦ ਵਾਪਸ ਜੇਲ ਭੇਜ ਦਿੱਤਾ ਗਿਆ ਸੀ।
ਹਲਕੇ ਦੇ ਲੋਕਾਂ ਦੀ ਕੀ ਮੰਗ ਹੈ?
ਇਸ ਮਾਮਲੇ ਬਾਰੇ ਬੀਬੀਸੀ ਨੇ ਹਲਕਾ ਖਡੂਰ ਸਾਹਿਬ ਦੇ ਲੋਕਾਂ ਨਾਲ ਗੱਲਬਾਤ ਕੀਤੀ।
ਸੁਖਦੇਵ ਸਿੰਘ ਲਹੂਕਾ ਸਥਾਨਕ ਮਾਰਕੀਟ ਕਮੇਟੀ ਦੇ ਚੇਅਰਮੈਨ ਰਹਿ ਚੁੱਕੇ ਹਨ।
ਉਹ ਕਹਿੰਦੇ ਹਨ, “ਅਮ੍ਰਿਤਪਾਲ ਸਿੰਘ ਉੱਪਰ ਐੱਨਐੱਸਏ ਲਗਾਉਣ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਨੇ ਵਾਜਬ ਸ਼ਬਦ ਕਹੇ ਹਨ।”
ਉਹਨਾਂ ਮੁਤਾਬਕ, “ਸਾਡਾ ਮੰਨਣਾ ਹੈ ਕਿ ਕਾਨੂੰਨ ਅਨੁਸਾਰ ਜਿਸ ਢੰਗ ਨਾਲ ਅਮ੍ਰਿਤਪਾਲ ਸਿੰਘ ਨੂੰ ਚੋਣ ਲੜਨ ਅਤੇ ਸੰਸਦ ਵਿੱਚ ਸਹੁੰ ਚੁੱਕਣ ਦੀ ਇਜਾਜ਼ਤ ਦਿੱਤੀ ਗਈ, ਠੀਕ ਉਸੇ ਢੰਗ ਨਾਲ ਉਨ੍ਹਾਂ ਨੂੰ ਸੈਸ਼ਨ ਵਿਚ ਆਪਣੀ ਗੱਲ ਰੱਖਣ ਲਈ ਲੋਕ ਸਭਾ ਵਿੱਚ ਲਿਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਹੈ।”
ਉਹ ਅੱਗੇ ਕਹਿੰਦੇ ਹਨ, “ਪਹਿਲੀ ਗੱਲ ਤਾਂ ਇਹ ਹੈ ਜਦੋਂ ਲੋਕਾਂ ਨੇ ਵੱਡਾ ਫਤਵਾ ਅਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਦਿੱਤਾ ਹੈ ਤਾਂ ਫਿਰ ਉਨ੍ਹਾਂ ਨੂੰ ਐੱਨਐੱਸਏ ਅਧੀਨ ਨਜ਼ਰਬੰਦ ਕਰਨ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ ਹੈ।”
“ਜੇਕਰ ਸਰਕਾਰ ਉਨ੍ਹਾਂ ਨੂੰ ਕਿਸੇ ਕਾਰਨ ਵੱਸ ਰਿਹਾਅ ਨਹੀਂ ਕਰਨਾ ਚਾਹੁੰਦੀ ਤਾਂ ਫਿਰ ਤਾਂ ਸਰਕਾਰ ਇੰਨਾ ਜ਼ਰੂਰ ਕਰ ਸਕਦੀ ਹੈ ਕਿ ਲੋਕਾਂ ਦੇ ਮੁੱਦੇ ਲੋਕ ਸਭਾ ਚੁੱਕਣ ਲਈ ਉਨ੍ਹਾਂ ਨੂੰ ਆਰਜੀ ਤੌਰ ’ਤੇ ਸੰਸਦ ਦੇ ਵਿੱਚ ਲਿਆਂਦਾ ਜਾਵੇ।”
ਖਡੂਰ ਸਾਹਿਬ ਲੋਕ ਸਭਾ ਹਲਕਾ ਚਾਰ ਜ਼ਿਲ੍ਹਿਆਂ, ਕਪੂਰਥਲਾ ਫਿਰੋਜ਼ਪੁਰ, ਤਰਨਤਾਰਨ ਅਤੇ ਅੰਮ੍ਰਿਤਸਰ (ਦੋ ਵਿਧਾਨ ਸਭਾ ਹਲਕੇ) ਦੇ ਅਧਾਰਤ ਹੈ ਅਤੇ ਇਸ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ ਹਨ।
ਇਸ ਹਲਕੇ ਦੇ ਲੋਕਾਂ ਨੂੰ ਇਹ ਮਲਾਲ ਹੈ ਕਿ ਅਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਨਜ਼ਰਬੰਦ ਹੋਣ ਕਾਰਨ ਲੋਕ ਸਭਾ ਵਿੱਚ ਇਸ ਹਲਕੇ ਦਾ ਹੁਣ ਕੋਈ ਵਾਲੀਵਾਰਸ ਨਹੀਂ ਹੈ।
ਲੋਕ ਇਹ ਗਿਲਾ ਕਰਦੇ ਹਨ ਕਿ ਖਡੂਰ ਸਾਹਿਬ ਹਲਕੇ ਦੇ ਲੋਕ ਬੁਨਿਆਦੀ ਸਹੂਲਤਾਂ ਨੂੰ ਸੱਖਣੇ ਹਨ। ਇਨ੍ਹਾਂ ਵਿੱਚ ਕਈ ਮਸਲੇ ਅਜਿਹੇ ਹਨ ਜੋ ਸਿੱਧੇ ਤੌਰ ‘ਤੇ ਕੇਂਦਰ ਸਰਕਾਰ ਹੱਲ ਕਰ ਸਕਦੀ ਹੈ।
ਅਮਰਜੀਤ ਸਿੰਘ ਮਠਾੜੂ ਖਡੂਰ ਸਾਹਿਬ ਹਲਕੇ ਵਿਚ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਚਲਾਉਣ ਵਾਲਿਆਂ ਵਿੱਚੋਂ ਇੱਕ ਹਨ।
ਉਹ ਵੀ ਇਸ ਗੱਲ ਉੱਪਰ ਹੀ ਜ਼ੋਰ ਦਿੰਦੇ ਹਨ ਕਿ ਲੋਕ ਸਭਾ ਮੈਂਬਰ ਚੁਣੇ ਜਾਣ ਤੋਂ ਬਾਅਦ ਅਮ੍ਰਿਤਪਾਲ ਸਿੰਘ ਨੂੰ ਸੰਵਿਧਾਨਿਕ ਤੌਰ ਉੱਪਰ ਨਜ਼ਰਬੰਦ ਕੀਤੇ ਜਾਣ ਦੀ ਕੋਈ ਤੁੱਕ ਨਹੀਂ ਰਹਿ ਜਾਂਦੀ।
ਉਹ ਕਹਿੰਦੇ ਹਨ, “ਅਸੀਂ ਚਰਨਜੀਤ ਸਿੰਘ ਚੰਨੀ ਦੀ ਇਸ ਗੱਲੋਂ ਸ਼ਲਾਘਾ ਕਰਦੇ ਹਾਂ ਕਿ ਉਨ੍ਹਾਂ ਨੇ ਬੇਬਾਕ ਢੰਗ ਨਾਲ ਲੋਕ ਸਭਾ ਵਿੱਚ ਅਮ੍ਰਿਤਪਾਲ ਦਾ ਮੁੱਦਾ ਚੁੱਕਿਆ ਹੈ।”
“ਚਾਹੀਦਾ ਤਾਂ ਇਹ ਹੈ ਕਿ ਚਰਨਜੀਤ ਸਿੰਘ ਚੰਨੀ ਵਾਂਗ ਹੋਰ ਲੋਕ ਸਭਾ ਮੈਂਬਰ ਵੀ ਆਪਣੇ ਸਾਥੀ ਨੂੰ ਜੇਲ੍ਹ ਵਿੱਚੋਂ ਛਡਾਉਣ ਲਈ ਆਵਾਜ਼ ਚੁੱਕਦੇ ਪਰ ਅਜਿਹਾ ਦੇਖਣ ਨੂੰ ਨਹੀਂ ਮਿਲਿਆ।”
“ਲੋਕ ਸਭਾ ਵਿੱਚ ਸਾਡੀ ਆਵਾਜ਼ ਚੁੱਕਣ ਵਾਲਾ ਇਸ ਵੇਲੇ ਕੋਈ ਵੀ ਨਹੀਂ ਹੈ। ਅਸੀਂ ਲਾਵਾਰਸ ਹੋਏ ਬੈਠੇ ਹਾਂ। ਸਮਝ ਨਹੀਂ ਆਉਂਦੀ ਕਿ ਅਸੀਂ ਕਿੱਧਰ ਨੂੰ ਜਾਈਏ।”
ਉਹ ਅੱਗੇ ਕਹਿੰਦੇ ਹਨ, “ਸਾਡਾ ਮੁੱਖ ਮੁੱਦਾ ਨਸ਼ਾ ਹੈ। ਹਰ ਰੋਜ਼ ਨੌਜਵਾਨ ਲਗਾਤਾਰ ਨਸ਼ੇ ਦੇ ਟੀਕੇ ਲਗਾ ਕੇ ਮਰ ਰਹੇ ਹਨ। ਅਮ੍ਰਿਤਪਾਲ ਸਿੰਘ ਨੇ ਦੁਬਈ ਤੋਂ ਵਾਪਸ ਆ ਕੇ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨ ਦੀ ਜ਼ੋਰਦਾਰ ਮੁਹਿੰਮ ਚਲਾਈ ਸੀ।”
ਲੋਕਾਂ ਦੀ ਆਸ
ਹਲਕੇ ਦੇ ਲੋਕਾਂ ਨਾਲ ਗੱਲ ਕਰਨ ਉੱਪਰ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਅਮ੍ਰਿਤਪਾਲ ਸਿੰਘ ਦੀ ਗ਼ੈਰ-ਮੌਜੂਦਗੀ ਵਿੱਚ ਅਮ੍ਰਿਤਪਾਲ ਸਿੰਘ ਦੇ ਖੇਮੇ ਦੀਆਂ ਸਿਆਸੀ ਸਰਗਰਮੀਆਂ ਬਿਲਕੁਲ ਠੱਪ ਹਨ।
ਸੁਖਦੇਵ ਸਿੰਘ ਪਿੰਡ ਮਹੀਆਂਵਾਲਾ ਖੁਰਦ ਦੇ ਵਸਨੀਕ ਹਨ।
ਉਹ ਕਹਿੰਦੇ ਹਨ, “ਅਸੀਂ ਤਾਂ ਇਸ ਗੱਲ ਦੀ ਆਸ ਲਾਈ ਬੈਠੇ ਹਾਂ ਕਿ ਕਦੋਂ ਅਮ੍ਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਤੇ ਕਦੋਂ ਹਲਕੇ ਦੀਆਂ ਸਮੱਸਿਆਵਾਂ ਦਾ ਜ਼ਿਕਰ ਲੋਕ ਸਭਾ ਵਿੱਚ ਹੋਵੇਗਾ।”
“ਸਭ ਤੋਂ ਵੱਡੀ ਦੁੱਖ ਦੀ ਗੱਲ ਤਾਂ ਇਹ ਹੈ ਕਿ ਅਮ੍ਰਿਤਪਾਲ ਸਿੰਘ ਦੇ ਜੇਲ੍ਹ ਵਿੱਚ ਹੋਣ ਕਾਰਨ ਅਸੀਂ ਕਿਸੇ ਕੋਲ ਵੀ ਆਪਣੀ ਸਮੱਸਿਆ ਲੈ ਕੇ ਨਹੀਂ ਜਾ ਸਕਦੇ। ਅਸੀਂ ਅਮ੍ਰਿਤਪਾਲ ਸਿੰਘ ਨੂੰ ਡੱਟ ਕੇ ਵੋਟਾਂ ਪਾਈਆਂ ਹਨ ਤੇ ਉਨ੍ਹਾਂ ਤੋਂ ਹੀ ਆਪਣੇ ਭਵਿੱਖ ਦੇ ਵਿਕਾਸ ਦੀ ਉਮੀਦ ਰੱਖਦੇ ਹਾਂ।”
ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜਿਹੜੇ ਸਿਆਸੀ ਆਗੂ ਅਮ੍ਰਿਤਪਾਲ ਸਿੰਘ ਦੀ ਮੁਢਲੇ ਪੜਾਅ ਵਿੱਚ ਵਿਰੋਧਤਾ ਕਰਦੇ ਸਨ, ਹੁਣ ਉਹ ਵੀ ਉਨ੍ਹਾਂ ਦੀ ਰਿਹਾਈ ਦੀ ਵਕਾਲਤ ਕਰਦੇ ਹਨ ਤਾਂ ਇਸ ਦੇ ਜਵਾਬ ਵਿੱਚ ਉਹ ਕਹਿੰਦੇ ਹਨ, “ਇਹ ਸਿਆਸੀ ਲੋਕਾਂ ਦੀ ਧਾਰਨਾ ਹੀ ਹੁੰਦੀ ਹੈ ਕਿ ਉਹ ਸਮੇਂ-ਸਮੇਂ ਆਪਣੀ ਸਿਆਸਤ ਮੁਤਾਬਕ ਬਿਆਨ ਦਿੰਦੇ ਰਹਿੰਦੇ ਹਨ। ਸਾਨੂੰ ਇਸ ਦੀ ਕੋਈ ਪਰਵਾਹ ਨਹੀਂ ਹੈ।”
“ਜਦੋਂ ਅਸੀਂ ਅਮ੍ਰਿਤਪਾਲ ਸਿੰਘ ਦੀ ਚੋਣ ਮੁਹਿੰਮ ਚਲਾ ਰਹੇ ਸੀ ਤਾਂ ਸਾਨੂੰ ਭਾਈ ਸਾਹਿਬ ਦਾ ਇਹੀ ਸੁਨੇਹਾ ਆਇਆ ਸੀ ਕਿ ਵਿਰੋਧੀਆਂ ਦੀ ਗੱਲ ਦਾ ਜਵਾਬ ਨਹੀਂ ਦੇਣਾ ਹੈ ਅਤੇ ਆਪਣੀ ਗੱਲ ਲੋਕਾਂ ਸਾਹਮਣੇ ਰੱਖਣੀ ਹੈ। ਅਸੀਂ ਉਹੀ ਕੁਝ ਕੀਤਾ।”
ਦਾਰਾ ਸਿੰਘ ਖਡੂਰ ਸਾਹਿਬ ਹਲਕੇ ਦੇ ਇੱਕ ਆਮ ਵੋਟਰ ਹਨ।
ਉਨ੍ਹਾਂ ਦੇ ਮੁਤਾਬਕ ਅਮ੍ਰਿਤਪਾਲ ਸਿੰਘ ਦੀ ਗ਼ੈਰ-ਹਾਜ਼ਰੀ ਵਿੱਚ ਉਨ੍ਹਾਂ ਦਾ ਰਵਾਇਤੀ ਢੰਗ ਨਾਲ ਸਿਆਸੀ ਕੰਮ-ਕਾਜ ਵੇਖਣ ਲਈ ਕੋਈ ਵੀ ਨਹੀਂ ਹੈ।
“ਅਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਬਜ਼ੁਰਗ ਹਨ ਅਤੇ ਨਾ ਹੀ ਉਹ ਸਿਆਸੀ ਵਿਅਕਤੀ ਹਨ। ਉਹ ਸਧਾਰਨ ਕਿਸਾਨ ਵਿੱਚੋਂ ਪਰਿਵਾਰ ਹਨ।”
“ਉਹ ਅਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ ਵਕੀਲਾਂ ਨਾਲ ਗੱਲਬਾਤ ਕਰਨ ਦੇ ਰੁਝੇਵਿਆਂ ਵਿੱਚ ਲੱਗੇ ਰਹਿੰਦੇ ਹਨ। ਇਸ ਤੋਂ ਇਲਾਵਾ ਘਰ ਦੀ ਵੱਡੀ ਜਿੰਮੇਵਾਰੀ ਵੀ ਹੈ।”
ਖਡੂਰ ਸਾਹਿਬ, ਬਾਬਾ ਬਕਾਲਾ, ਜ਼ੀਰਾ, ਜੰਡਿਆਲਾ ਗੁਰੂ ਅਤੇ ਖੇਮਕਰਨ ਸੈਕਟਰ ਦੇ ਪਿੰਡਾਂ ਵਿੱਚ ਵਸਦੇ ਲੋਕਾਂ ਦੀ ਇੱਕੋ ਹੀ ਗੱਲ ਹੈ ਕਿ ਉਨ੍ਹਾਂ ਲਈ ਨਸ਼ਾ ਸਭ ਤੋਂ ਮੁੱਖ ਮੁੱਦਾ ਹੈ।
ਉਹ ਆਸ ਕਰਦੇ ਹਨ ਕਿ ਅਮ੍ਰਿਤਪਾਲ ਸਿੰਘ ਜਦੋਂ ਵੀ ਜੇਲ੍ਹ ਤੋਂ ਬਾਹਰ ਆਉਣਗੇ ਤਾਂ ਲੋਕ ਸਭਾ ਵਿੱਚ ਨਸ਼ੇ ਦਾ ਮੁੱਦਾ ਜ਼ਰੂਰ ਚੁੱਕਣਗੇ।