02 ਅਗਸਤ 2024 ਪੰਜਾਬੀ ਖਬਰਨਾਮਾ : ਪਿੰਡ ਜਗਮਾਲਵਾਲੀ ਵਿਖੇ ਸਥਿਤ ਡੇਰਾ ਮਸਤਾਨਾ ਸ਼ਾਹ ਬਲੋਚਸਤਾਨੀ ਜਗਮਾਲਵਾਲੀ ਦੇ ਮੁਖੀ ਸੰਤ ਬਹਾਦਰ ਚੰਦ ਵਕੀਲ ਦਾ ਕੱਲ੍ਹ ਸਵੇਰੇ ਦੇਹਾਂਤ ਹੋ ਗਿਆ। ਉਹ ਪਿਛਲੇ ਇੱਕ ਸਾਲ ਤੋਂ ਬਿਮਾਰ ਸਨ।
ਉਨ੍ਹਾਂ ਦਾ ਦਿੱਲੀ ਦੇ ਮੈਕਸ ਹਸਪਤਾਲ ’ਚ ਇਲਾਜ ਚੱਲ ਰਿਹਾ ਸੀ। ਸੰਤ ਬਹਾਦਰ ਚੰਦ ਵਕੀਲ ਸਾਹਿਬ ਦੇ ਦੇਹਾਂਤ ਤੋਂ ਬਾਅਦ ਡੇਰੇ ਦੀ ਗੱਦੀ ਨੂੰ ਲੈ ਕੇ ਵਿਵਾਦ ਸ਼ੁਰੂ ਹੋ ਗਿਆ। ਵੱਡੀ ਗਿਣਤੀ ’ਚ ਡੇਰਾ ਸ਼ਰਧਾਲੂ ਦੋ ਧਿਰਾਂ ਵਿੱਚ ਵੰਡੇ ਗਏ ਜਿਸ ਤੋਂ ਬਾਅਦ ਕਿਸੇ ਮਾੜੀ ਘਟਨਾ ਦੇ ਮੱਦੇਨਜ਼ਰ ਡੇਰੇ ਵਿੱਚ ਵੱਡੀ ਗਿਣਤੀ ’ਚ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ।
ਕੁਝ ਡੇਰਾ ਸ਼ਰਧਾਲੂਆਂ ਨੇ ਡੇਰੇ ਦੇ ਆਗੂਆਂ ’ਤੇ ਗੰਭੀਰ ਦੋਸ਼ ਲਾਏ ਹਨ ਅਤੇ ਇਸ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। ਬਾਅਦ ਦੁਪਹਿਰ ਸੰਤ ਬਹਾਦਰ ਚੰਦ ਵਕੀਲ ਸਾਹਿਬ ਦੀ ਮ੍ਰਿਤਕ ਦੇਹ ਨੂੰ ਅੰਤਿਮ ਦਰਸ਼ਨਾਂ ਲਈ ਜਗਮਾਲਵਾਲੀ ਡੇਰੇ ਵਿਖੇ ਰੱਖਿਆ ਗਿਆ।
ਡੇਰਾ ਮੁਖੀ ਦੇ ਦਿਹਾਂਤ ਤੋਂ ਬਾਅਦ ਡੇਰੇ ਦਾ 3 ਤੋਂ 4 ਅਗਸਤ ਤੱਕ ਹੋਣ ਵਾਲਾ ਸਾਲਾਨਾ ਜੋੜ ਮੇਲਾ ਰੱਦ ਕਰ ਦਿੱਤਾ ਗਿਆ ਹੈ। ਇਹ ਪਹਿਲੀ ਵਾਰ ਹੋਵੇਗਾ ਜਦੋਂ ਡੇਰੇ ਵਿੱਚ ਕੋਈ ਸਾਲਾਨਾ ਜੋੜ ਮੇਲਾ ਨਹੀਂ ਹੋਵੇਗਾ।
ਡੇਰੇ ਦੀ ਗੱਦੀ ਨੂੰ ਲੈ ਕੇ ਉਸ ਵੇਲੇ ਵਿਵਾਦ ਪੈਦਾ ਹੋ ਗਿਆ ਜਦੋਂ ਸੰਤ ਵਕੀਲ ਸਾਹਿਬ ਦੇ ਨੇੜਲੇ ਸ਼ਰਧਾਲੂ ਵਰਿੰਦਰ ਸਿੰਘ ਨੇ ਗੱਦੀ ’ਤੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਜਿਸ ਤੋਂ ਬਾਅਦ ਡੇਰੇ ਦੇ ਸ਼ਰਧਾਲੂ ਭੜਕ ਗਏ ਅਤੇ ਇਕ ਦੂਜੇ ਨਾਲ ਹੱਥਾਪਾਈ ਸ਼ੁਰੂ ਕਰ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਵਿਚ ਪੈ ਕੇ ਸਥਿਤੀ ਨੂੰ ਸੰਭਾਲਿਆ ਅਤੇ ਕੁਝ ਲੋਕਾਂ ਨੂੰ ਆਪਣੇ ਨਾਲ ਲੈ ਗਏ।