01 ਅਗਸਤ 2024 ਪੰਜਾਬੀ ਖਬਰਨਾਮਾਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਵਿਚ ਪਏ ਖਲਾਅ ਨੂੰ ਠੱਲ੍ਹ ਪਾਉਂਣ ਲਈ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਕੀਤੇ ਜਾਣ ਵਾਲੇ ਫ਼ੈਸਲੇ ਨੂੰ ਲੈ ਕੇ ਵੱਖ-ਵੱਖ ਆਗੂਆਂ ਵੱਲੋਂ ਆਏ ਦਿਨ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਅਤੇ ਹੋਣ ਵਾਲੀ ਇਕੱਤਰਤਾ ’ਤੇ ਪੰਥ ਤੇ ਸਿਆਸੀ ਅਗੂਆਂ ਦੀਆਂ ਨਜ਼ਰਾਂ ਟਿਕ ਗਈਆਂ ਹਨ।
ਜਾਣਕਾਰੀ ਮੁਤਾਬਕ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਗਲੇ ਹਫਤੇ ਮੀਟਿੰਗ ਕਰਨ ਦਾ ਦਿਨ ਤੈਅ ਕਰਨ ਲਈ ਸਾਥੀ ਸਿੰਘ ਸਾਹਿਬਾਨਾਂ ਨਾਲ ਲਗਾਤਾਰ ਤਾਲਮੇਲ ਕਰ ਰਹੇ ਹਨ। 4 ਅਗਸਤ ਨੂੰ ਅੰਮ੍ਰਿਤਸਰ ਵਿਖੇ ਚੀਫ ਖਾਲਸਾ ਦੀਵਾਨ ਵੱਲੋਂ ਕੀਰਤਨ ਸਮਾਗਮ ਰੱਖਿਆ ਗਿਆ ਹੈ। ਇਸ ਕੀਰਤਨ ਸਮਾਗਮ ਵਿਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਤੋਂ ਇਲਾਵਾ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਸ਼ਾਮਲ ਹੋ ਰਹੇ ਹਨ। ਇਸ ਦਿਨ ਤਿੰਨੋਂ ਜਥੇਦਾਰ ਜਾਂ ਤਾਂ ਆਪਸ ਵਿਚ ਇਸ ਮਾਮਲੇ ਸਬੰਧੀ ਵਿਚਾਰ ਕਰਨਗੇ ਨਹੀਂ ਤਾਂ ਬਾਕੀ ਦੋ ਹੋਰ ਸਿੰਘ ਸਾਹਿਬ ਸ਼ਾਮਲ ਕਰਕੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਕਰਕੇ ਤਲਬ ਕਰਨ ਵਾਲਿਆਂ ਲਈ ਸਮਾਂ ਤੇ ਦਿਨ ਤੈਅ ਕਰ ਸਕਦੇ ਹਨ।
ਸ਼੍ਰੋਮਣੀ ਅਕਾਲੀ ਦਲ ਅਤੇ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪਹਿਲੀ ਇਕੱਤਰਤਾ ਵਿਚ ਫਾਰਗ ਕਰ ਦੇਣਾ ਨਜ਼ਰ ਨਹੀਂ ਆ ਰਿਹਾ। ਪੰਥਕ ਮਾਹਰਾਂ ਦੀ ਗੱਲ ਕਰੀਏ ਤਾਂ ਇਸ ਮਾਮਲੇ ਨੂੰ ਬਿਨਾਂ ਦੇਰੀ ਵਿਚਾਰ ਲੈਣਾ ਚਾਹੀਦਾ ਹੈ ਅਤੇ ਜੇ ਕਿਸੇ ਹੋਰ ਨੂੰ ਵੀ ਕੋਈ ਇਤਰਾਜ਼ ਜਾਂ ਸ਼ਿਕਾਇਤ ਹੋਵੇ, ਪੰਜ ਸਿੰਘ ਸਾਹਿਬਾਨ ਨੂੰ ਇਸ ਲਈ ਵੀ ਖੁੱਲ੍ਹਾ ਸੱਦਾ ਦੇ ਦੇਣਾ ਚਾਹੀਦਾ ਹੈ। ਸੂਤਰਾਂ ਮੁਤਾਬਕ ਜਥੇਦਾਰ ਗਿਆਨੀ ਰਘਬੀਰ ਸਿੰਘ ਜਲਦ ਹੀ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸੱਦ ਸਕਦੇ ਹਨ ਜਿਸ ਦਾ ਸੰਕੇਤ ਜਥੇਦਾਰ ਆਪਣੀ ਵਿਦੇਸ਼ ਫੇਰੀ ਤੋਂ ਜਲਦ ਪਰਤ ਆਏ ਹਨ।
ਜ਼ਿਕਰਯੋਗ ਹੈ ਕਿ 1 ਜੁਲਾਈ ਨੂੰ ਅਕਾਲੀ ਦਲ ਸੁਧਾਰ ਲਹਿਰ ਦੇ ਨਾਂ ’ਤੇ ਕੁਝ ਬਾਗੀ ਅਕਾਲੀਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਲਿਖਤੀ ਸ਼ਿਕਾਇਤ ਪੱਤਰ ਦਿੱਤਾ ਸੀ ਜਿਸ ’ਤੇ ਜਥੇਦਾਰ ਨੇ 15 ਜੁਲਾਈ ਦੀ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿਚ ਅਕਾਲੀ ਦਲ ਦੇ ਪ੍ਰਧਾਨ ਨੂੰ 15 ਦਿਨ ਵਿਚ ਸਪੱਸ਼ਟੀਕਰਨ ਦੇਣ ਦਾ ਹੁਕਮ ਜਾਰੀ ਕੀਤਾ ਸੀ। 24 ਜੁਲਾਈ ਨੂੰ ਸੁਖਬੀਰ ਸਿੰਘ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਜਥੇਦਾਰ ਨੂੰ ਬੰਦ ਲਿਫਾਫਾ ਸਪੱਸ਼ਟੀਕਰਨ ਸੌਂਪਿਆ ਸੀ। ਇਸ ਪੱਤਰ ਨੂੰ ਲੈ ਕੇ ਚਰਚਾਵਾਂ ਦਾ ਬਾਜ਼ਾਰ ਗਰਮ ਹੈ। ਹਰੇਕ ਸਿੱਖ ਅਤੇ ਗ਼ੈਰ-ਸਿੱਖ ਦੀ ਨਜ਼ਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਨਾਲ ਜੁੜੇ ਫ਼ੈਸਲੇ ਸਬੰਧੀ ਹੋਣ ਵਾਲੀ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਇੱਕਤਰਤਾ ਵੱਲ ਟਿਕੀ ਹੋਈ ਹੈ।