ਨਵੀਂ ਦਿੱਲੀ 31 ਜੁਲਾਈ 2024 (ਪੰਜਾਬੀ ਖਬਰਨਾਮਾ) : ਭਾਰਤੀ ਟੀਮ ਨੇ ਸ਼੍ਰੀਲੰਕਾ ਖਿਲਾਫ ਤੀਜਾ ਟੀ-20 ਮੈਚ ਸੁਪਰ ਓਵਰ ‘ਚ ਜਿੱਤ ਲਿਆ। ਇਸ ਜਿੱਤ ਨਾਲ ਸੂਰਿਆਕੁਮਾਰ ਯਾਦਵ ਦੀ ਅਗਵਾਈ ਵਾਲੀ ਟੀਮ ਨੇ ਟੀ-20 ਸੀਰੀਜ਼ 3-0 ਨਾਲ ਜਿੱਤ ਲਈ। ਟੀ-20 ਸੀਰੀਜ਼ ‘ਚ ਸ਼ਾਨਦਾਰ ਜਿੱਤ ਤੋਂ ਬਾਅਦ ਟੀਮ ਇੰਡੀਆ ਦਾ ਮੈਡਲ ਸਮਾਰੋਹ ਡਰੈਸਿੰਗ ਰੂਮ ‘ਚ ਹੋਇਆ। ਇਸ ਸਮਾਰੋਹ ਦੌਰਾਨ ਕੋਚ ਟੀ ਦਿਲੀਪ ਨੇ ਰਿੰਕੂ ਸਿੰਘ ਨੂੰ ‘ਫੀਲਡਰ ਆਫ ਦਿ ਸੀਰੀਜ਼’ ਦਾ ਐਵਾਰਡ ਦਿੱਤਾ।

ਰਿੰਕੂ ਸਿੰਘ ਨੇ ਜਿੱਤਿਆ ‘ਫੀਲਡਰ ਆਫ ਦਾ ਸੀਰੀਜ਼’ ਦਾ ਐਵਾਰਡ

ਦਰਅਸਲ ਆਈਸੀਸੀ ਵਿਸ਼ਵ ਕੱਪ 2023 ਤੋਂ ਟੀਮ ਇੰਡੀਆ ਵਿਚ ਨਵਾਂ ਰੁਝਾਨ ਸ਼ੁਰੂ ਹੋਇਆ ਹੈ ਅਤੇ ਇਸ ਨੂੰ ਸ਼ੁਰੂ ਕਰਨ ਵਾਲੇ ਫੀਲਡਿੰਗ ਕੋਚ ਟੀ ਦਿਲੀਪ ਹਨ। ਹਰ ਮੈਚ ਤੋਂ ਬਾਅਦ ਡ੍ਰੈਸਿੰਗ ਰੂਮ ਵਿਚ ਬੈਸਟ ਫੀਲਡਰ ਚੁਣਿਆ ਜਾਂਦਾ ਹੈ ਤੇ ਸੀਰੀਜ਼ ਵਿਚ ਸਰਵੋਤਮ ਫੀਲਡਰ ਦੀ ਚੋਣ ਕੀਤੀ ਜਾਂਦੀ ਹੈ। ਸੀਰੀਜ਼ ਖ਼ਤਮ ਹੋਣ ਤੋਂ ਬਾਅਦ ਫੀਲਡਰ ਆਫ ਦਿ ਸੀਰੀਜ਼ ਚੁਣਿਆ ਜਾਂਦਾ ਹੈ।

ਹਾਲ ਹੀ ‘ਚ ਭਾਰਤ ਬਨਾਮ ਸ਼੍ਰੀਲੰਕਾ ਵਿਚਕਾਰ ਖੇਡੀ ਗਈ ਟੀ-20 ਸੀਰੀਜ਼ ਤੋਂ ਬਾਅਦ ਵੀ ਇਹ ਰਵਾਇਤ ਜਾਰੀ ਰਹੀ, ਜਿਸ ਵਿਚ ਟੀ ਦਲੀਪ ਨੇ ਫੀਲਡਰ ਆਫ ਦਿ ਸੀਰੀਜ਼ ਮੈਡਲ ਲਈ ਤਿੰਨ ਖਿਡਾਰੀਆਂ ਨੂੰ ਨਾਮਜ਼ਦ ਕੀਤਾ। ਇਨ੍ਹਾਂ ਖਿਡਾਰੀਆਂ ਵਿਚ ਰਿੰਕੂ ਸਿੰਘ, ਰਿਆਨ ਪਰਾਗ ਅਤੇ ਰਵੀ ਬਿਸ਼ਨੋਈ ਦੇ ਨਾਂ ਸ਼ਾਮਿਲ ਹਨ। ਕੋਚ ਦਿਲੀਪ ਨੇ ਕੋਚਿੰਗ ਸਟਾਫ ‘ਚ ਨੀਦਰਲੈਂਡ ਦੇ ਸਾਬਕਾ ਕ੍ਰਿਕਟਰ ਰਿਆਨ ਡੇਸਚਾਊਟ ਨੂੰ ਜੇਤੂ ਦੇ ਨਾਂ ਦਾ ਐਲਾਨ ਕਰਨ ਲਈ ਕਿਹਾ।

ਬੀਸੀਸੀਆਈ ਵੱਲੋਂ ਸ਼ੇਅਰ ਕੀਤੀ ਗਈ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਮੈਡਲ ਰਿੰਕੂ ਸਿੰਘ ਨੇ ਜਿੱਤਿਆ ਹੈ, ਜਿਸ ਨੂੰ ਇਹ ਐਵਾਰਡ ਉਸ ਦੀ ਸ਼ਾਨਦਾਰ ਫੀਲਡਿੰਗ ਲਈ ਦਿੱਤਾ ਗਿਆ ਹੈ। ਇਸ ਵੀਡੀਓ ਦੀ ਸ਼ੁਰੂਆਤ ‘ਚ ਅਰਸ਼ਦੀਪ ਸਿੰਘ ਅਤੇ ਰਿਸ਼ਭ ਪੰਤ ਕਹਿ ਰਹੇ ਹਨ ਕਿ ਸਾਨੂੰ ਪਹਿਲਾਂ ਹੀ ਪਤਾ ਹੈ ਕਿ ਇਹ ਮੈਡਲ ਕੌਣ ਜਿੱਤੇਗਾ, ਦਲੀਪ ਭਾਈ ਸਸਪੈਂਸ ਪੈਦਾ ਕਰ ਰਹੇ ਹਨ। ਰਿੰਕੂ ਸਿੰਘ ਦੇ ਮੈਡਲ ਜਿੱਤਣ ਤੋਂ ਬਾਅਦ ਸਾਰੇ ਖਿਡਾਰੀਆਂ ਨੇ ‘Congratulations & Celebration’ ਗੀਤ ਗਾ ਕੇ ਉਸ ਨੂੰ ਚੀਅਰ ਕੀਤਾ।

Punjabi Khabarnama

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।