ਸ਼ਹੀਦ ਪੁੱਤਰ ਨੂੰ ਭਾਰਤ ਦਾ ਦੂਜਾ ਸਭ ਤੋਂ ਵੱਡਾ ਸ਼ਾਂਤੀਕਾਲੀਨ ਵੀਰਤਾ ਪੁਰਸਕਾਰ ਕੀਰਤੀ ਚੱਕਰ ਮਿਲਣ ਤੋਂ ਕੁਝ ਦਿਨ ਬਾਅਦ ਕੈਪਟਨ ਅੰਸ਼ੂਮਨ ਸਿੰਘ ਦੇ ਮਾਪਿਆਂ ਨੇ ਭਾਰਤੀ ਫੌਜ ਦੀ ‘ਨੇਕਸਟ ਆਫ ਕਿਨ’ (ਐਨਓਕੇ) ਨੀਤੀ ਵਿੱਚ ਬਦਲਾਅ ਦੀ ਮੰਗ ਕੀਤੀ ਹੈ।
ਇਸ ਨੀਤੀ ਤਹਿਤ ਫ਼ੌਜੀ ਜਵਾਨ ਦੇ ਸ਼ਹੀਦ ਹੋਣ ਉਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਮਾਪਦੰਡ ਨੂੰ ‘ਗਲਤ’ ਦੱਸਦਿਆਂ ਸ਼ਹੀਦ ਕੈਪਟਨ ਦੇ ਪਿਤਾ ਰਵੀ ਪ੍ਰਤਾਪ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਤੋਂ ਬਾਅਦ ਉਨ੍ਹਾਂ ਦੀ ਵਿਧਵਾ ਸਮ੍ਰਿਤੀ ਸਿੰਘ ਘਰ ਛੱਡ ਕੇ ਆਪਣੇ ਪੇਕੇ ਗੁਰਦਾਸਪੁਰ (ਪੰਜਾਬ) ਚਲੀ ਗਈ ਹੈ ਅਤੇ ਮੌਜੂਦਾ ਸਮੇਂ ਵਿਚ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਲਾਭ ਮਿਲ ਰਿਹਾ ਹੈ। ਕੈਪਟਨ ਸਿੰਘ ਦੀ ਪਿਛਲੇ ਸਾਲ ਜੁਲਾਈ ਵਿੱਚ ਸਿਆਚਿਨ ਵਿੱਚ ਭਿਆਨਕ ਅੱਗ ਦੀ ਘਟਨਾ ਵਿੱਚ ਮੌਤ ਹੋ ਗਈ ਸੀ।