5 ਜੁਲਾਈ (ਪੰਜਾਬੀ ਖਬਰਨਾਮਾ):ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਦੇ ਅੰਕੜਿਆਂ ਅਨੁਸਾਰ ਸਾਲ 2022 ‘ਚ 2.3 ਮਿਲੀਅਨ ਔਰਤਾਂ ਨੂੰ ਕੈਂਸਰ ਦੀ ਬਿਮਾਰੀ ਹੋਣ ਬਾਰੇ ਪਤਾ ਲੱਗਾ। ਇਸ ਨਾਲ ਦੁਨੀਆ ਭਰ ‘ਚ 6,70,000 ਮੌਤਾਂ ਹੋਈਆਂ। ਸ਼ੁਰੂਆਤੀ ਪੜਾਵਾਂ ‘ਚ ਇਸ ਦੀ ਪਛਾਣ ਹੋ ਜਾਵੇ ਤਾਂ ਇਸ ਤੋਂ ਬਚਿਆ ਜਾ ਸਕਦਾ ਹੈ। ਜੇਕਰ ਸਹੀ ਸਮੇਂ ‘ਤੇ ਇਲਾਜ ਨਾ ਕਰਵਾਇਆ ਜਾਵੇ ਤਾਂ ਇਹ ਸਰੀਰ ਦੇ ਹੋਰ ਹਿੱਸਿਆਂ ‘ਚ ਫੈਲ ਸਕਦਾ ਹੈ, ਜੋ ਜਾਨਲੇਵਾ ਸਾਬਤ ਹੋ ਸਕਦਾ ਹੈ। ਕੈਂਸਰ ਇਕ ਗੰਭੀਰ ਬਿਮਾਰੀ ਹੈ ਜੋ ਕਿਸੇ ਨੂੰ ਵੀ ਆਪਣਾ ਸ਼ਿਕਾਰ ਬਣਾ ਸਕਦੀ ਹੈ। ਇਸ ਬਿਮਾਰੀ ਦੀਆਂ ਕਈ ਕਿਸਮਾਂ ਹਨ ਜੋ ਸਰੀਰ ਦੇ ਵੱਖ-ਵੱਖ ਹਿੱਸਿਆਂ ‘ਚ ਹੋਣ ਕਾਰਨ ਵੱਖ-ਵੱਖ ਨਾਵਾਂ ਨਾਲ ਜਾਣੀਆਂ ਜਾਂਦੀਆਂ ਹਨ। ਛਾਤੀ ਦਾ ਕੈਂਸਰ (ਬ੍ਰੈਸਟ ਕੈਂਸਰ) ਅਜਿਹੀ ਗੰਭੀਰ ਬਿਮਾਰੀ ਹੈ ਜੋ ਜ਼ਿਆਦਾਤਰ ਔਰਤਾਂ ਨੂੰ ਪ੍ਰਭਾਵਿਤ ਕਰਦੀ ਹੈ। ਔਰਤਾਂ ‘ਚ ਇਹ ਬਿਮਾਰੀ ਹੋਣ ਦੀ 99 ਪ੍ਰਤੀਸ਼ਤ ਅਤੇ ਪੁਰਸ਼ਾਂ ‘ਚ 0.5-1 ਸੰਭਾਵਨਾ ਹੁੰਦੀ ਹੈ। ਛਾਤੀ ਦਾ ਕੈਂਸਰ ਦੁਨੀਆ ‘ਚ ਸਭ ਤੋਂ ਪ੍ਰਚਲਿਤ ਬਿਮਾਰੀਆਂ ਵਿਚੋਂ ਇਕ ਹੈ। ਇਹ ਉਦੋਂ ਹੁੰਦਾ ਹੈ ਜਦੋਂ ਤੁਹਾਡੀ ਛਾਤੀ ‘ਚ ਕੈਂਸਰ ਕੋਸ਼ਿਕਾਵਾਂ ਵਧ ਜਾਂਦੀਆਂ ਹਨ ਤੇ ਟਿਊਮਰ ਬਣ ਜਾਂਦੀਆਂ ਹਨ। ਲਗਪਗ 80 ਫ਼ੀਸਦੀ ਮਾਮਲਿਆਂ ‘ਚ ਟਿਊਮਰ ਛਾਤੀ ਤੋਂ ਤੁਹਾਡੇ ਸਰੀਰ ਦੇ ਹੋਰ ਹਿੱਸਿਆਂ ‘ਚ ਫੈਲ ਸਕਦਾ ਹੈ।
ਇਹ ਵੀ ਇਕ ਸੱਚਾਈ ਹੈ ਕਿ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਦਾ ਜਿੱਥੇ ਨਾਂ ਤੱਕ ਲੋਕ ਘਰਾਂ ‘ਚ ਲੈਣ ਤੋਂ ਡਰਦੇ ਹਨ, ਉੱਥੇ ਛੋਟੇ ਪਰਦੇ ਤੋਂ ਲੈ ਕੇ ਵੱਡੇ ਪਰਦੇ ਤੱਕ ਦੇ ਬਾਲੀਵੁੱਡ ਦੇ ਕਈ ਅਦਾਕਾਰ ਇਸ ਦੇ ਸ਼ਿਕਾਰ ਹੋ ਚੁੱਕੇ ਹਨ। ਟੀਵੀ ਤੋਂ ਫਿਲਮਾਂ ਤੱਕ ਦਾ ਸਫਰ ਤੈਅ ਕਰਨ ਵਾਲੀ ਮਸ਼ਹੂਰ ਅਦਾਕਾਰਾ ਹਿਨਾ ਖ਼ਾਨ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੋਣ ਦੀ ਖ਼ਬਰ ਨੇ ਇਕ ਵਾਰ ਫਿਰ ਉਨ੍ਹਾਂ ਅਦਾਕਾਰਾਂ ਦੀਆਂ ਕੌੜੀਆਂ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ ਹਨ, ਜੋ ਇਸ ਬਿਮਾਰੀ ਤੋਂ ਪੀੜਤ ਰਹੇ ਹਨ ਅਤੇ ਮਜ਼ਬੂਤ ਹੌਸਲੇ ਨਾਲ ਅੱਖਾਂ ‘ਚ ਅੱਖਾਂ ‘ਚ ਪਾ ਕੇ ਇਸ ਬਿਮਾਰੀ ਦਾ ਸਾਹਮਣਾ ਕਰਦੇ ਹੋਏ ਆਪਣੇ-ਆਪ ਨੂੰ ਕੈਂਸਰ ਮੁਕਤ ਕਰਨ ‘ਚ ਕਾਮਯਾਬ ਰਹੇ। ਅਸੀਂ ਉਨ੍ਹਾਂ ਹੀ ਕੈਂਸਰ ਫਾਈਟਰ ਅਦਾਕਾਰਾਂ ਬਾਰੇ ਗੱਲ ਕਰਾਂਗੇ, ਜਿਨ੍ਹਾਂ ਕੈਂਸਰ ‘ਤੇ ਜਿੱਤ ਹਾਸਲ ਕੀਤੀ ਅਤੇ ਹੋਰਨਾਂ ਪੀੜਤਾਂ ਨੂੰ ਹੌਸਲਾ ਦੇਣ ਦੇ ਨਾਲ-ਨਾਲ ਹੁਣ ਉਨ੍ਹਾਂ ਨੂੰ ਜਾਗਰੂਕ ਵੀ ਕਰ ਰਹੇ ਹਨ।
ਮਿੱਤਲ
ਟੀਵੀ ਅਦਾਕਾਰਾ ਛਵੀ ਮਿੱਤਲ ਨੂੰ ਸਾਲ 2022 ‘ਚ ਛਾਤੀ ਦਾ ਕੈਂਸਰ ਹੋਣ ਬਾਰੇ ਪਤਾ ਚੱਲਿਆ। ਜਦੋਂ ਉਸ ਨੂੰ ਵਰਕਆਊਟ ਦੌਰਾਨ ਮਾਮੂਲੀ ਸੱਟ ਲੱਗਣ ਤੋਂ ਬਾਅਦ ਆਪਣੀ ਬ੍ਰੈਸਟ ‘ਚ ਇਕ ਗੰਢ ਮਹਿਸੂਸ ਹੋਈ। ਇਸ ਦੀ ਜਾਂਚ ਕਰਵਾਉਣ ਤੋਂ ਬਾਅਦ ਉਹ ਹੈਰਾਨ ਰਹਿ ਗਈ। ਕਰੀਬ ਛੇ ਘੰਟੇ ਚੱਲੀ ਸਰਜਰੀ ਮਗਰੋਂ ਉਸ ਦੇ ਸਰੀਰ ਵਿਚੋਂ ਕੈਂਸਰ ਵਾਲਾ ਪੀਸ ਬਾਹਰ ਕੱਢ ਦਿੱਤਾ ਗਿਆ। ਇਸ ਤੋਂ ਬਾਅਦ ਉਸ ਨੇ ਕੁੱਝ ਮਹੀਨਿਆਂ ਵਿਚ ਕੈਂਸਰ ’ਤੇ ਪੂਰੀ ਤਰ੍ਹਾਂ ਨਾਲ ਜਿੱਤ ਪ੍ਰਾਪਤ ਕਰ ਲਈ। ਦੱਸ ਦੇਈਏ ਕਿ ਇਸ ਅਦਾਕਾਰਾ ਨੇ ‘ਤੁਮਹਾਰੀ ਦਿਸ਼ਾ’, ‘ਘਰ ਕੀ ਲਕਸ਼ਮੀ ਬੇਟੀਆਂ’, ‘ਬੰਦਿਨੀ’ ਤੇ ‘ਵਿਰਾਸਤ’ ਵਰਗੇ ਟੀਵੀ ਸ਼ੋਅਜ਼ ‘ਚ ਕੰਮ ਕੀਤਾ।
ਲਿਜ਼ਾ ਰੇਅ
ਕੈਨੇਡੀਅਨ – ਭਾਰਤੀ ਅਦਾਕਾਰਾ ਲਿਜ਼ਾ ਰੇਅ ਨੇ ਬਾਲੀਵੁੱਡ ਫਿਲਮਾਂ ਵਿਚ ਵੀ ਬਿਹਤਰੀਨ ਕੰਮ ਕੀਤਾ ਹੈ। ਮਸ਼ਹੂਰ ਡਾਇਰੈਕਟਰ ਦੀਪਾ ਮਹਿਤਾ ਨਾਲ ਉਸ ਦੀਆਂ ਫਿਲਮਾਂ ਨੂੰ ਖ਼ਾਸਾ ਪਸੰਦ ਕੀਤਾ ਗਿਆ ਸੀ। ਸਾਲ 2009 ‘ਚ ਕੈਂਸਰ ਦਾ ਸ਼ਿਕਾਰ ਹੋਈ ਲਿਜ਼ਾ ਨੇ ਇਕ ਸਾਲ ਬਾਅਦ ਹੀ ਖ਼ੁਦ ਨੂੰ ਕੈਂਸਰ ਮੁਕਤ ਹੋਣ ਦਾ ਐਲਾਨ ਕਰ ਦਿੱਤਾ ਸੀ। ਅਦਾਕਾਰਾ ਨੇ ਕੈਂਸਰ ਨਾਲ ਜੰਗ ਦੇ ਆਪਣੇ ਤਜਰਬੇ ਨੂੰ ‘ਦ ਯੈਲੋ ਡਾਇਰੀਜ਼’ ਰਾਹੀਂ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ, ਜੋ ਬਾਕੀ ਪੀੜਤਾਂ ਨੂੰ ਵੀ ਹੌਸਲਾ ਨਾ ਛੱਡਣ ਤੇ ਇਸ ਬਿਮਾਰੀ ਨਾਲ ਮਜ਼ਬੂਤ ਹੋ ਕੇ ਲੜਨ ਦੀ ਤਾਕਤ ਦਿੰਦੇ ਹਨ।
ਯੁਵਰਾਜ ਸਿੰਘ
ਆਪਣੇ ਕਰੀਅਰ ਦੇ ਸਿਖ਼ਰ ‘ਤੇ ਸਾਲ 2011 ‘ਚ ਮਸ਼ਹੂਰ ਕ੍ਰਿਕਟਰ ਯੁਵਰਾਜ ਸਿੰਘ ਵੀ ਕੈਂਸਰ ਦਾ ਸ਼ਿਕਾਰ ਹੋ ਚੁੱਕਿਆ ਹੈ। ਯੁਵਰਾਜ ਦੇ ਕਰੀਅਰ ਦੀ ਗੱਲ ਕਰੀਏ ਤਾਂ ਉਹ ਸਾਲ 2007 ‘ਚ ਆਈਸੀਸੀ ਵਰਲਡ ਟਵੰਟੀ-20 ਅਤੇ 2011 ‘ਚ ਕ੍ਰਿਕਟ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਿਹਾ ਹੈ। ਯੁਵਰਾਜ ਨੇ ਅਮਰੀਕਾ ‘ਚ ਆਪਣਾ ਇਲਾਜ ਕਰਵਾਇਆ ਤੇ ਸਾਲ 2012 ‘ਚ ਭਾਰਤ ਵਾਪਸੀ ਦੇ ਨਾਲ ਹੀ ਕ੍ਰਿਕਟ ‘ਚ ਵੀ ਦੁਬਾਰਾ ਐਂਟਰੀ ਕੀਤੀ। ਹਾਲਾਂਕਿ ਸਾਲ 2017 ‘ਚ ਇੰਟਰਨੈਸ਼ਨਲ ਕ੍ਰਿਕਟ ਤੋਂ ਉਨ੍ਹਾਂ ਸੰਨਿਆਸ ਦਾ ਐਲਾਨ ਕਰ ਦਿੱਤਾ ਸੀ।
ਤਾਹਿਰਾ ਕਸ਼ਯਪ
ਅਦਾਕਾਰ ਤੇ ਗਾਇਕ ਆਯੁਸ਼ਮਾਨ ਖੁਰਾਨਾ ਦੀ ਪਤਨੀ ਤੇ ਲੇਖਿਕਾ ਤਾਹਿਰਾ ਕਸ਼ਯਪ ਵੀ ਇਸ ਗੰਭੀਰ ਬਿਮਾਰੀ ਦੀ ਸ਼ਿਕਾਰ ਹੋ ਚੁੱਕੀ ਹੈ। ਉਸ ਨੂੰ ਸਾਲ 2017 ‘ਚ 30 ਸਾਲ ਦੀ ਉਮਰ ‘ਚ ਛਾਤੀ ਦੇ ਕੈਂਸਰ ਹੋਣ ਬਾਰੇ ਪਤਾ ਲੱਗਿਆ। ਇਹ ਚੌਥੀ ਸਟੇਜ ਦਾ ਕੈਂਸਰ ਸੀ। ਉਸ ਨੇ ਵੀ ਹਾਰ ਨਾ ਮੰਨਦੇ ਹੋਏ ਕੰਮ ਤੋਂ ਕਾਫੀ ਸਮਾਂ ਬ੍ਰੇਕ ਲੈ ਕੇ ਆਪਣਾ ਇਲਾਜ ਕਰਵਾਇਆ। ਅਖ਼ੀਰ 2019 ‘ਚ ਇਸ ਖ਼ਤਰਨਾਕ ਬਿਮਾਰੀ ’ਤੇ ਕਾਬੂ ਪਾਇਆ। ਇਸ ਮੁਸ਼ਕਲ ਘੜੀ ‘ਚ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਵੀ ਆਪਣੀ ਪਤਨੀ ਦਾ ਭਰਪੂਰ ਸਾਥ ਦਿੱਤਾ ਸੀ। ਤਾਹਿਰਾ ਮੋਟੀਵੇਸ਼ਨਲ ਸਪੀਕਰ ਵੀ ਹੈ ਜੋ ਅਕਸਰ ਆਪਣਾ ਅਨੁਭਵ ਸ਼ੇਅਰ ਕਰਦੇ ਹੋਏ ਕੈਂਸਰ ਪੀੜਤਾਂ ਨੂੰ ਇਸ ਨਾਲ ਲੜਨ ਲਈ ਜਾਗਰੂਕ ਕਰਦੀ ਰਹਿੰਦੀ ਹੈ।
ਮਨੀਸ਼ਾ ਕੋਇਰਾਲਾ
ਬਾਲੀਵੁੱਡ ਅਦਾਕਾਰਾ ਮਨੀਸ਼ਾ ਕੋਇਰਾਲਾ ਨੂੰ ਸਾਲ 2012 ‘ਚ ਓਵੇਰੀਅਨ ਕੈਂਸਰ ਹੋਇਆ ਸੀ, ਜਿਸ ਦੇ ਇਲਾਜ ਲਈ ਉਹ ਕਾਫੀ ਸਮਾਂ ਵਿਦੇਸ਼ ‘ਚ ਰਹੀ। ਸਾਲ 2014 ‘ਚ ਉਹ ਇਸ ਬਿਮਾਰੀ ਨੂੰ ਮਾਤ ਦੇਣ ਵਿਚ ਕਾਮਯਾਬ ਰਹੀ। ਸਾਲ 2017 ‘ਚ ਉਸ ਨੇ ਅਦਾਕਾਰੀ ਦੇ ਖੇਤਰ ‘ਚ ਮੁੜ ਵਾਪਸੀ ਕੀਤੀ। ਕੈਂਸਰ ਬਾਰੇ ਮਨੀਸ਼ਾ ਦਾ ਕਹਿਣਾ ਹੈ ਕਿ ਉਸ ਨੂੰ ਇਹ ਡਰ ਜ਼ਰੂਰ ਸਤਾਉਂਦਾ ਹੈ ਕਿ ਇਹ ਬਿਮਾਰੀ ਦੁਬਾਰਾ ਆਪਣੀਆਂ ਜੜ੍ਹਾਂ ਫੈਲਾ ਸਕਦੀ ਹੈ ਪਰ ਸਕਾਰਾਤਮਕ ਸੋਚ ਨਾਲ ਇਸ ਨੂੰ ਹਰਾਇਆ ਜਾ ਸਕਦਾ ਹੈ। ਮਨੀਸ਼ਾ ਨੇ ‘1942 : ਏ ਲਵ ਸਟੋਰੀ’ ਨਾਲ ਬਾਲੀਵੁੱਡ ‘ਚ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ‘ਅਕੇਲੇ ਹਮ ਅਕੇਲੇ ਤੁਮ’, ‘ਬਾਂਬੇ’, ‘ਅਗਨੀ ਸਾਕਸ਼ੀ’, ‘ਖਾਮੋਸ਼ੀ-ਦਿ ਮਿਊਜ਼ਕਲ’, ‘ਦਿਲ ਸੇ’, ‘ਕੰਪਨੀ’ ਵਰਗੀਆਂ ਕਈ ਫਿਲਮਾਂ ਵਿਚ ਕੰਮ ਕੀਤਾ। ਹਾਲੀਆ ਦਿਨਾਂ ਵਿਚ ਸੰਜੈ ਲੀਲਾ ਭੰਸਾਲੀ ਦੀ ਚਰਚਿਤ ਵੈੱਬ ਸੀਰੀਜ਼ ‘ਹੀਰਾ ਮੰਡੀ’ ਵਿਚ ਉਨ੍ਹਾਂ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲੀ।
ਮੁਮਤਾਜ
ਆਪਣੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਮੁਮਤਾਜ ਨੂੰ ਵੀ 54 ਸਾਲ ਦੀ ਉਮਰ ਵਿਚ ਸਾਲ 2002 ‘ਚ ਛਾਤੀ ਦਾ ਕੈਂਸਰ ਹੋਣ ਬਾਰੇ ਪਤਾ ਚੱਲਿਆ ਤਾਂ ਉਸ ਨੇ ਹਾਰ ਨਾ ਮੰਨਦੇ ਹੋਏ ਜੰਗ ਲੜੀ, ਜੋ ਉਸਨੇ ਪੂਰੇ ਹੌਸਲੇ ਤੇ ਹਿੰਮਤ ਨਾਲ ਜਿੱਤੀ। ਅਦਾਕਾਰਾ ਬ੍ਰੈਸਟ ਕੈਂਸਰ ਸਰਵਾਈਵਰਜ਼ ‘ਤੇ ਸਾਲ 2010 ‘ਚ ਬਣੀ ਅਮਰੀਕਨ ਡਾਕੂਮੈਂਟਰੀ ‘1 ਏ ਮਿਨਟ’ ‘ਚ ਵੀ ਨਜ਼ਰ ਆਈ ਸੀ।
ਸੰਜੇ ਦੱਤ
ਹਿੰਦੀ ਸਿਨੇਮਾ ਦੇ ਦਿੱਗਜ ਅਦਾਕਾਰ ਸੰਜੇ ਦੱਤ ਨੂੰ ਸਾਲ 2020 ‘ਚ ਲੰਗ ਕੈਂਸਰ ਹੋਇਆ ਸੀ। ਉਨ੍ਹਾਂ ਦੀ ਮਾਂ ਨਰਗਿਸ ਦੱਤ ਤੇ ਪਹਿਲੀ ਪਤਨੀ ਰਿਚਾ ਸ਼ਰਮਾ ਦੀ ਮੌਤ ਕੈਂਸਰ ਕਾਰਨ ਹੀ ਹੋਈ ਸੀ। ਉਹ ਕੈਂਸਰ ਦੇ ਇਲਾਜ ਦੇ ਤੌਰ-ਤਰੀਕਿਆਂ ਦੇ ਖ਼ੌਫ਼ ਕਾਰਨ ਆਪਣਾ ਇਲਾਜ ਕਰਵਾਉਣ ਤੋਂ ਇਨਕਾਰੀ ਹੋ ਗਏ ਅਤੇ ਫਿਰ ਹੌਲ਼ੀ-ਹੌਲ਼ੀ ਉਨ੍ਹਾਂ ਆਪਣਾ ਇਲਾਜ ਕਰਵਾਇਆ ਤੇ ਕੈਂਸਰ ’ਤੇ ਜਿੱਤ ਹਾਸਲ ਕੀਤੀ। ਉਨ੍ਹਾਂ ਆਪਣੇ ਇਸ ਕੌੜੇ ਸਫ਼ਰ ਨੂੰ ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਅਤੇ ਹੁਣ ਇਸ ਪਲੇਟਫਾਰਮ ਦੀ ਵਰਤੋਂ ਦੂਜਿਆਂ ਨੂੰ ਜਾਗਰੂਕ ਕਰਨ ਲਈ ਕਰਦੇ ਹਨ। ਸੰਜੇ ਦੱਤ ਨੇ ‘ਰੌਕੀ’, ‘ਨਾਮ’, ‘ਸਾਜਨ’, ‘ਸੜਕ’, ‘ਖਲਨਾਇਕ’, ‘ਮੁੰਨਾ ਬਾਈ ਐੱਮਬੀਬੀਐੱਸ’ ਆਦਿ ਵਰਗੀਆਂ ਸੁਪਰਹਿੱਟ ਫਿਲਮਾਂ ਕੀਤੀਆਂ ਹਨ।
ਸੋਨਾਲੀ ਬੇਂਦਰੇ
‘ਦਿਲਜਲੇ’, ‘ਮੇਜਰ ਸਾਬ੍ਹ’, ‘ਹਮ ਸਾਥ-ਸਾਥ ਹੈਂ’ ਤੇ ‘ਸਰਫ਼ਰੋਸ਼’ ਵਰਗੀਆਂ ਮਸ਼ਹੂਰ ਫਿਲਮਾਂ ‘ਚ ਅਦਾਕਾਰੀ ਦਾ ਜਲਵਾ ਦਿਖਾ ਚੁੱਕੀ ਸੋਨਾਲੀ ਬੇਂਦਰੇ ਨੂੰ ਸਾਲ 2018 ਵਿਚ ਬ੍ਰੈਸਟ ਕੈਂਸਰ ਦੇ ਚੌਥੀ ਸਟੇਜ ‘ਚ ਹੋਣ ਬਾਰੇ ਪਤਾ ਲੱਗਿਆ। ਸੋਨਾਲੀ ਦੇ ਜ਼ਿੰਦਾ ਰਹਿਣ ਦੀ ਉਮੀਦ ਸਿਰਫ਼ 30 ਫ਼ੀਸਦ ਸੀ ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਸਾਲ 2021 ‘ਚ ਬੇਹੱਦ ਮੁਸ਼ਕਲ ਜੰਗ ਜਿੱਤ ਲਈ। ਲੰਬੇ ਸਮੇਂ ਬਾਅਦ ਉਸ ਨੂੰ ਡਾਂਸ ਰਿਐਲਟੀ ਸ਼ੋਅ ‘ਡੀਆਈਡੀ ਲਿਟਲ ਮਾਸਟਰਜ਼’ ਵਿਚ ਬਤੌਰ ਜੱਜ ਦੇਖਿਆ ਗਿਆ।
ਹਮਸਾ ਨੰਦਿਨੀ
ਦੱਖਣ ਦੀ ਅਦਾਕਾਰਾ ਹਮਸਾ ਨੰਦਿਨੀ ਨੂੰ ਦਸੰਬਰ 2021 ‘ਚ ਛਾਤੀ ਦਾ ਕੈਂਸਰ ਹੋਇਆ ਸੀ। ਉਸ ਨੇ ਇਲਾਜ ਕਰਵਾਇਆ ਤੇ ਮੁੜ ਫਿਲਮਾਂ ‘ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਹੁਣ ਉਹ ਬਿਲਕੁਲ ਠੀਕ ਹੈ।
ਕਿਰਨ ਖੇਰ
ਕਿਰਨ ਖੇਰ ਵੀ ਕੈਂਸਰ ਦਾ ਸ਼ਿਕਾਰ ਹੋਈ। ਉਨ੍ਹਾਂ ਨੂੰ ਇਸ ਜਾਨਲੇਵਾ ਬਿਮਾਰੀ ਨੇ ਸਾਲ 2021 ‘ਚ ਘੇਰਾ ਪਾਇਆ ਸੀ, ਹਾਲਾਂਕਿ ਸਾਲ 2022 ‘ਚ ਇੰਡੀਅਨ ਐਕਸਪ੍ਰੈਸ ਨਾਲ ਗੱਲਬਾਤ ਦੌਰਾਨ ਅਦਾਕਾਰਾ ਦੇ ਪਤੀ ਅਨੁਪਮ ਖੇਰ ਨੇ ਉਨ੍ਹਾਂ ਦੀ ਰਿਕਵਰੀ ਸਬੰਧੀ ਦੱਸਿਆ ਸੀ। ਕਿਰਨ ਖੇਰ ‘ਦੇਵਦਾਸ’,‘ਮੈਂ ਹੂ ਨਾ’,‘ਹਮ ਤੁਮ’ ਵਰਗੀਆਂ ਕਈ ਮਸ਼ਹੂਰ ਫਿਲਮਾਂ ‘ਚ ਆਪਣੀ ਅਦਾਕਾਰੀ ਲਈ ਜਾਣੀ ਜਾਂਦੀ ਹੈ। ਟੀਵੀ ਸ਼ੋਅ ‘ਇੰਡੀਆਜ਼ ਗੌਟ ਟੈਲੇਂਟ’ ‘ਚ ਵੀ ਉਹ ਬਤੌਰ ਜੱਜ ਨਜ਼ਰ ਆਉਂਦੀ ਹਨ।
ਮਹਿਮਾ ਚੌਧਰੀ
ਪਰਦੇਸ ਗਰਲ ਯਾਨੀ ਅਦਾਕਾਰਾ ਮਹਿਮਾ ਚੌਧਰੀ ਨੂੰ ਵੀ ਸਾਲ 2022 ‘ਚ ਛਾਤੀ ਦੇ ਕੈਂਸਰ ਵਰਗੀ ਜਾਨਲੇਵਾ ਬਿਮਾਰੀ ਨੇ ਲਪੇਟ ‘ਚ ਲੈ ਲਿਆ, ਜਿਸਦਾ ਉਸਨੇ ਇਲਾਜ ਕਰਵਾਇਆ ਤੇ ਹੁਣ ਉਹ ਪੂਰੀ ਤਰ੍ਹਾਂ ਨਾਲ ਠੀਕ ਹੈ। ‘ਪਰਦੇਸ’ ਵਰਗੀ ਫਿਲਮ ਨਾਲ ਇੰਡਸਟਰੀ ਵਿਚ ਕਦਮ ਰੱਖਣ ਵਾਲੀ ਮਹਿਮਾ ਨੇ ‘ਕੁਰੂਕਸ਼ੇਤਰ’, ‘ਲੱਜਾ’ ਤੇ ‘ਦਿਲ ਹੈ ਤੁਮਹਾਰਾ’ ਵਰਗੀਆਂ ਫਿਲਮਾਂ ‘ਚ ਆਪਣੀ ਖ਼ੂਬਸੂਰਤ ਅਦਾਕਾਰੀ ਨਾਲ ਫੈਨਜ਼ ਦਾ ਦਿਲ ਜਿੱਤਿਆ। ਅਦਾਕਾਰਾ ਜਲਦ ਹੀ ਕੰਗਨਾ ਰਣੌਤ ਸਟਾਰਰ ਫਿਲਮ ‘ਐਮਰਜੈਂਸੀ’ ‘ਚ ਵੀ ਨਜ਼ਰ ਆਵੇਗੀ।
ਆਪਣਿਆਂ ਦਾ ਸਾਥ ਤੇ ਬਿਹਤਰ ਦੇਖਭਾਲ
ਦਰਅਸਲ, ਇਹ ਜੰਗ ਅਜਿਹੀ ਹੈ, ਜਿਸ ਵਿਚ ਆਪਣਿਆਂ ਦਾ ਸਾਥ ਅਤੇ ਬਿਹਤਰ ਦੇਖਭਾਲ ਦੀ ਲੋੜ ਹੁੰਦੀ ਹੈ। ਇਨ੍ਹਾਂ ਲਗਪਗ ਸਾਰੇ ਕਲਾਕਾਰਾਂ ਦਾ ਮੰਨਣਾ ਹੈ ਕਿ ਇਹ ਜੰਗ ਜਿੱਤਣਾ ਇਕੱਲਿਆਂ ਦੇ ਵੱਸ ਦੀ ਗੱਲ ਨਹੀਂ ਹੈ, ਇਸ ਲਈ ਆਪਣਿਆਂ ਦਾ ਸਾਥ ਬਹੁਤ ਮਹੱਤਵਪੂਰਨ ਹੈ। ਇਸ ਤੋਂ ਇਲਾਵਾ ਬਿਹਤਰ ਦੇਖਭਾਲ ਦੀ ਵੀ ਲੋੜ ਹੁੰਦੀ ਹੈ। ਇਸ ਲਈ ਜ਼ਿੰਦਗੀ ਦੀ ਦੌੜ ਵਿਚ ਕਦੀ ਵੀ ਆਪਣਿਆਂ ਦਾ ਸਾਥ ਨਹੀਂ ਛੱਡਣਾ ਚਾਹੀਦਾ। ਹਮੇਸ਼ਾ ਸਕਾਰਾਤਮਕ ਊਰਜਾ ਵਾਲੇ ਚੰਗੇ ਲੋਕਾਂ ਦਾ ਸਾਥ ਰੱਖਣਾ ਚਾਹੀਦਾ ਹੈ।