4 ਜੁਲਾਈ (ਪੰਜਾਬੀ ਖਬਰਨਾਮਾ):ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਦੇ ਲਈ ਅੰਮ੍ਰਿਤਪਾਲ ਨੂੰ 5 ਜੁਲਾਈ ਯਾਨੀ ਸ਼ੁੱਕਰਵਾਰ ਤੋਂ 4 ਦਿਨ ਜਾਂ ਇਸ ਤੋਂ ਘੱਟ ਦੀ ਪੈਰੋਲ ਮਿਲੀ ਹੈ। ਪਰ ਅੰਮ੍ਰਿਤਪਾਲ 4 ਦਿਨਾਂ ਵਿੱਚ ਉਹ ਨਾ ਤਾਂ ਰਈਆ ਸਥਿਤ ਆਪਣੇ ਘਰ ਆ ਸਕੇਗਾ, ਨਾ ਹੀ ਆਪਣੇ ਲੋਕ ਸਭਾ ਹਲਕੇ ਅਤੇ ਨਾ ਹੀ ਪੰਜਾਬ ਵਿੱਚ। ਉਸ ਨੂੰ ਇਹ ਪੈਰੋਲ ਕੁਝ ਸ਼ਰਤਾਂ ਨਾਲ ਦਿੱਤੀ ਗਈ ਹੈ।
ਦਿੱਲੀ ਹੀ ਪਹੁੰਚੇਗਾ ਅੰਮ੍ਰਿਤਪਾਲ: ਦਰਅਸਲ ਭਲਕੇ ਯਾਨੀ ਸ਼ੁੱਕਰਵਾਰ ਤੋਂ ਅੰਮ੍ਰਿਤਪਾਲ ਸਿੰਘ ਦੀ ਜ਼ਮਾਨਤ ਕੁਝ ਸ਼ਰਤਾਂ ਦੇ ਆਧਾਰ ‘ਤੇ ਦਿੱਤੀ ਗਈ ਹੈ। ਜਿਸ ਦੀ ਸੂਚਨਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜ ਦਿੱਤੀ ਗਈ ਹੈ ਅਤੇ ਉਨ੍ਹਾਂ ਰਾਹੀਂ ਇਹ ਸੂਚਨਾ ਅੰਮ੍ਰਿਤਪਾਲ ਨੂੰ ਦਿੱਤੀ ਗਈ ਹੈ। ਇਨ੍ਹਾਂ ਸ਼ਰਤਾਂ ਮੁਤਾਬਕ ਉਹ ਦਿੱਲੀ ਹੀ ਰੁੱਕ ਸਕਣਗੇ। ਉਹ ਦਿੱਲੀ ਨੂੰ ਛੱਡ ਕੇ ਹੋਰ ਕਿਤੇ ਨਹੀਂ ਜਾ ਸਕਦਾ। ਉਸ ਦਾ ਰਾਤ ਨੂੰ ਠਹਿਰਾਅ ਵੀ ਦਿੱਲੀ ‘ਚ ਹੀ ਹੋਵੇਗਾ। ਇੰਨਾ ਹੀ ਨਹੀਂ ਉਹ ਹਰ ਸਮੇਂ ਸੁਰੱਖਿਆ ਵਿੱਚ ਰਹੇਗਾ। ਇਸ ਦੌਰਾਨ ਪਰਿਵਾਰ ਨਾਲ ਮੁਲਾਕਾਤ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਪਰਿਵਾਰ ਅੰਮ੍ਰਿਤਪਾਲ ਦੇ ਸਹੁੰ ਸਮਾਰੋਹ ਤੋਂ ਅਣਜਾਣ: ਬੀਤੇ ਦਿਨ, ਅੰਮ੍ਰਿਤਪਾਲ ਸਿੰਘ ਦੇ ਪਿੰਡ ਜੱਲੂਪੁਰ ਖੇੜਾ ਵਿਖੇ ਜੱਦੀ ਘਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਫਿਲਹਾਲ ਉਨ੍ਹਾਂ ਨੂੰ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਫਿਰ ਸਰਕਾਰ ਦੇ ਕਿਸੇ ਨੁਮਾਇੰਦੇ ਵੱਲੋਂ ਇਸ ਸਹੁੰ ਚੁੱਕ ਸਮਾਗਮ ਦਾ ਸੱਦਾ ਪੱਤਰ ਜਾਂ ਜਾਣਕਾਰੀ ਨਹੀਂ ਮਿਲੀ ਹੈ। ਪਿਤਾ ਤਰਸੇਮ ਨੇ ਕਿਹਾ ਕਿ ਉਕਤ ਜਾਣਕਾਰੀ ਸਾਨੂੰ ਮੀਡੀਆ ਰਿਪੋਰਟਾਂ ਰਾਹੀਂ ਮਿਲ ਅਤੇ ਇਸ ਦੇ ਨਾਲ ਹੀ ਐੱਮਪੀ ਸਰਬਜੀਤ ਸਿੰਘ ਖਾਲਸਾ ਵੱਲੋਂ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸਾਂਝੀ ਕੀਤੀ ਗਈ ਸੀ।