01 ਜੁਲਾਈ (ਪੰਜਾਬੀ ਖ਼ਬਰਨਾਮਾ):ਬਿਹਾਰ ਦੇ ਬਾਅਦ ਹੁਣ ਝਾਰਖੰਡ ’ਚ ਵੀ ਪੁਲ ਡਿੱਗਣ ਦੀ ਘਟਨਾ ਸਾਹਮਣੇ ਆਈ ਹੈ। ਬਿਹਾਰ ’ਚ ਬੀਤੇ ਦਸ ਦਿਨਾਂ ਦੌਰਾਨ ਛੋਟੇ-ਵੱਡੇ ਕੁੱਲ ਮਿਲਾ ਕੇ ਪੰਜ ਪੁਲਾਂ ਦੇ ਡਿੱਗਣ ਦੀਆਂ ਘਟਨਾਵਾਂ ਵਾਪਰੀਆਂ ਹਨ। ਹੁਣ ਝਾਰਖੰਡ ਦੇ ਗਿਰੀਡੀਹ ਜ਼ਿਲ੍ਹੇ ’ਚ ਮੀਂਹ ਦੇ ਪਾਣੀ ਕਾਰਨ ਅਰਗਾ ਨਦੀ ’ਤੇ ਉਸਾਰੀ ਅਧੀਨ ਪੁਲ ਦੇ ਡਿੱਗਣ ਦੀ ਘਟਨਾ ਵਾਪਰੀ ਹੈ। ਇਹ ਪੁਲ ਫਤਿਹਪੁਰ-ਭੇਲਵਾਘਾਟੀ ਸੜਕ ’ਤੇ ਅਰਗਾ ਨਦੀ ’ਤੇ ਬਣ ਰਿਹਾ ਸੀ। ਪੁਲ ਡਿੱਗਣ ਦਾ ਕਾਰਨ ਘਟੀਆ ਨਿਰਮਾਣ ਤੇ ਭ੍ਰਿਸ਼ਟਾਚਾਰ ਦੱਸਿਆ ਜਾ ਰਿਹਾ ਹੈ। ਇਹ ਘਟਨਾ ਸ਼ਨਿਚਰਵਾਰ ਦੀ ਸ਼ਾਮ ਨੂੰ ਹੋਈ ਜਦੋਂ ਮੌਨਸੂਨ ਦੀ ਪਹਿਲੀ ਬਾਰਿਸ਼ ਦੌਰਾਨ ਅਰਗਾ ਨਦੀ ਦਾ ਪਾਣੀ ਦਾ ਪੱਧਰ ਅਚਾਨਕ ਵੱਧ ਗਿਆ।
ਤੇਜ਼ ਵਹਾਅ ਕਾਰਨ ਪੁਲ ਦਾ ਪਿੱਲਰ ਟੇਢਾ ਹੋ ਗਿਆ ਤੇ ਫਿਰ ਪੁਲ ਢਹਿ ਗਿਆ। ਇਸਦੀ ਉਸਾਰੀ ਸਾਢੇ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਸੜਕ ਨਿਰਮਾਣ ਵਿਭਾਗ ਵੱਲੋਂ ਕਰਵਾਈ ਜਾ ਰਹੀ ਸੀ। ਘਟੀਆ ਨਿਰਮਾਣ ਦਾ ਦੋਸ਼ ਲਗਾ ਕੇ ਪਿੰਡ ਵਾਸੀਆਂ ਨੇ ਪਹਿਲਾਂ ਦਸੰਬਰ 2023 ’ਚ ਉਸਾਰੀ ਦਾ ਕੰਮ ਰੁਕਵਾ ਦਿੱਤਾ ਸੀ। ਤਿੰਨ ਮਹੀਨੇ ਬਾਅਦ ਮੁੜ ਕੰਮ ਸ਼ੁਰੂ ਹੋ ਗਿਆ। ਯਾਦ ਰਹੇ ਕਿ ਝਾਰਖੰਡ ਦੇ ਫਤਿਹਪੁਰ ਮੋੜ (ਦੇਵਰੀ, ਗਿਰੀਡੀਹ) ਤੋਂ ਬਿਹਾਰ ਦੇ ਬੌਂਗੀ ਪੰਚਾਇਤ (ਜਮੂਈ) ਵਿਚਾਲੇ ਕਰੀਬ 15 ਕਿਲੋਮੀਟਰ ਲੰਬੀ ਸੜਕ ਦੀ ਉਸਾਰੀ ਕੀਤੀ ਜਾ ਰਹੀ ਹੈ। ਇਸੇ ਸੜਕ ’ਤੇ ਫਤਿਹਪੁਰ-ਭੇਲਵਾਘਾਟੀ ਵਿਚਾਲੇ ਅਰਗਾ ਨਦੀ ’ਤੇ ਪੁਲ ਦੀ ਉਸਾਰੀ ਕੀਤੀ ਜਾ ਰਹੀ ਸੀ। ਸ਼ਨਿਚਰਵਾਰ ਦੀ ਸ਼ਾਮ ਪਏ ਤੇਜ਼ ਮੀਂਹ ਤੋਂ ਬਾਅਦ ਨਦੀ ਦੇ ਪਾਣੀ ਦਾ ਪੱਧਰ ਵੱਧ ਗਿਆ। ਪਾਣੀ ਦੇ ਤੇਜ਼ ਵਹਾਅ ’ਚ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਰੁੜ੍ਹ ਗਿਆ।
ਇਕ ਥੰਮ੍ਹ ਵੀ ਟੇਢਾ ਹੋ ਗਿਆ ਹੈ। ਚਾਰ ਅਕਤੂਬਰ 2019 ਨੂੰ ਇਸ ਪੁਲ ਦੀ ਉਸਾਰੀ ਤੇ ਸੜਕ ਨੂੰ ਚੌੜਾ ਕਰਨ ਸਮੇਤ ਮੁੜਉਸਾਰੀ ਦਾ ਟੈਂਡਰ ਸੜਕ ਨਿਰਮਾਣ ਵਿਭਾਗ ਵੱਲੋਂ ਓਮ ਨਮੋ ਸ਼ਿਵਾਏ ਕੰਸਟਰੱਕਸ਼ਨ ਕੰਪਨੀ ਨੂੰ ਸੌਂਪਿਆ ਗਿਆ ਸੀ। ਇਸ ਕੰਮ ਨੂੰ ਡੇਢ ਸਾਲ ’ਚ ਪੂਰਾ ਕਰਨ ਲਿਆ ਜਾਣਾ ਸੀ ਪਰ ਹੁਣ ਤੱਕ ਪੰਜ ’ਚੋਂ ਸਿਰਫ ਦੋ ਸਪੈਨ ਦੀ ਉਸਾਰੀ ਹੀ ਕਰਵਾਈ ਜਾ ਸਕੀ ਹੈ। ਤੀਜੇ ਸਪੈਨ ਦਾ ਕੰਮ ਚੱਲ ਰਿਹਾ ਸੀ।
ਪੁਲ਼ ਡਿੱਗਣ ਦੀ ਘਟਨਾ ਝਾਮੁਮੋ ਗੱਠਜੋੜ ਸਰਕਾਰ ਦੇ ਕਾਰਜਕਾਲ ’ਚ ਜਾਰੀ ਭ੍ਰਿਸ਼ਟਾਚਾਰ ਦੀ ਕਹਾਣੀ ਬਿਆਨ ਕਰ ਰਹੀ ਹੈ। ਇਸਦੇ ਲਈ ਵਿਭਾਗੀ ਮੰਤਰੀ ਤੇ ਠੇਕੇਦਾਰ ਜ਼ਿੰਮੇਵਾਰ ਹਨ। ਸਾਰਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
-ਕੇਦਾਰ ਹਾਜ਼ਰਾ, ਵਿਧਾਇਕ, ਜਮੁਮਾ।
ਪੁਲ਼ ਦੀ ਉਸਾਰੀ ਕਰ ਰਹੀ ਕੰਪਨੀ ਪੁਲ਼ ਦੇ ਟੁੱਟੇ ਹਿੱਸੇ ਨੂੰ ਆਪਣੇ ਖ਼ਰਚੇ ’ਤੇ ਦੁਬਾਰਾ ਬਣਵਾਏਗੀ। ਮੀਂਹ ’ਚ ਕੰਮ ਕਰਵਾਇਆ ਜਾਣਾ ਸੰਭਵ ਨਹੀਂ ਹੈ। ਮੀਂਹ ਦਾ ਮੌਸਮ ਬੀਤਣ ਤੋਂ ਬਾਅਦ ਛੇ ਮਹੀਨਿਆਂ ’ਚ ਪੁਲ਼ ਦੀ ਉਸਾਰੀ ਕਰ ਕੇ ਆਵਾਜਾਈ ਬਹਾਲ ਕਰ ਦਿੱਤੀ ਜਾਵੇਗੀ।