26 ਜੂਨ (ਪੰਜਾਬੀ ਖ਼ਬਰਨਾਮਾ):ਪੰਜਾਬ ਸਰਕਾਰ ਵਲੋਂ ਪੰਚਾਇਤੀ ਜਮੀਨਾ ਤੇ ਹੋਏ ਕਬਜ਼ੇ ਨੂੰ ਲਗਾਤਾਰ ਛੁਡਵਾਇਆ ਜਾ ਰਿਹਾ ਹੈ, ਇਸ ਮੁਹਿੰਮ ਦੇ ਤਹਿਤ ਸ਼੍ਰ. ਲਾਲਜੀਤ ਸਿੰਘ ਭੁੱਲਰ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ, ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਹਰਪ੍ਰੀਤ ਸਿੰਘ ਸੂਦਨ, ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ, ਸ਼੍ਰੀ ਭਾਗੀਰਥ ਸਿੰਘ ਮੀਨਾ, ਸੀਨੀਅਰ ਕਪਤਾਨ ਪੁਲਿਸ, ਸ੍ਰੀ ਮੁਕਤਸਰ ਸਾਹਿਬ ਦੇ ਯਤਨਾਂ ਸਦਕਾ ਸ੍ਰੀ ਮੁਕਤਸਰ ਸਾਹਿਬ ਜਿ਼ਲ੍ਹੇ ਦੇ ਗਰਾਮ ਪੰਚਾਇਤ ਦਬੜਾ ਬਲਾਕ ਮਲੋਟ ਦੀ 4 ਏਕੜ 2 ਕਨਾਲ 10 ਮਰਲੇ ਸ਼ਾਮਲਾਤ ਜ਼ਮੀਨ ਜੋ ਕਿ ਪਿਛਲੇ ਲੰਬੇ ਸਮੇਂ ਤੋ ਨਜਾਇਜ਼ ਕਬਜਾ ਹੇਠ ਸੀ,ਨੂੰ ਜਿ਼ਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਦੇ ਸਹਿਯੋਗ ਨਾਲ ਛੁਡਵਾਇਆ ਗਿਆ।
ਇਹ ਜਾਣਕਾਰੀ ਦਿੰਦਿਆ ਸ਼੍ਰੀ ਸੁਰਿੰਦਰ ਸਿੰਘ ਢਿੱਲੋਂ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਮਲੋਟ ਬਲਾਕ ਦੇ ਪਿੰਡ ਦਬੜਾ ਦੀ ਸ਼ਾਮਲਾਤ ਜਮੀਨ ਤੇ ਲੰਬੇ ਸਮੇਂ ਤੋਂ ਨਜਾਇਜ ਕਬਜਾ ਕੀਤਾ ਹੋਇਆ ਸੀ, ਇਸ 4 ਏਕੜ 2 ਕਨਾਲ 10 ਮਰਲੇ ਸ਼ਾਮਲਾਤ ਜ਼ਮੀਨ ਦੀ ਕੀਮਤ 2 ਕਰੋੜ ਰੁਪਏ ਤੋਂ ਵੱਧ ਬਣਦੀ ਹੈ। ਇਹ ਕਬਜਾ ਛੁਡਵਾ ਕੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹਵਾਲੇ ਹੋ ਗਿਆ ਹੈ।
ਇਸ ਮੌਕੇ ਸ਼੍ਰੀ ਸੁਖਵਿੰਦਰ ਸਿੰਘ ਟਿਵਾਣਾ, ਬੀ.ਡੀ.ਪੀ.ਓ. ਮਲੋਟ ਅਤੇ ਸ਼੍ਰੀ ਗੁਰਵਿੰਦਰ ਸਿੰਘ ਵਿਰਕ ਨਾਇਬ ਤਹਿਸੀਲਦਾਰ ਸ੍ਰੀ ਮੁਕਤਸਰ ਸਾਹਿਬ ਵੀ ਮੌਜੂਦ ਸਨ।
