26 ਜੂਨ (ਪੰਜਾਬੀ ਖਬਰਨਾਮਾ): ਯੂਜੀਸੀ-ਨੈੱਟ ਸਮੇਤ ਕਈ ਦਾਖ਼ਲਾ ਪ੍ਰੀਖਿਆਵਾਂ ਦੇ ਅਚਾਨਕ ਰੱਦ ਜਾਂ ਮੁਲਤਵੀ ਹੋਣ ਤੋਂ ਪਰੇਸ਼ਾਨ ਵਿਦਿਆਰਥੀਆਂ ਲਈ ਰਾਹਤ ਭਰੀ ਖ਼ਬਰ ਹੈ। ਉਨ੍ਹਾਂ ਨੂੰ ਇਨ੍ਹਾਂ ਪ੍ਰੀਖਿਆਵਾਂ ਲਈ ਹੁਣ ਜ਼ਿਆਦਾ ਲੰਬਾ ਇੰਤਜ਼ਾਰ ਨਹੀਂ ਕਰਨਾ ਪਵੇਗਾ। ਇਨ੍ਹਾਂ ਪ੍ਰੀਖਿਆਵਾਂ ਨੂੰ ਜੁਲਾਈ-ਅਗਸਤ ਤੱਕ ਕਰਾਉਣ ਦੀ ਯੋਜਨਾ ’ਤੇ ਕੰਮ ਸ਼ੁਰੂ ਹੋ ਗਿਆ ਹੈ। ਫ਼ਿਲਹਾਲ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਦਾ ਅਗਲੇ 10 ਦਿਨਾਂ ਅੰਦਰ ਨਵਾਂ ਸ਼ਡਿਊਲ ਵੀ ਜਾਰੀ ਹੋ ਜਾਏਗਾ।
ਪ੍ਰੀਖਿਆਵਾਂ ਦੇ ਰੱਦ ਜਾਂ ਮੁਲਤਵੀ ਹੋਣ ਨਾਲ ਵਿਦਿਆਰਥੀਆਂ ’ਚ ਵੱਧ ਰਹੀ ਨਿਰਾਸ਼ਾ ਨੂੰ ਦੇਖਦੇ ਹੋਏ ਸਿੱਖਿਆ ਮੰਤਰਾਲੇ ਨੇ ਪ੍ਰੀਖਿਆ ਕਰਾਉਣ ਵਾਲੀ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਨੂੰ ਛੇਤੀ ਹੀ ਇਨ੍ਹਾਂ ਸਾਰੀਆਂ ਪ੍ਰੀਖਿਆਵਾਂ ਦੇ ਨਵੇਂ ਪ੍ਰੋਗਰਾਮ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਬਾਅਦ ਐੱਨਟੀਏ ਦੇ ਨਵੇਂ ਡਾਇਰੈਕਟਰ ਜਨਰਲ ਬਣੇ ਪ੍ਰਦੀਪ ਸਿੰਘ ਖਰੋਲਾ ਨੇ ਇਸ ’ਤੇ ਤਰਜੀਹ ਵਜੋਂ ਕੰਮ ਸ਼ੁਰੂ ਕੀਤਾ ਹੈ। ਸੂਤਰਾਂ ਮੁਤਾਬਕ, ਜਿਸ ਤਰ੍ਹਾਂ ਪ੍ਰੀਖਿਆ ਨਾਲ ਜੁੜੀਆਂ ਗੜਬੜੀਆਂ ਪਿੱਛੇ ਐੱਨਟੀਏ ’ਚ ਕੰਮ ਕਰਨ ਵਾਲੇ ਲੋਕਾਂ ਦੀ ਭੂਮਿਕਾ ’ਤੇ ਸਵਾਲ ਉੱਠ ਰਹੇ ਹਨ, ਉਸ ਨੂੰ ਦੇਖਦੇ ਹੋਏ ਇੱਥੇ ਕੰਮ ਕਰਨ ਵਾਲੀਆਂ ਏਜੰਸੀਆਂ ਤੇ ਮੁਲਾਜ਼ਮਾਂ ਦੀ ਨਵੇਂ ਸਿਰੇ ਤੋਂ ਜਾਣਕਾਰੀ ਵੀ ਇਕੱਠੀ ਕੀਤੀ ਜਾ ਰਹੀ ਹੈ। ਨਾਲ ਹੀ ਪ੍ਰੀਖਿਆਵਾਂ ’ਚ ਹੁਣ ਤੱਕ ਅਪਣਾਏ ਜਾਣ ਵਾਲੇ ਨਿਯਮਾਂ ਦੀ ਵੀ ਜਾਣਕਾਰੀ ਲਈ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ’ਚ ਹੋਣ ਵਾਲੀਆਂ ਪ੍ਰੀਖਿਆਵਾਂ ਨੂੰ ਨਵੇਂ ਸੁਰੱਖਿਆ ਨਿਯਮਾਂ ਨਾਲ ਕਰਾਇਆ ਜਾਏਗਾ।
ਸਿੱਖਿਆ ਮੰਤਰਾਲਾ ਇਨ੍ਹਾਂ ਪ੍ਰੀਖਿਆਵਾਂ ਨੂੰ ਛੇਤੀ ਕਰਾਉਣ ਲਈ ਇਸ ਲਈ ਵੀ ਜ਼ੋਰ ਦੇ ਰਿਹਾ ਹੈ ਕਿਉੰਕਿ ਜੇਕਰ ਇਨ੍ਹਾਂ ’ਚ ਜ਼ਿਆਦਾ ਦੇਰੀ ਹੋਈ ਤਾਂ ਫਿਰ ਨਵੇਂ ਸੈਸ਼ਨ ਦੇ ਸ਼ੁਰੂ ਹੋਣ ’ਚ ਦੇਰੀ ਹੋਵੇਗੀ। ਨਾਲ ਹੀ ਅਗਲੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਵੀ ਵਿਦਿਆਰਥੀਆਂ ਨੂੰ ਸਮਾਂ ਨਹੀਂ ਮਿਲ ਸਕੇਗਾ। ਜ਼ਿਕਰਯੋਗ ਹੈ ਕਿ ਹੁਣ ਤੱਕ ਜਿਹੜੀਆਂ ਅਹਿਮ ਪ੍ਰੀਖਿਆਵਾਂ ਰੱਦ ਜਾਂ ਮੁਲਤਵੀ ਹੋਈਆਂ ਹਨ, ਉਨ੍ਹਾਂ ’ਚ ਯੂਜੀਸੀ-ਨੈੱਟ, ਨਵੇਂ ਬੀਐੱਡ ਕੋਰਸਾਂ ’ਚ ਦਾਖਲੇ ਨਾਲ ਜੁੜੀ ਪ੍ਰੀਖਿਆ, ਯੂਜੀਸੀ-ਸੀਐੱਸਆਈਆਰ-ਨੈੱਟ ਆਦਿ ਸ਼ਾਮਲ ਹਨ। ਇਨ੍ਹਾਂ ’ਚੋਂ ਯੂਜੀਸੀ ਨੈੱਟ ਨੂੰ ਪੇਪਰ ਲੀਕ ਹੋਣ ਕਾਰਨ ਰੱਦ ਕੀਤਾ ਗਿਆ ਸੀ। ਸਿੱਖਿਆ ਮੰਤਰਾਲੇ ਨੇ ਇਸ ਦੀ ਜਾਂਚ ਸੀਬੀਆਈ ਨੂੰ ਸੌਂਪੀ ਹੈ। ਇਸ ਨੂੰ ਲੈ ਕੇ ਕੇਂਦਰੀ ਏਜੰਸੀ ਇਨ੍ਹੀਂ ਦਿਨੀਂ ਅਲੱਗ-ਅਲੱਗ ਟਿਕਾਣਿਆਂ ’ਤੇ ਛਾਪੇਮਾਰੀ ਵੀ ਕਰ ਰਹੀ ਹੈ।