26 ਜੂਨ (ਪੰਜਾਬੀ ਖਬਰਨਾਮਾ): ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਿਰਜਣਾ ਦਿਵਸ ਹੈ, ਜਿਸ ਮੌਕੇ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਰੇ ਸਿੱਖ ਜਗਤ ਨੂੰ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਐਕਸ ‘ਤੇ ਪੋਸਟ ਪਾ ਕੇ ਲਿਖਿਆ, “ਸਿੱਖ ਕੌਮ ਦੇ ਸਰਵ-ਉੱਚ-ਅਸਥਾਨ, ਭਗਤੀ ਅਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਿਰਜਣਾ ਦਿਵਸ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ… ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਖ਼ੁਦ ਸਿਰਜਣਾ ਕਰਕੇ ਇਸ ਨੂੰ ਸੁਤੰਤਰ ਤੇ ਧਾਰਮਿਕ ਮਸਲਿਆਂ ‘ਤੇ ਹਰ ਤਰ੍ਹਾਂ ਦੇ ਫ਼ੈਸਲੇ ਲੈਣ ਦੇ ਸਮਰੱਥ ਬਣਾਇਆ…”
ਆਓ ਜਾਣਦੇ ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਇਤਿਹਾਸ
ਸਿੱਖ ਧਰਮ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੀ ਉਸਾਰੀ ਇੱਕ ਸਿਧਾਂਤ ਅਤੇ ਇੱਕ ਸੰਕਲਪ ਦੇ ਰੂਪ ਵਿੱਚ ਹੋਈ ਹੈ। ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਤੇ ਬੈਠਣ ਵੇਲੇ ਪੁਰਾਤਨ ਰੀਤਾਂ ਦੀ ਥਾਂ ਤਲਵਾਰਾਂ ਧਾਰਨ ਕੀਤੀਆਂ ਸਨ। ਉਨ੍ਹਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਾਈਆਂ। ਗੁਰੂ ਜੀ ਨੇ ਜ਼ੁਲਮ ਅਤੇ ਰਾਜ ਦਾ ਟਾਕਰਾ ਕਰਨ ਲਈ ਸਿੱਖਾਂ ਨੂੰ ਸ਼ਸਤਰ ਵਿਦਿਆ ਦੇਣੀ ਆਰੰਭ ਕਰ ਦਿੱਤੀ।
ਸ਼ਬਦ ਦੇ ਨਾਲ-ਨਾਲ ਸ਼ਸਤਰ ਦੀ ਰੀਤ ਵੀ ਸਿੱਖੀ ਦਾ ਅੰਗ ਬਣ ਗਈ ਸੀ। ਗੁਰੂ ਜੀ ਨੇ ਸ਼ਸਤਰ ਸ਼ਕਤੀ ਇਕੱਤਰ ਕਰਨ ਦੇ ਨਾਲ ਨਾਲ ਗੁਰੂ ਘਰ ਵਿੱਚ ਹੀ ਨਿਆ ਪ੍ਰਣਾਲੀ ਕਾਇਮ ਕਰ ਦਿੱਤੀ ਸੀ। ਸਿੱਖਾਂ ਨੂੰ ਮੁਗਲ ਰਾਜ ਦੀ ਸਰਕਾਰ, ਅਹਿਲਕਾਰ ਅਤੇ ਅਦਾਲਤਾਂ ਤੋਂ ਸੱਚ ਹੱਕ ਦੀ ਕੋਈ ਆਸ ਬਾਕੀ ਨਹੀਂ ਸੀ। ਗੁਰੂ ਜੀ ਦੇ ਦਰਬਾਰ ਵਿੱਚ ਗੁਰਮਤਿ ਵਿਚਾਰਧਾਰਾ, ਸੰਗਤ ਦੀ ਆਵਾਜ਼, ਮਨੁੱਖਤਾ ਦੀ ਜਮੀਰ, ਧਰਮ ਨਿਆ ਦੇ ਅਨੁਸਾਰ ਸਿੱਖਾਂ ਦੇ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਮਸਲਿਆਂ ਬਾਰੇ ਫੈਸਲੇ ਹੋਣ ਲੱਗ ਗਏ।
ਇਸੇ ਤਰ੍ਹਾਂ ਗੁਰੂ ਸਾਹਿਬ ਨੇ ਦਿੱਲੀ ਦੇ ਤਖਤ ਦੇ ਮੁਕਾਬਲੇ ਹਰ ਪੱਖੋਂ ਉੱਚਾ ਸੁੱਚਾ ਤੇ ਸਦਾ ਕਾਇਮ ਰਹਿਣ ਵਾਲਾ ਅਕਾਲ ਦਾ ਤਖਤ ਸਿਰਜ ਕੇ ਦੁਨੀਆਂ ਅੰਦਰ ਇੱਕ ਅਜਬ ਅਤੇ ਵਿਲੱਖਣ ਕਾਰਜ ਕੀਤਾ। ਤਖਤ ਫਾਰਸੀ ਭਾਸ਼ਾ ਦਾ ਸ਼ਬਦ ਹੈ। ਜਿਸ ਦਾ ਅਰਥ ਹੈ ਬੈਠਣ ਦੀ ਚੌਂਕੀ ਜਾਂ ਰਾਜ ਸਿੰਘਾਸਨ। ਸਿੱਖ ਪਰੰਪਰਾ ਵਿੱਚ ਤਖਤ ਸੱਤਾ ਦੀ ਚੌਂਕੀ ਦਾ ਪ੍ਰਤੀਕ ਹੈ। ਜਿਸ ਵਿੱਚ ਰੂਹਾਨੀ ਅਤੇ ਦੁਨਿਆਵੀ ਪੱਖ ਦੋਵੇਂ ਸ਼ਾਮਿਲ ਹਨ। ਸਿੱਖ ਪੰਥ ਵਿੱਚ ਪੰਜ ਤਖਤਾਂ ਨੂੰ ਬਰਾਬਰ ਦਾ ਸਤਿਕਾਰ ਅਤੇ ਉੱਚਤਾ ਦਾ ਦਰਜਾ ਦਿੱਤਾ ਜਾਂਦਾ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਧੇਰੇ ਮਹੱਤਤਾ ਰੱਖਦਾ ਹੈ।
ਸ਼੍ਰੀ ਅਕਾਲ ਤਖਤ ਸਾਹਿਬ ਖਾਲਸਾ ਜੀ ਦੀ ਸ਼ਾਨ ਅਤੇ ਪ੍ਰਭੂ ਸੱਤਾ ਦਾ ਪ੍ਰਤੀਕ ਰਿਹਾ ਹੈ। ਸਮੁੱਚੀ ਸਿੱਖ ਕੌਮ ਨਾਲ ਜੁੜੇ ਮਸਲੇ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਹੀ ਵਿਚਾਰੇ ਜਾਂਦੇ ਹਨ। ਇਸ ਲਈ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਗੁਰਮੱਤਿਆ ਦੇ ਰੂਪ ਵਿੱਚ ਲਏ ਗਏ ਫੈਸਲੇ ਸਾਰੇ ਸਿੱਖ ਕੌਮ ਉੱਪਰ ਲਾਗੂ ਕੀਤੇ ਜਾਂਦੇ ਹਨ।
ਆਮ ਤੌਰ ਤੇ ਸਰਬੱਤ ਖਾਲਸੇ ਦਾ ਬੁਲਾਵਾ ਸ੍ਰੀ ਅਕਾਲ ਤਖਤ ਸਾਹਿਬ ਉਤੋਂ ਹੀ ਜਾਰੀ ਕੀਤਾ ਜਾਂਦਾ ਹੈ। ਬਾਕੀ ਦੇ ਚਾਰ ਤਖਤਾਂ ਉੱਪਰ ਸੰਬੰਧਿਤ ਇਲਾਕੇ ਦੇ ਸਿੱਖਾਂ ਨਾਲ ਜੁੜੇ ਮਸਲਿਆਂ ਉੱਪਰ ਹੀ ਵਿਚਾਰ ਕੀਤੀ ਜਾਂਦੀ ਹੈ ਅਤੇ ਫੈਸਲੇ ਲਏ ਜਾਂਦੇ ਹਨ। ਸ਼੍ਰੀ ਅਕਾਲ ਤਖਤ ਸਾਹਿਬ ਸਿੱਖ ਧਾਰਮਿਕ ਉੱਚਤਾ ਦਾ ਮੁੱਢਲਾ ਤਖਤ ਹੈ ਅਤੇ ਸਿੱਖ ਰਾਜਸੀ ਸ਼ਕਤੀ ਦਾ ਕੇਦਰੀ ਸਥਾਨ ਹੈ। ਪਹਿਲਾ ਤਖਤ ਜਿਸਨੂੰ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸੰਨ 1609 ਈਸਵੀ ਵਿੱਚ ਤਿਆਰ ਕਰਵਾਇਆ ਸੀ।
ਪਹਿਲਾ ਇਸਦਾ ਨਾਮ ਅਕਾਲ ਬੁੰਗਾ ਰੱਖਿਆ ਗਿਆ । ਇਸ ਤਖਤ ਦੇ ਦਰਸ਼ਨੀ ਡਿਉਢੀ ਵਾਲੇ ਪਾਸੇ ਗੁਰੂ ਹਰਿਗੋਬਿੰਦ ਸਾਹਿਬ ਸ਼ਾਮ ਵੇਲੇ ਆਪਣਾ ਸਿੰਘਾਸਨ ਲਗਾਉਂਦੇ ਅਤੇ ਖੁੱਲੇ ਮੈਦਾਨ ਵਿੱਚ ਕੁਸ਼ਤੀਆਂ ਅਤੇ ਹੋਰ ਖੇਡਾਂ ਕਰਵਾਉਂਦੇ ਅਤੇ ਨਾਲ ਸ਼ਸਤਰਾਂ ਦਾ ਅਭਿਆਸ ਵੀ ਕੀਤਾ ਜਾਂਦਾ। ਤਖਤ ਸਾਹਿਬ ਦੇ ਬਿਲਕੁਲ ਸਾਹਮਣੇ ਗੁਰੂ ਸਾਹਿਬ ਦੀਵਾਨ ਲਗਾਉਂਦੇ ਜਿਸ ਵਿੱਚ ਢਾਡੀ ਬੀਰ ਰਸੀ ਵਾਰਾਂ ਗਾ ਕੇ ਸੰਗਤਾਂ ਵਿੱਚ ਜੋਸ਼ ਅਤੇ ਉਸ਼ਾਹ ਪੈਦਾ ਕਰਦੇ।
ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਿੱਖ ਧਰਮ ਦਾ ਸੁਪਰੀਮ ਕੋਰਟ ਕਿਹਾ ਜਾਂਦਾ ਹੈ ਅਤੇ ਸਿੱਖੀ ਨਾਲ ਜੁੜੇ ਸਾਰੇ ਫੈਸਲੇ ਲਏ ਜਾਂਦੇ ਹਨ। ਇੱਥੇ ਜਿਸ ਦੀ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਸਲੇ ਦਾ ਹੱਲ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਜੇਕਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਤਾਂ ਉਸ ਨੂੰ ਸਜ਼ਾ ਦੇਣ ਦੀ ਥਾਂ ਉਸ ਦੀ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਪਿਆਰਿਆਂ ਵਲੋਂ ਸੇਵਾ ਲਾਈ ਜਾਂਦੀ ਹੈ।