25 ਜੂਨ (ਪੰਜਾਬੀ ਖ਼ਬਰਨਾਮਾ): ਰਾਜਧਾਨੀ ਦਿੱਲੀ ਦੇ ਪ੍ਰੇਮ ਨਗਰ ਇਲਾਕੇ ‘ਚ ਮੰਗਲਵਾਰ ਤੜਕੇ ਇਕ ਘਰ ‘ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਦਮ ਘੁੱਟਣ ਕਾਰਨ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪਤੀ-ਪਤਨੀ ਅਤੇ ਉਨ੍ਹਾਂ ਦੇ ਦੋ ਪੁੱਤਰ ਸ਼ਾਮਲ ਹਨ। ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਅੱਗ ਮੰਗਲਵਾਰ ਸਵੇਰੇ ਕਰੀਬ 3.30 ਵਜੇ ਲੱਗੀ।
ਜਾਣਕਾਰੀ ਅਨੁਸਾਰ ਪਹਿਲੀ ਮੰਜ਼ਿਲ ‘ਤੇ ਲੱਗੇ ਇਨਵਰਟਰ ਅਤੇ ਸੋਫੇ ‘ਚ ਅੱਗ ਲੱਗ ਗਈ, ਜਿਸ ਕਾਰਨ ਚਾਰ ਲੋਕ ਧੂੰਏਂ ‘ਚ ਫਸ ਗਏ ਅਤੇ ਦਿੱਲੀ ਫਾਇਰ ਸਰਵਿਸ ਦੀ ਟੀਮ ਨੇ ਉਨ੍ਹਾਂ ਨੂੰ ਮੌਕੇ ਤੋਂ ਬਾਹਰ ਕੱਢ ਕੇ ਪੀ.ਸੀ.ਆਰ. ਰਾਹੀਂ ਹਸਪਤਾਲ ਪਹੁੰਚਾਇਆ। ਆਰਟੀਆਰ ਹਸਪਤਾਲ ਵਿੱਚ ਡਿਊਟੀ ’ਤੇ ਮੌਜੂਦ ਸੀਐਮਓ ਡਾਕਟਰ ਚੰਦਨ ਨੇ ਚਾਰ ਲੋਕਾਂ ਨੂੰ ਮ੍ਰਿਤਕ ਐਲਾਨ ਦਿੱਤਾ। ਅੱਗ ਕਿਸ ਕਾਰਨ ਲੱਗੀ ਅਜੇ ਪਤਾ ਨਹੀਂ ਲੱਗ ਸਕਿਆ ਹੈ।