24 ਜੂਨ (ਪੰਜਾਬੀ ਖਬਰਨਾਮਾ):ਦਫ਼ਤਰ ਵਿਚ ਘੰਟਿਆਂ ਤੱਕ ਕੁਰਸੀ ’ਤੇ ਬੈਠੇ ਰਹਿਣ ਤੇ ਹੋਰ ਕਾਰਨਾਂ ਨਾਲ ਕਮਰ ਦਰਦ ਹੋਣੀ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਵੱਡੀ ਗਿਣਤੀ ਵਿਚ ਲੋਕ ਇਸ ਬਾਰੇ ਸ਼ਿਕਾਇਤ ਕਰਦੇ ਨਜ਼ਰ ਆਉਂਦੇ ਹਨ। ਦਰਦ ਠੀਕ ਨਾ ਹੋਵੇ ਤਾਂ ਪੀੜਤ ਆਪਣੀ ਫਿਜ਼ੀਓਥੈਰਪੀ ਵੀ ਕਰਵਾਉਂਦੇ ਹਨ ਜੋ ਕਿ ਸਾਰਿਆਂ ਦੀ ਪਹੁੰਚ ਵਿਚ ਨਹੀਂ ਹੁੰਦੀ ਤੇ ਖ਼ਰਚਾ ਵੀ ਕਾਫ਼ੀ ਆ ਜਾਂਦਾ ਹੈ। ਇਕ ਖੋਜ ਵਿਚ ਹੁਣ ਸਾਹਮਣੇ ਆਇਆ ਹੈ ਕਿ ਕਮਰ ਦਰਦ ਤੋਂ ਛੁਟਕਾਰਾ ਚਾਹੀਦਾ ਹੋਵੇ ਤਾਂ ਹਰ ਰੋਜ਼ ਟਹਿਲਕਦਮੀ ਕਰਨੀ ਚਾਹੀਦੀ ਹੈ। ਇਹ ਬਹੁਤ ਫ਼ਾਇਦਾ ਪਹੁੰਚਾਉਣ ਵਾਲਾ ਕਾਰਜ ਹੁੰਦਾ ਹੈ ਤੇ ਇਸ ਦਾ ਅਸਰ ਲੰਬੇ ਸਮੇਂ ਤੱਕ ਹੁੰਦਾ ਹੈ। ਇਸ ਸਬੰਧ ਵਿਚ ਖੋਜ ‘ਦਿ ਲੈਸੇਂਟ ਜਰਨਲ’ ਵਿਚ ਪ੍ਰਕਾਸ਼ਤ ਕੀਤਾ ਗਿਆ ਹੈ। ਹਾਲਾਂਕਿ ਖੋਜ ਕਰਨ ਵਾਲੇ ਇਹ ਨਹੀਂ ਜਾਣ ਸਕੇ ਕਿ ਕਮਰ ਦਰਦ ਹੋਵੇ ਤਾਂ ਟਹਿਲਣਾ ਫ਼ਾਇਦਾ ਕਿਵੇਂ ਪਹੁੰਚਾਉਂਦਾ ਹੈ।
ਖੋਜੀਆਂ ਨੇ ਇਸ ਦੇ ਲਈ 700 ਲੋਕਾਂ ਦੀ ਜਾਂਚ ਕੀਤੀ ਜੋ ਕਿ ਕਮਰ ਦਰਦ ਦੀ ਸਮੱਸਿਆ ਤੋਂ ਪੀੜਤ ਸਨ। ਸਾਰਿਆਂ ਨੂੰ ਤਿੰਨ ਗਰੁੱਪਾਂ ਵਿਚ ਵੰਡ ਕੇ ਟਹਿਲਣ ਦੇ ਫ਼ਾਇਦੇ ਦੱਸਣ ਦੀ ਕੋਸ਼ਿਸ਼ ਕੀਤੀ ਗਈ। ਪਹਿਲੇ ਗਰੁੱਪ ਨੂੰ ਹਰ ਰੋਜ਼ ਟਹਿਲਣ ਲਈ ਕਿਹਾ ਗਿਆ। ਦੂਸਰੇ ਨੂੰ ਫਿਜ਼ੀਓਥੈਰਪੀ ਦਿੱਤੀ ਗਈ। ਹੋਰਨਾਂ ਨੂੰ ਕੋਈ ਇਲਾਜ ਨਹੀਂ ਦਿੱਤਾ ਗਿਆ। ਆਸਟ੍ਰੇਲੀਆ ਦੀ ਮੈਕਵੇਰੀ ਯੂਨੀਵਰਿਸਟੀ ਦੇ ਖੋਜ ਕਰਤਾਵਾਂ ਨੇ ਪਾਇਆ ਕਿ ਜੋ ਲੋਕ ਆਮ ਤੌਰ ’ਤੇ ਟਹਿਲ ਰਹੇ ਸਨ, ਉਨ੍ਹਾਂ ਨੂੰ ਸਭ ਤੋਂ ਵੱਧ ਲਾਭ ਪੁੱਜਾ ਹੈ। ਨਾਲ ਹੀ ਠੀਕ ਹੋਣ ਤੋਂ ਬਾਅਦ ਲੰਬੇ ਸਮੇਂ ਤੱਕ ਕਮਰ ਦਰਦ ਦੀ ਪਰੇਸ਼ਾਨੀ ਨਹੀਂ ਦੇਖੀ ਗਈ। ਪ੍ਰੋਫੈਸਰ ਮਾਰਕ ਹੈਨਕਾਕ ਨੇ ਕਿਹਾ ਕਿ ਟਹਿਲਣਾ ਸਭ ਤੋਂ ਆਸਾਨ ਹੁੰਦਾ ਹੈ। ਇਹ ਕੋਈ ਵੀ ਸ਼ਖ਼ਸ ਕਦੇ ਵੀ ਕਰ ਸਕਦਾ ਹੁੰਦਾ ਹੈ। ਇਸ ਲਈ ਕਮਰ ਦਰਦ ਤੋਂ ਪੀੜਤ ਵੱਡੇ ਗਰੁੱਪ ਇਸ ਨੂੰ ਆਸਾਨੀ ਨਾਲ ਕਰ ਸਕਦੇ ਹੁੰਦੇ ਹਨ। ਉਥੇ ਫਿਜ਼ੀਓਥੈਰਪੀ ਵਿਚ ਮਾਹਿਰਾਂ ਦੀ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ। ਨਾਲ ਹੀ ਇਹ ਸਾਰਿਆਂ ਲਈ ਉਪਬਲਧ ਨਹੀਂ ਹੁੰਦੀ।