12 ਜੂਨ (ਪੰਜਾਬੀ ਖਬਰਨਾਮਾ): ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਗਾਇਕ ਫਿਰੋਜ਼ ਖਾਨ, ਜੋ ਅਪਣਾ ਨਵਾਂ ਗਾਣਾ ‘ਪਾਗਲ’ ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਆਵਾਜ਼ ਵਿੱਚ ਸਜਿਆ ਇਹ ਟਰੈਕ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
ਸਦਾ ਬਹਾਰ ਸੰਗੀਤ ਅਧੀਨ ਸਿਰਜੇ ਗਏ ਇਸ ਗਾਣੇ ਦੀ ਬੋਲ ਰਚਨਾ ਸ਼ਾਹ ਅਲੀ ਵੱਲੋਂ ਰਚੀ ਗਈ ਹੈ, ਜਦਕਿ ਇਸ ਦਾ ਮਿਊਜ਼ਿਕ ਅਪੂ ਬੀਟਸ ਦੁਆਰਾ ਤਿਆਰ ਕੀਤਾ ਗਿਆ ਹੈ। ਵੇਵ ਯੂਟਿਊਬ ਚੈਨਲ ‘ਤੇ ਜਾਰੀ ਹੋਣ ਜਾ ਰਹੇ ਇਸ ਗਾਣੇ ਦੀ ਥੀਮ ਸੰਬੰਧਤ ਜਾਣਕਾਰੀ ਸਾਂਝੀ ਕਰਦਿਆਂ ਗਾਇਕ ਫਿਰੋਜ਼ ਖਾਨ ਨੇ ਦੱਸਿਆ ‘ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਗਾਣੇ ਨੂੰ ਭਾਵਪੂਰਨ ਸ਼ਬਦਾਂ ਅਤੇ ਮਨਮੋਹਕ ਸੰਗੀਤ ਅਧੀਨ ਬੁਣਿਆ ਗਿਆ ਹੈ, ਜਿਸ ਵਿੱਚ ਵਿਛੋੜਿਆ ਦੀ ਟੀਸ ਨੂੰ ਦਿਲ-ਟੁੰਬਵੇਂ ਅੰਦਾਜ਼ ਵਿੱਚ ਬਿਆਨ ਕੀਤਾ ਗਿਆ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਆਪਣੇ ਗੀਤ ‘ਤੇਰਾ ਪਿਆਰ’ ਨਾਲ ਵੀ ਚਰਚਾ ਦਾ ਅਥਾਹ ਕੇਂਦਰ ਬਿੰਦੂ ਬਣੇ ਰਹੇ ਹਨ ਗਾਇਕ ਫਿਰੋਜ਼ ਖਾਨ, ਜਿੰਨ੍ਹਾਂ ਦੀ ਸੰਗੀਤ ਸਮਰਾਟ ਜਨਾਬ ਚਰਨਜੀਤ ਆਹੂਜਾ ਨਾਲ ਲੰਮੇਂ ਸਮੇਂ ਬਾਅਦ ਕੀਤੀ ਸੰਗੀਤਕ ਕਲੋਬਰੇਸ਼ਨ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।
ਆਸਟ੍ਰੇਲੀਆ ਸੰਸਦ ਵਿੱਚ ਮਿਲੇ ਮਾਣਮੱਤੇ ਸਨਮਾਨ ਬਾਅਦ ਹੋਰ ਉਤਸ਼ਾਹ ਨਾਲ ਗਾਇਕੀ ਕਰੀਅਰ ਨੂੰ ਅੰਜ਼ਾਮ ਦੇਣ ਵਿੱਚ ਜੁੱਟ ਚੁੱਕੇ ਹਨ ਇਹ ਹੋਣਹਾਰ ਗਾਇਕ, ਜਿੰਨ੍ਹਾਂ ਦੀ ਇਸ ਪੱਖੋਂ ਵੀ ਪ੍ਰਸ਼ੰਸਾ ਕੀਤੀ ਜਾਣੀ ਬਣਦੀ ਹੈ ਕਿ ਉਨ੍ਹਾਂ ਅਪਣੇ ਹੁਣ ਤੱਕ ਦੇ ਗਾਇਕੀ ਕਰੀਅਰ ਦੌਰਾਨ ਚੁਣਿੰਦਾ ਅਤੇ ਮਿਆਰੀ ਗੀਤ ਗਾਇਨ ਨੂੰ ਤਰਜੀਹ ਦਿੱਤੀ ਗਈ ਹੈ ਅਤੇ ਇਹੀ ਕਾਰਨ ਹੈ ਕਿ ਉਨ੍ਹਾਂ ਦੇ ਸਾਹਮਣੇ ਆਏ ਹਰ ਗੀਤ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ।